ਮੋਗਾ (ਵਿੱਕੀ ਕੁਮਾਰ)। ਪੰਜਾਬ ਦੇ ਜ਼ਿਲ੍ਹਾ ਮੋਗਾ ’ਚ ਇੱਕ ਵਾਰ ਫਿਰ ਉਸ ਵੇਲੇ ਮੌਤ ਦੇ ਸੱਥਰ ਵਿੱਛ ਗਏ, ਜਦੋਂ ਦਰਦਨਾਕ ਹਾਦਸੇ ਦੌਰਾਨ 5 ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਪਿੰਡ ਕੜਾਹੇਵਾਲਾ ਦੇ ਕੋਲ ਵਾਪਰਿਆ ਹੈ। ਇੱਥੇ ਵਰਨਾ ਗੱਡੀ ਤੇ ਟਰੱਕ ਦੀ ਹੋਈ ਜ਼ਬਰਦਸਤ ਟੱਕਰ ਦੌਰਾਨ ਹਾਦਸਾ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਸਵਾਰ 5 ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਰਨ ਵਾਲਿਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਵੀ ਮੋਗਾ ਦੇ ਅਜੀਤਵਾਲ ਨੇੜੇ ਦਰਦਨਾਕ ਹਾਦਸਾ ਵਾਪਰਿਆ ਸੀ, ਜਿਸ ਦੌਰਾਨ ਬਰਾਤ ਲਿਜਾ ਰਹੇ ਲਾੜੇ ਸਣੇ 4 ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਮ੍ਰਿਤਕਾਂ ਦੇ ਸਿਵੇ ਵੀ ਅਜੇ ਠੰਡੇ ਨਹੀਂ ਹੋਏ ਸਨ ਕਿ ਮੋਗਾ ’ਚ ਅੱਜ ਤੜਕਸਾਰ ਫਿਰ ਭਿਆਨਕ ਸੜਕ ਹਾਦਸਾ ਵਾਪਰ ਗਿਆ। (Road Accident)
