ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਦਸਵਾਂ ‘ਪੁਸਤਕ ਮੇਲਾ ਅਤੇ ਸਾਹਿਤ ਉਤਸਵ’ ਪੂਰੇ ਜਾਹੋ-ਜਲਾਲ ਨਾਲ ਆਰੰਭ

Book Fair
ਪਟਿਆਲਾ:  ਪੁਸਤਕ ਸਟਾਲਾਂ ’ਤੇ ਪੁਸਤਕਾਂ ਦੇਖਦੇ ਕੈਬਨਿਟ ਮੰਤਰੀ ਤੇ ਹੋਰ।

ਪੰਜਾਬ ਦੇ ਜ਼ਖ਼ਮੀ ਮਨ ਉੱਪਰ ਮਲ੍ਹਮ ਲਾਉਣ ਵਾਲੇ ਸ਼ਬਦ ਹੀ ਹਨ : ਸੁਰਜੀਤ ਪਾਤਰ

  • ਮਨੁੱਖ ਲਈ ਵਰਚੂਅਲ ਵਿਹੜੇ ’ਚੋਂ ਨਿਕਲ ਕੇ ਐਕਚੂਅਲ ਵਿਹੜੇ ਵਿੱਚ ਉਤਸਵ ਮਨਾਉਣੇ ਬੇਹੱਦ ਜਰੂਰੀ ਹਨ : ਸੁਰਜੀਤ ਪਾਤਰ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਦਸਵਾਂ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਅੱਜ ਯੂਨੀਵਰਸਿਟੀ ਦੇ ਵਿਹੜੇ ’ਚ ਵੱਡੀ ਗਿਣਤੀ ਵਿੱਚ ਹੁੰਮ-ਹੁੰਮਾ ਕੇ ਪੁੱਜੇ ਪਾਠਕਾਂ ਪੁਸਤਕ-ਪ੍ਰੇਮੀਆਂ, ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਦੇ ਵਿਦਿਆਰਥੀਆਂ, ਖੋਜਾਰਥੀਆਂ ਅਤੇ ਵਿਦਵਾਨਾਂ ਦੀ ਭਰਵੀਂ ਸ਼ਮੂਲੀਅਤ ਨਾਲ ਸ਼ੁਰੂ ਹੋ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਪ੍ਰੋਫੈਸਰ ਨਵਜੋਤ ਕੌਰ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ। Book Fair

ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਗੁਰਮੁਖ ਸਿੰਘ ਨੇ ਦਸਵੇਂ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਦੀ ਰੂਪ-ਰੇਖਾ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਸ ਮੇਲੇ ਵਿੱਚ ਸੌ ਤੋਂ ਵੱਧ ਪ੍ਰਕਾਸ਼ਕ ਭਾਗ ਲੈ ਰਹੇ ਹਨ। ਇਸ ਦੇ ਨਾਲ ਹੀ ਪੰਜ ਦਿਨ ਵਿੱਚ ਸਮਾਂਤਰ ਰੂਪ ਵਿੱਚ ਚੱਲਣ ਵਾਲੇ ਵੱਖ-ਵੱਖ ਅਕਾਦਮਿਕ ਸ਼ੈਸਨਾਂ ਅਤੇ ਇਨ੍ਹਾਂ ਵਿੱਚ ਭਾਗ ਲੈਣ ਵਾਲੇ ਵੱਖ-ਵੱਖ ਵਿਦਵਾਨਾਂ ਬਾਰੇ ਵੀ ਦੱਸਿਆ। Book Fair

ਪੁਸਤਕ ਸੱਭਿਆਚਾਰ ਸਾਡੇ ਜੀਵਨ ਦਾ ਅਭਿੰਨ ਅੰਗ ਹੋਣਾ ਚਾਹੀਦਾ ਹੈ :  ਖੁੱਡੀਆ

ਮੇਲੇ ਦਾ ਉਦਘਾਟਨ ਗੁਰਮੀਤ ਸਿੰਘ ਖੁੱਡੀਆਂ, ਖੇਤੀਬਾੜੀ ਮੰਤਰੀ, ਪੰਜਾਬ ਸਰਕਾਰ ਨੇ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਚੰਗੇ ਸ਼ਬਦਾਂ ਦੇ ਉਚਾਰਨ ਮੌਕੇ ਭੀੜ ਵੀ ਇਕੱਠੀ ਹੋ ਜਾਂਦੀ ਹੈ। ਅਸੀਂ ਕਿੰਨੇ ਵੀ ਸਿਆਣੇ ਹੋ ਜਾਈਏ ਜੇਕਰ ਅਸੀਂ ਆਪਣੇ ਸਾਹਿਤ ਜਾਂ ਭਾਸ਼ਾ ਨੂੰ ਭੁੱਲ ਜਾਈਏ ਤਾਂ ਸਾਡੀ ਸਿਆਣਪ ਕਿਸੇ ਕੰਮ ਦੀ ਨਹੀਂ। ਪੁਸਤਕ ਸੱਭਿਆਚਾਰ ਸਾਡੇ ਜੀਵਨ ਦਾ ਅਭਿੰਨ ਅੰਗ ਹੋਣਾ ਚਾਹੀਦਾ। ਸਾਨੂੰ ਸਾਡੇ ਕਰਤੱਵ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਖੇ ‘ਕਿਸਾਨ ਚੇਅਰ’ ਸਥਾਪਿਤ ਕਰਨ ਸੰਬੰਧੀ ਲੋੜੀਂਦੇ ਯਤਨ ਕਰਨ ਲਈ ਵੀ ਕਿਹਾ। ਇਸ ਮੌਕੇ ਉਨ੍ਹਾਂ ਨੇ ਆਪਣੇ ਅਖਤਿਆਰੀ ਕੋਟੇ ਵਿਚੋਂ ਤਿੰਨ ਲੱਖ ਰੁਪਏ ਇਸ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਲਈ ਯੂਨੀਵਰਸਿਟੀ ਨੂੰ ਦੇਣ ਦਾ ਐਲਾਨ ਕੀਤਾ। Book Fair

ਮੁੱਖ ਭਾਸ਼ਣ ਡਾ. ਧਨਵੰਤ ਕੌਰ ਪ੍ਰਸਿੱਧ ਆਲੋਚਕ ਅਤੇ ਚਿੰਤਕ ਦੁਆਰਾ ਦਿੱਤਾ ਗਿਆ। ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਅਤੇ ਮਾਨਵੀ ਚੇਤਨਾ ਦੇ ਵਿਕਾਸ ਸੰਬੰਧੀ ਹਮੇਸ਼ਾ ਹੀ ਬੜੇ ਨਿੱਗਰ ਅਤੇ ਅਰਥ-ਭਰਪੂਰ ਉਪਰਾਲੇ ਕੀਤੇ ਹਨ। ਮੁੱਖ ਮਹਿਮਾਨ ਵਜੋਂ ਪ੍ਰਸਿੱਧ ਪੰਜਾਬੀ ਸ਼ਾਇਰ ਡਾ. ਸੁਰਜੀਤ ਪਾਤਰ ਪਹੁੰਚੇ। ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਇਸ ਸਮੇਂ ਵਰਚੂਅਲ ਵਿਹੜੇ ਵਿੱਚੋਂ ਨਿਕਲ ਕੇ ‘ਐਕਚੂਅਲ’ ਵਿਹੜੇ ਵਿੱਚ ਉਤਸਵ ਮਨਾਉਣੇ ਬੇਹੱਦ ਜ਼ਰੂਰੀ ਹਨ।

ਇਹ ਵੀ ਪੜ੍ਹੋ: ਤੁਸੀ ਸੁਪਨੇ ਦੇਖੋ, ਸਾਕਾਰ ਕਰਨ ਲਈ ਮੈਂ ਖੁਦ ਬਣਾਂਗੀ ਤੁਹਾਡੀ ਮੱਦਦਗਾਰ, ਜਾਣੋ ਕਿਸ ਨੇ ਆਖੀ ਇਹ ਗੱਲ

ਪੁਸਤਕ ਸੱਭਿਆਚਾਰ ਨੂੰ ਪੈਦਾ ਕਰਨ ਵਿੱਚ ਯੋਗਦਾਨ ਪਾਉਣ ਦੇ ਲਿਹਾਜ਼ ਨਾਲ ਪੰਜਾਬੀ ਯੂਨੀਵਰਸਿਟੀ ਦਾ ਕੋਈ ਸਾਨੀ ਨਹੀਂ। ਪ੍ਰਸਿੱਧ ਪੰਜਾਬੀ ਫ਼ਿਲਮ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਵਿਸ਼ੇਸ਼ ਮਹਿਮਾਨ ਵਜੋਂ ਉਨ੍ਹਾਂ ਕਿਹਾ ਕਿ ਉਹ ਪੰਜਾਬੀ ਭਾਸ਼ਾ ਦੇ ਪੁਰਾਣੇ ਸ਼ਬਦਾਂ ਅਤੇ ਮੁਹਾਵਰਿਆਂ ਨੂੰ ਬਹੁਤ ਪਿਆਰ ਕਰਦੇ ਹਨ। ਸਾਡੇ ਵਿਰਾਸਤੀ ਪੰਜਾਬੀ ਸ਼ਬਦਾਂ ਬਾਰੇ ਸਾਨੂੰ ਵਧੇਰੇ ਚੇਤਨ ਹੋਣ ਦੀ ਲੋੜ ਹੈ।

ਇਸ ਮੌਕੇ ਹਲਕਾ ਘਨੌਰ ਦੇ ਐਮ.ਐਲ.ਏ ਗੁਰਲਾਲ ਸਿੰਘ ਘਨੌਰ ਨੇ ਵੀ ਪੰਜਾਬੀ ਯੂਨੀਵਰਸਿਟੀ ਨੂੰ ਵਧਾਈ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਪੰਜਾਬੀ ਬੋਲੀ ਅਤੇ ਆਪਣੇ ਪੰਜਾਬ ਉੱਪਰ ਹਮੇਸ਼ਾਂ ਮਾਣ ਕਰਨਾ ਚਾਹੀਦਾ ਹੈ। ਵਾਈਸ ਚਾਂਸਲਰ ਪ੍ਰੋਫ਼ੈਸਰ ਅਰਵਿੰਦ ਨੇ ਕਿਹਾ ਕਿ ਭਾਸ਼ਾ ਉਦੋਂ ਹੀ ਅੱਗੇ ਵਧਦੀ ਹੈ ਜਦੋਂ ਤੁਸੀਂ ਉਸਨੂੰ ਸਮੇਂ ਦੇ ਹਾਣ ਦੀ ਬਣਾਉਂਦੇ ਹੋ। ਸਾਨੂੰ ਆਪਣੇ ਸ਼ਬਦ ਭੰਡਾਰ ਨੂੰ ਹੋਰ ਅਮੀਰ ਕਰਦੇ ਰਹਿਣ ਦੀ ਲੋੜ ਹੈ।

Book Fair2
ਪਟਿਆਲਾ: ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਸਨਮਾਨ ਕਰਦੇ ਹੋਏ ਪ੍ਰੋ. ਅਰਵਿੰਦ, ਐਮਐਲਏ ਗੁਰਲਾਲ ਘਨੌਰ, ਡਾ. ਸੁਰਜੀਤ ਪਾਤਰ, ਗਾਇਕ ਕਰਮਜੀਤ ਅਨਮੋਲ ਤੇ ਹੋਰ।

ਇਸ ਮੌਕੇ ਡਾ. ਨਾਹਰ ਸਿੰਘ ਦੀ ਪੁਸਤਕ ‘ਧਰਤੀ ਜੇਡ ਗਰੀਬ ਨਾ ਕੋਈ’, ਪ੍ਰੋਫੈਸਰ ਸੁਰਜੀਤ ਸਿੰਘ ਢਿੱਲੋਂ ਦੀ ਪੁਸਤਕ ‘ਵਿਸ਼ਵ ਜੀਵਨ ਅਤੇ ਜੀਨ’, ਡਾ ਰਾਜਵੰਤ ਕੌਰ ਪੰਜਾਬੀ ਦੀ ‘ਗਾਨਾ ਅਤੇ ਮਹਿੰਦੀ’ ਡਾ.ਗੁਰਸੇਵਕ ਲੰਬੀ ਦੀ ਪੁਸਤਕ ‘ਮੇਰਾ ਬਸਤਾ’ ਅਤੇ ਧਰਮ ਕੰਮੇਆਣਾ ਦੀਆਂ ਰਚੀਆਂ ਤਿੰਨ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ। ਉਦਘਾਟਨੀ ਸੈਸ਼ਨ ਦੇ ਅਖੀਰ ‘ਚ ਧੰਨਵਾਦੀ ਸ਼ਬਦ ਡੀਨ ਭਾਸ਼ਾਵਾਂ, ਪ੍ਰੋਫ਼ੈਸਰ ਰਾਜੇਸ਼ ਕੁਮਾਰ ਸ਼ਰਮਾ ਨੇ ਸਾਂਝੇ ਕੀਤੇ। ਇਸ ਮੌਕੇ ਡਾ. ਜਸਵਿੰਦਰ ਸਿੰਘ, ਡਾ. ਰਜਿੰਦਰ ਲਹਿਰੀ, ਡਾ. ਪਰਮਜੀਤ ਕੌਰ ਬਾਜਵਾ ਇੰਚਾਰਜ ਪਬਲੀਕੇਸ਼ਨ ਬਿਊਰੋ, ਡਾ. ਦਰਸ਼ਨ ਸਿੰਘ ਆਸ਼ਟ ਸਮੇਤ ਹੋਰ ਸਾਹਿਤਕ ਸਖਸ਼ੀਅਤਾਂ ਹਾਜ਼ਰ ਸਨ। ਮੰਚ ਸੰਚਾਲਨ ਦੀ ਭੂਮਿਕਾ ਡਾ. ਗੁਰਸੇਵਕ ਸਿੰਘ ਲੰਬੀ ਨੇ ਨਿਭਾਈ।