ਸ਼ੁੱਭ ਸੰਕੇਤ : ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨ ਦੇ ਟੈਸਟ ਹੈਰਾਨੀਜਨਕ

Organic Farming

ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨਾਂ ਦੇ ਫੇਫੜਿਆਂ ਨੂੰ ਨਹੀਂ ਹੋਇਆ ਨੁਕਸਾਨ | Organic Farming

  • ਫ਼ਸਲਾਂ ’ਤੇ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ ਫੇਫੜਿਆਂ ਦੇ ਕੈਂਸਰ ਦਾ ਕਾਰਨ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕਿਸਾਨਾਂ ਵੱਲੋਂ ਫ਼ਸਲਾਂ ਵਿਚ ਵਰਤੇ ਜਾਂਦੇ ਪੈਸਟੀਸਾਈਡ ਤੇ ਇਨਸੈਕਟੀਸਾਈਡ ਸਿਰਫ਼ ਕਿਸਾਨਾਂ ਦੇ ਹੀ ਨਹੀਂ ਸਗੋਂ ਆਮ ਜਨਤਾ ਦੇ ਫੇਫੜਿਆਂ ਦੇ ਕੈਂਸਰ ਦਾ ਕਾਰਨ ਬਣ ਰਹੇ ਹਨ, ਜਦੋਂ ਕਿ ਆਰਗੈਨਿਕ ਤਰੀਕੇ ਨਾਲ ਕੀਤੀ ਜਾ ਰਹੀ ਖੇਤੀ ਕਿਸਾਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਰਹੀ। ਇਹ ਖ਼ਤਰਨਾਕ ਨਤੀਜੇ ਡਾ. ਇਕਬਾਲ ਸਿੰਘ ਦੀ ਖੋਜ ਵਿਚੋਂ ਸਾਹਮਣੇ ਆਏ ਹਨ ਅਤੇ ਉਨ੍ਹਾਂ ਵੱਲੋਂ ਕੀਤੀ ਗਈ ਇਸ ਖੋਜ ਨੂੰ ਭਾਰਤ ਸਰਕਾਰ ਦੀ ਸੰਸਥਾ ਇੰਸਟੀਚਿਊਟ ਆਫ਼ ਸਕਾਲਰ ਨੇ ਮਾਨਤਾ ਦਿੰਦਿਆਂ ‘ਰਿਸਰਚ ਐਕਸੀਲੈਂਸ ਐਵਾਰਡ-2023’ ਨਾਲ ਸਨਮਾਨਿਤ ਕੀਤਾ ਗਿਆ ਹੈ ਅਤੇ ਪੰਜਾਬ ਜੋਨ ਦਾ ਖੋਜ ਕਰਨ ਵਾਲਾ ਜੀਵਨ ਭਰ ਲਈ ਮੈਂਬਰ ਵੀ ਬਣਾ ਦਿੱਤਾ ਹੈ।

ਡਾ. ਇਕਬਾਲ ਦੀ ਖੋਜ ਨੂੰ ਮਿਲਿਆ ਭਾਰਤ ਸਰਕਾਰ ਦੀ ਇੰਸਟੀਚਿਊਟ ਆਫ਼ ਸਕਾਲਰ ਦਾ ਰਿਸਰਚ ਐਕਸੀਲੈਂਸ ਐਵਾਰਡ | Organic Farming

ਜਾਣਕਾਰੀ ਅਨੁਸਾਰ ਡਾ. ਇਕਬਾਲ ਸਿੰਘ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਚ ਫਿਜਾਲੌਜੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਖੋਜ ਦਾ ਕੇਂਦਰ ਪਟਿਆਲਾ ਦੇ ਚੌਗਿਰਦੇ ਦੇ ਆਲੇ-ਦੁਆਲੇ ਪਿੰਡਾਂ ਨੂੰ ਬਣਾਇਆ ਹੈ। ਇਸ ਵਿੱਚ ਦੋ ਤਰ੍ਹਾਂ ਦੇ ਕਿਸਾਨ ਸ਼ਾਮਲ ਕੀਤੇ ਹਨ,ਇਕ ਉਹ ਕਿਸਾਨ ਹਨ ਜੋ ਆਰਗੈਨਿਕ ਤਰੀਕੇ ਨਾਲ ਖੇਤੀ ਕਰਦੇ ਹਨ ਤੇ ਦੂਜੇ ਉਹ ਕਿਸਾਨ ਹਨ, ਜੋ ਫ਼ਸਲਾਂ ਵਿਚ ਜ਼ਹਿਰੀਲੀਆਂ ਦਵਾਈਆਂ ਵਰਤ ਕੇ ਖੇਤੀ ਕਰਦੇ ਹਨ।

ਡਾਕਟਰ ਨੇ ਟੈਸਟਾਂ ਤੋਂ ਬਾਅਦ ਕੀਤੇ ਕਈ ਦਾਅਵੇ | Organic Farming

ਡਾ. ਇਕਬਾਲ ਨੇ ਕਿਸਾਨਾਂ ਦੇ ਟੈੱਸਟ ਕੀਤੇ, ਜਿਸ ਵਿਚ ਇਹ ਸਾਹਮਣੇ ਆਇਆ ਕਿ ਆਰਗੈਨਿਕ ਤਰੀਕੇ ਨਾਲ ਖੇਤੀ ਕਰਨ ਵਾਲੇ ਕਿਸਾਨਾਂ ਦੇ ਫੇਫੜਿਆਂ ਨੂੰ ਕੋਈ ਨੁਕਸਾਨ ਨਹੀਂ ਸੀ ਪਰ ਜ਼ਹਿਰੀ ਦਵਾਈਆਂ ਵਰਤ ਕੇ ਖੇਤੀ ਕਰਨ ਵਾਲੇ 90 ਫ਼ੀਸਦੀ ਕਿਸਾਨਾਂ ਦੇ ਫੇਫੜੇ ਖ਼ਰਾਬ ਸਪੱਸ਼ਟ ਹੋਏ। ਉਨ੍ਹਾਂ ਵਿਚ ਬਲਗ਼ਮ, ਖਾਂਸੀ ਤੇ ਫੇਫੜਿਆਂ ਦੀਆਂ ਕਈ ਬਿਮਾਰੀਆਂ ਵੀ ਪਾਈਆਂ ਗਈਆਂ। ਇਸ ਵਿੱਚ ਇਹ ਵੀ ਸਪੱਸ਼ਟ ਹੋਇਆ ਕਿ ਫੇਫੜਿਆਂ ਦੀ ਇਨਫੈਕਸ਼ਨ ਕੈਂਸਰ ਦਾ ਕਾਰਨ ਬਣ ਰਹੀ ਹੈ। ਡਾ. ਇਕਬਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਪਾਇਆ ਕਿ ਕਿਸਾਨ ਆਮ ਤੌਰ ’ਤੇ ਸਲਫ਼ਰ, ਇੰਡੋਸਲਫਾਨ, ਮੋਨੋਸਿਲ, ਮੈਕਨੋਜੇਬ ਆਦਿ 234 ਦਵਾਈਆਂ ਵਰਤ ਰਹੇ ਹਨ।

ਇਹ ਵੀ ਪੜ੍ਹੋ : ਦੋ ਪਾਕਿਸਤਾਨੀ ਨਾਗਰਿਕ ਪੰਜਾਬ ਹੱਦ ਅੰਦਰ ਕਾਬੂ, ਇਤਰਾਜਯੋਗ ਵਰਤੂ ਨਾ ਮਿਲਣ ’ਤੇ ਪਾਕਿਸਤਾਨੀ ਰੇਂਜਰਾਂ ਨੂੰ ਸੌਂਪੇ

ਜਦੋਂ ਵੀ ਕਿਸਾਨ ਇਹ ਦਵਾਈਆਂ ਵਰਤਦੇ ਹਨ ਤਾਂ ਹਵਾ ਰਾਹੀਂ ਕਿਸਾਨਾਂ ਦੇ ਫੇਫੜਿਆਂ ਵਿਚ ਉਸ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਆਰਗੈਨਿਕ ਤਰੀਕੇ ਨਾਲ ਖੇਤੀ ਕਰਨ ਵਾਲੇ ਕਿਸਾਨਾਂ ਦੇ ਫੇਫੜੇ ਸੁਰੱਖਿਅਤ ਸਪੱਸ਼ਟ ਹੋਏ। ਉਨ੍ਹਾਂ ਸਲਾਹ ਦਿੱਤੀ ਕਿ ਆਰਗੈਨਿਕ ਖੇਤੀ ਕਰਨ ਵਿਚ ਕਿਸਾਨ ਨਿੰਮ੍ਹ ਨਾਲ ਬਣੀ ‘ਓਜ਼ੋਨੀਮ ਤਿ੍ਰਸ਼ੂਲ’ ਨਾਂਅ ਦੀ ਦਵਾਈ ਵਰਤ ਸਕਦੇ ਹਨ, ਜਿਸ ਦਾ ਇਨਸਾਨੀ ਸਰੀਰ ਤੇ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ ਪਰ ਫ਼ਸਲ ’ਤੇ ਇਸ ਦਾ ਕਾਫ਼ੀ ਗਹਿਰਾ ਪ੍ਰਭਾਵ ਆਉਦਾ ਹੈ। ਉਨ੍ਹਾਂ ਕਿਹਾ ਕਿ ਜ਼ਹਿਰੀਲੀ ਦਵਾਈਆਂ ਨਾਲ ਆਮ ਲੋਕਾਂ ਦੇ ਫੇਫੜੇ ਵੀ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ ਜ਼ਮੀਨ ਤੇ ਵੀ ਮਾੜਾ ਪ੍ਰਭਾਵ ਪਾਉਦੀ ਹੈ, ਜਿਸ ਦਾ ਪੂਰਾ ਡਾਟਾ ਜਿਓਜੌਲੀ ਵਿਭਾਗ ਵਾਲਾ ਮਾਹਿਰ ਪਤਾ ਕਰ ਸਕਦੇ ਹਨ।

Organic-Agriclture-2
ਡਾ. ਇਕਬਾਲ ਸਿੰਘ ਆਪਣਾ ਸਨਮਾਨ ਦਿਖਾਉਂਦੇ ਹੋਏ।

ਕਿਸਾਨਾਂ ਦਾ ਖੂਨ ਨਿਯਮਿਤ ਰੂਪ ’ਚ ਚੈੱਕ ਹੋਣਾ ਚਾਹੀਦਾ: ਡਾ. ਇਕਬਾਲ ਸਿੰਘ

ਡਾ. ਇਕਬਾਲ ਸਿੰਘ ਨੇ ਦੱਸਿਆ ਕਿ ਮਨੁੱਖ ਅੰਦਰ ਕੈਂਸਰ ਦਾ ਜ਼ਿਆਦਾ ਕਾਰਨ ਇਹ ਜ਼ਹਿਰੀਲੀ ਦਵਾਈਆਂ ਹੀ ਬਣ ਰਹੀਆਂ ਹਨ, ਕਿਉਂਕਿ ਇਹ ਚੀਜ਼ਾਂ ਹੀ ਸਾਡੇ ਖਾਣ-ਪੀਣ ਦਾ ਹਿੱਸਾ ਬਣੀਆਂ ਹੋਈਆਂ ਹਨ। ਉਨ੍ਹਾਂ ਸਲਾਹ ਦਿੱਤੀ ਕਿ ਕਿਸਾਨਾਂ ਦਾ ਖ਼ੂਨ ਨਿਯਮਤ ਰੂਪ ਵਿਚ ਚੈੱਕ ਹੁੰਦਾ ਰਹੇ। ਕਿਸਾਨਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਤੇ ਕਿਸਾਨਾਂ ਨੂੰ ਦਵਾਈ ਛਿੜਕਾ ਵਾਲੇ ਖੇਤ ’ਚ ਲਿਖ ਕੇ ਤਖ਼ਤੀ ਲਾਉਣੀ ਚਾਹੀਦੀ ਹੈ ਤਾਂ ਕਿ ਆਮ ਲੋਕ ਉਸ ਪਾਸੇ ਜਾਣ ਲੱਗਿਆਂ ਬਚਾਅ ਰੱਖ ਸਕਣ ਅਤੇ ਸਰਕਾਰ ਵੱਲੋਂ ਕਿਸਾਨਾਂ ਨੂੰ ਆਰਗੈਨਿਕ ਖੇਤੀ ਵੱਲ ਪ੍ਰੇਰਿਤ ਕੀਤਾ ਜਾਵੇ ਤਾਂ ਕਿ ਭਿਆਨਕ ਬਿਮਾਰੀਆਂ ਤੋਂ ਬਚਾਅ ਹੋ ਸਕੇ।