ਵਿਦੇਸ਼ ਜਾਣ ਦਾ ਰੁਝਾਨ
ਪੰਜਾਬ ’ਚ ਪਿਛਲੇ ਇੱਕ ਦਹਾਕੇ ਤੋਂ ਆਈਲੈਟਸ ਕਰਕੇ ਵਿਦੇਸ਼ ਜਾਣ ਦਾ ਰੁਝਾਨ ਹੱਦਾਂ ਪਾਰ ਕਰ ਗਿਆ ਹੈ। ਹਰ ਰੋਜ਼ ਜਹਾਜ਼ਾਂ ਦੇ ਜਹਾਜ਼ ਭਰ ਕੇ ਜਾ ਰਹੇ ਹਨ। ਕਿਉਂਕਿ ਬਾਰ੍ਹਵੀਂ ਜਮਾਤ ਤੋਂ ਬਾਅਦ ਹਰ ਨੌਜਵਾਨ ਮੁੰਡੇ-ਕੁੜੀ ਦਾ ਇੱਕ ਹੀ ਸੁਫ਼ਨਾ ਰਹਿ ਗਿਆ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਆਈਲੈਟਸ ਕਰਕੇ ਅਸਟਰੇਲੀਆ, ਕੈਨੇਡਾ ਜਾਂ ਕਿਸੇ ਹੋਰ ਦੇਸ਼ ਪਹੁੰਚ ਜਾਈਏ। ਨੌਜਵਾਨਾਂ ਤੇ ਉਨ੍ਹਾਂ ਦੇ ਮਾਪਿਆਂ ਦੀ ਇਸ ਭਾਵਨਾ ਦਾ ਲਾਹਾ ਲੈ ਕੇ ਲੋਕਾਂ ਨੇ ਧੜਾਧੜ ਆਈਲੈਟਸ ਸੈਂਟਰ ਖੋਲ੍ਹ ਦਿੱਤੇ।
ਇਸ ਵੇਲੇ ਪੰਜਾਬ ਵਿੱਚ ਮਾਨਤਾ ਪ੍ਰਾਪਤ ਆਈਲੈਟਸ ਸੈਟਰਾਂ ਦੀ ਗਿਣਤੀ 2000 ਦੇ ਕਰੀਬ ਹੈ। ਇਹ ਗਿਣਤੀ ਮਾਨਤਾ ਪ੍ਰਾਪਤ ਸੈਂਟਰਾਂ ਦੀ ਹੈ ਜਦੋਂਕਿ ਇਸ ਤੋਂ ਵੀ ਕਈ ਗੁਣਾਂ ਜ਼ਿਆਦਾ ਸੈਂਟਰ ਬਿਨਾਂ ਮਾਨਤਾ ਤੋਂ ਚੱਲ ਰਹੇ ਹਨ ਤੇ ਆਈਲੈਟਸ ਚਲਾਉਣ ਲਈ ਮਨਜ਼ੂਰੀਆਂ ਲੈਣ ਦਾ ਰੁਝਾਨ ਹਰ ਦਿਨ ਵਧ ਰਿਹਾ ਹੈ। ਟਿਊਸ਼ਨ ਸੈਂਟਰ, ਸਲਾਹਕਾਰ, ਟਿਕਟ ਤੇ ਟਰੈਵਲ ਏਜੰਟ ਆਦਿ ਦੇ 1217 ਲਾਇਸੈਂਸ ਹਨ। ਜਲੰਧਰ ਜਿਲ੍ਹੇ ਵਿੱਚ ਆਈਲੈਟਸ ਤੇ ਕੋਚਿੰਗ ਸੈਂਟਰਾਂ ਦੀ ਗਿਣਤੀ 421 ਹੈ। ਕਿਉਂਕਿ ਇੱਥੇ ਦੋਵਾਂ ਹੀ ਕੈਟਾਗਰੀਆਂ ਦੇ ਲਾਇਸੈਂਸ ਹਨ।
ਮੋਗਾ ’ਚ 189, ਨਵਾਂ ਸ਼ਹਿਰ ’ਚ 103, ਪਠਾਨਕੋਟ ’ਚ 16, ਸ੍ਰੀ ਮੁਕਤਸਰ ਸਾਹਿਬ ’ਚ 86, ਪਟਿਆਲਾ ’ਚ 211, ਫਰੀਦਕੋਟ ’ਚ 100, ਬਰਨਾਲਾ ’ਚ 73, ਸੰਗਰੂਰ ’ਚ 107, ਫਿਰੋਜਪੁਰ ’ਚ 58, ਰੂਪਨਗਰ ’ਚ 86, ਮਾਲੇਰਕੋਟਲਾ ’ਚ 10, ਤਰਨਤਾਰਨ ’ਚ 4, ਮਾਨਸਾ ’ਚ 38, ਕਪੂਰਥਲਾ 148, ਹੁਸ਼ਿਆਰਪੁਰ ’ਚ 93 ਤੇ 239 ਕੋਚਿੰਗ ਸੈਂਟਰ, ਫਤਹਿਗੜ੍ਹ ਸਾਹਿਬ ’ਚ 9, ਗੁਰਦਾਸਪੁਰ ’ਚ 7 ਅਤੇ 56 ਕੋਚਿੰਗ ਸੈਂਟਰ, ਬਠਿੰਡਾ ’ਚ 65 ਅਤੇ 194 ਕੋਚਿੰਗ ਸੈਂਟਰ, ਅੰਮ੍ਰਿਤਸਰ ’ਚ 111 ਤੇ 342 ਕੋਚਿੰਗ ਸੈਂਟਰ ਚੱਲ ਰਹੇ ਹਨ। ਇਸ ਤੋਂ ਕਈ ਗੁਣਾਂ ਜ਼ਿਆਦਾ ਕਿਸੇ ਹੋਰ ਕੈਟਾਗਰੀ ਦੇ ਲਾਇਸੈਸਾਂ ’ਤੇ ਆਈਲੈਟਸ ਸੈਂਟਰ ਚਲਾਏ ਜਾ ਰਹੇ ਹਨ ਜਾਂ ਫਿਰ ਇੱਕ ਜਿਲ੍ਹੇ ਵਿੱਚੋਂ ਲਾਇਸੈਂਸ ਲੈ ਕੇ ਬਿਨਾਂ ਮਾਨਤਾ ਤੋਂ ਦੂਸਰੇ ਜਿਲੇ੍ਹ ਅੰਦਰ ਆਪਣੀਆਂ ਸ਼ਾਖਾਵਾਂ ਖੋਲ੍ਹੀਆਂ ਹੋਈਆਂ ਹਨ।
ਰਾਜ ਅੰਦਰ ਚੱਲ ਰਹੇ ਆਈਲੈਟਸ ਸੈਂਟਰਾਂ ’ਤੇ ਸਿੱਖਿਆ ਸੰਸਥਾਵਾਂ ਵਾਂਗ ਸਖਤ ਤਰ੍ਹਾਂ ਦੇ ਨਿਯਮ ਵੀ ਲਾਗੂ ਨਹੀਂ ਹੋ ਰਹੇ। ਦੁਕਾਨਾਂ ਅਤੇ ਚੁਬਾਰਿਆਂ ਵਿੱਚ ਹੀ ਆਈਲੈਟਸ ਸੈਂਟਰ ਚਲਾਏ ਜਾ ਰਹੇ ਹਨ। ਜਿੱਥੇ ਕਿਸੇ ਵੀ ਗੈਰ-ਕੁਦਰਤੀ ਆਫਤ ਨਾਲ ਨਜਿੱਠਣ ਲਈ ਕੋਈ ਵੀ ਪ੍ਰਬੰਧ ਨਹੀਂ ਹੈ ਦੂਸਰੇ ਪਾਸੇ ਕਰੋੜਾਂ ਰੁਪਏ ਖਰਚ ਕਰਕੇ ਚਲਾਈਆਂ ਜਾ ਰਹੀਆਂ ਸਿੱਖਿਆ ਸੰਸਥਾਵਾਂ ਦਾ ਭਵਿੱਖ ਵੀ ਹਨ੍ਹੇਰਾ ਨਜ਼ਰ ਆ ਰਿਹਾ ਹੈ ਕਿਉਂਕਿ ਬਾਰ੍ਹਵੀਂ ਜਮਾਤ ਤੋਂ ਬਾਅਦ ਜਿਆਦਾਤਰ ਨੌਜਵਾਨ ਆਈਲੈਟਸ ਕਰਨ ਨੂੰ ਹੀ ਤਵੱਜੋਂ ਦੇ ਰਹੇ ਹਨ। ਹਰ ਰੋਜ਼ ਪੰਜਾਬ ਦੇ ਪਿੰਡਾਂ, ਸ਼ਹਿਰਾਂ, ਛੋਟੇ/ਵੱਡੇ ਕਸਬਿਆਂ ’ਚੋਂ ਸੈਂਕੜੇ ਮੁੰਡੇ-ਕੁੜੀਆਂ ਇਨ੍ਹਾਂ ਸੈਂਟਰਾਂ ’ਚ ਆਉਂਦੇ ਹਨ।
ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਬਾਹਰ ਜਾਣ ਦਾ ਜੁਗਾੜੂ ਕੰਮ, ਜਿਹੜੇ ਪਰਿਵਾਰ ਦਾ ਮੁੰਡਾ ਪੜ੍ਹਨ ਵਿੱਚ ਕਮਜੋਰ ਹੈ, ਪਰ ਪਰਿਵਾਰ ਆਰਥਿਕ ਪੱਖੋਂ ਮਜ਼ਬੂਤ ਹੈ, ਉਹ 6 ਬੈਂਡ ਵਾਲੀ ਵਾਲੀ ਕੁੜੀ ਬਿਨਾਂ ਕਿਸੇ ਜਾਤ-ਪਾਤ ਤੇ ਭੇਦ ਭਾਵ ਤੋਂ ਲੱਭਣ ਦੀ ਕੋਸ਼ਿਸ਼ ਕਰਦੇ ਹਨ ਅਤੇ ਸਹੂਲਤ ਲਈ ਵਿਦੇਸ਼ ਜਾਣ ਦਾ ਪੂਰਾ ਖਰਚਾ ਮੁੰਡੇ ਦੇ ਪਰਿਵਾਰ ਵੱਲੋਂ ਕੀਤੇ ਜਾਣ ਦੀ ਸਹੂਲਤ ਵੀ ਦਿੰਦੇ ਹਨ।
ਜਿਸ ਪਰਿਵਾਰ ਦੀ ਕੁੜੀ ਆਈਲੈਟਸ ਵਿੱਚੋਂ ਕਮਜੋਰ ਨਿੱਕਲੀ ਪੂਰੇ ਬੈਂਡ ਨਹੀਂ ਲੈ ਜਾ ਸਕੀ ਪਰ ਪਰਿਵਾਰ ਆਰਥਿਕ ਪੱਖੋਂ ਮਜਬੂਤ ਹੈ, ਉਹ 6 ਬੈਂਡ ਵਾਲੇ ਮੁੰਡੇ ਦੀ ਭਾਲ ’ਚ ਭੱਜਦੇ ਹਨ ਨਿਸ਼ਾਨਾ ਸਿਰਫ ਇੱਕੋ ਹੈ ਕਿ ਕਿਸੇ ਨਾ ਕਿਸੇ ਢੰਗ ਨਾਲ ਕੁੜੀ ਨੂੰ ਅਸਟਰੇਲੀਆ ਜਾਂ ਕੈਨੇਡਾ ਭੇਜਣਾ ਹੈ। ਸਾਡੀ ਸਮਾਜਿਕ ਸੋਚ ਅਜਿਹੀ ਬਣ ਚੁੱਕੀ ਹੈ ਕਿ ਜੇਕਰ ਮੁੰਡਾ/ਕੁੜੀ ਜਾਂ ਦੋਵੇਂ ਹੀ ਵਿਦੇਸ਼ ’ਚ ਬੈਠੇ ਹੋਣ ਤਾਂ ਮਾਂ-ਬਾਪ ਦੀ ਸਮਾਜ ਵਿੱਚ ਕਦਰ ਪੈ ਜਾਂਦੀ ਹੈ ਕਿ ਨੂੰਹ/ਪੁੱਤ ਐਨ.ਆਈ.ਆਰ. ਨੇ, ਪਰ ਦੁੱਖ-ਸੁੱਖ ਵੇਲੇ ਧੀ-ਪੁੱਤ ਮਾਪਿਆਂ ਦੇ ਕੋਲ ਨਹੀਂ ਹੁੰਦੇ।
ਇਹ ਰੁਝਾਨ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਦੋ ਕੁ ਦਹਾਕਿਆਂ ਤੱਕ ਪੰਜਾਬ ’ਚ ਨੌਜਵਾਨਾਂ ਦੀ ਗਿਣਤੀ ਨਾਮਾਤਰ ਨਜ਼ਰ ਆਵੇਗੀ ਅਤੇ ਅਰਥੀ ਨੂੰ ਮੋਢਾ ਬਗਾਨੇ ਲੋਕ ਦੇਣਗੇ। ਜੇਕਰ ਆਪਾਂ ਬਾਜਾਰ ਵਿੱਚ ਚੱਲ ਰਹੇ ਮੰਦੇ ਦੌਰ ਦੀ ਗੱਲ ਕਰੀਏ ਤਾਂ ਉਸ ਦਾ ਵੀ ਵੱਡਾ ਕਾਰਨ ਬਾਹਰਲੇ ਦੇਸ਼ਾਂ ਨੂੰ ਜਾਣਾ ਹੈ ਕਿਉਂਕਿ ਹਰ ਇੱਕ ਪਰਿਵਾਰ ਦਾ ਨਿਸ਼ਾਨਾ ਜਵਾਕਾਂ ਨੂੰ ਬਾਹਰ ਭੇਜਣਾ ਹੈ। ਗਰੀਬ ਅਤੇ ਮੱਧਵਰਗੀ ਪਰਿਵਾਰ ਇੱਕੋ ਸਮੇਂ 15 ਤੋਂ 20 ਲੱਖ ਰੁਪਏ ਦਾ ਪ੍ਰਬੰਧ ਨਹੀਂ ਕਰ ਸਕਦਾ। ਜਿਸ ਕਰਕੇ ਅਜਿਹੀ ਕੈਟਾਗਰੀ ਵਾਲੇ ਪਰਿਵਾਰਾਂ ਨੇ ਕੋਰੋਨਾ ਕਾਲ ਤੋਂ ਬਾਅਦ ਬਜਾਰੂ ਖਰਚੇ ਘਟਾ ਕੇ ਆਪਣੇ ਜਵਾਕਾਂ ਨੂੰ ਬਾਹਰ ਭੇਜਣ ਲਈ ਪੈਸੇ ਜੋੜਨੇ ਸ਼ੁਰੂ ਕਰ ਦਿੱਤੇ।
ਜਮੀਨਾਂ ਵਾਲਿਆਂ ਨੇ 2-4 ਏਕੜ ਜਮੀਨ ਨੂੰ ਝਟਕਾ ਦੇ ਦਿੱਤਾ ਅਤੇ ਬਹੁਤੇ ਵੱਡੇ ਜਿੰਮੀਦਾਰ ਜਾਂ ਸ਼ਾਹੂਕਾਰਾਂ ਨੇ ਬੈਂਕਾਂ ਤੋਂ ਲਿਮਟਾਂ ਕਰਵਾ ਕੇ ਆਪਣੇ ਜਵਾਕਾਂ ਨੂੰ ਬਾਹਰ ਭੇਜਣ ਦਾ ਹੀਲਾ-ਵਸੀਲਾ ਕਰ ਲਿਆ ਜਿਸ ਕਰਕੇ ਪੂਰੇ ਬਾਜਾਰ ਵਿੱਚ ਪੈਸੇ ਦਾ ਲੈਣ-ਦੇਣ ਬੰਦ ਹੋ ਗਿਆ ਤੇ ਮੰਦੀ ਦਾ ਦੌਰ ਸ਼ੁਰੂ ਹੋ ਗਿਆ। ਕਰਿਆਨੇ ਦੀ ਦੁਕਾਨ ਵਾਲਾ ਵੀ ਮੰਦੀ ਵਿੱਚੋਂ ਗੁਜ਼ਰ ਰਿਹਾ ਹੈ। ਜਦੋਂ ਕਿ ਕਰਿਆਨਾ ਸਾਡੀ ਜਿੰਦਗੀ ’ਚ ਹਰ ਦਿਨ ਕੰਮ ਆਉਣ ਵਾਲਾ ਖਾਧ ਪਦਾਰਥ ਹੈ। ਪਰ ਕਰਿਆਨਾ ਵੀ ਲੋਕ ਹੱਥ ਖਿੱਚ ਕੇ ਖਰੀਦਣ ਲੱਗ ਪਏ ਹਨ ਕਿ ਜਦੋਂ ਮੁੰਡਾ ਜਾਂ ਕੁੜੀ ਬਾਹਰਲੇ ਦੇਸ਼ ਚਲੇ ਗਏ ਤਾਂ ਡਾਲਰਾਂ ਦਾ ਮੀਂਹ ਵਰ੍ਹਨਾ ਸ਼ੁਰੂ ਹੋ ਜਾਣਾ ਅਤੇ ਆਪਾਂ ਸਾਰੀਆਂ ਦੇਣ-ਦਾਰੀਆਂ ਉਤਾਰ ਕੇ ਰਾਜਿਆਂ ਵਾਲਾ ਜੀਵਨ ਬਤੀਤ ਕਰਾਂਗੇ।
ਪਰ ਇਸ ਦੇ ਉਲਟ ਬੇਬੇ-ਬਾਪੂ ਦਾ ਮਰਨਾ ਵੀ ਬੱਚਿਆਂ ਨੂੰ ਵੀਡੀਉ ਕਾਲ ਕਰਕੇ ਵਿਖਾਇਆ ਜਾਂਦਾ ਹੈ। ਡਾਲਰਾਂ ਦੀਆਂ ਛਹਿਬਰਾਂ ਲੱਗਣ ਤੋਂ ਬਾਅਦ ਰਾਜਿਆਂ ਵਰਗੀ ਜਿੰਦਗੀ ਬਤੀਤ ਕਰਨ ਦੇ ਸੁਫ਼ਨੇ ਲੈਣ ਵਾਲੇ ਮਾਪਿਆਂ ਨੂੰ ਆਖਰੀ ਵੇਲੇ ਅਗਨੀ ਦੇਣ ਵਾਲਾ ਵੀ ਆਪਣਾ ਕੋਈ ਨਹੀਂ ਮਿਲਦਾ। ਹੁਣ ਸ਼ੁਰੂ ਹੋ ਚੁੱਕੇ ਇਸ ਪਰਵਾਸ ਨੂੰ ਰੋਕਣਾ ਮੁਸ਼ਕਲ ਹੀ ਨਹੀਂ ਸਗੋਂ ਨਾਮੁਮਕਿਨ ਵੀ ਹੈ ਕਿਉਂਕਿ ਲੋਕਾਂ ਨੂੰ ਪੰਜਾਬ ਦੀ ਨਵੀਂ ਪਾਰਟੀ ਦੀ ਸਰਕਾਰ ਤੋਂ ਪਰਵਾਸ ਰੁਕਣ ਦੀਆਂ ਕੁਝ ਉਮੀਦਾਂ ਸਨ ਪਰ ਇਨ੍ਹਾਂ ਉਮੀਦਾਂ ’ਤੇ ਵੀ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਰਾਜਨੀਤਕ, ਸਮਾਜਿਕ ਤੇ ਪ੍ਰਸ਼ਾਸਨਿਕ ਤੌਰ ’ਤੇ ਕੋਈ ਵੀ ਤਲਦੀਲੀ ਨਜ਼ਰ ਨਹੀਂ ਆ ਰਹੀ। ਰਿਸ਼ਵਤ, ਪੁਲਿਸ ਦੀ ਧੱਕੇਸ਼ਾਹੀ, ਰਾਜਨੀਤਕ ਗੁੰਡਾਗਰਦੀ, ਗੈਗਸਟਰਵਾਦ, ਹਰ ਰੋਜ ਤਾੜ-ਤਾੜ ਗੋਲੀਆਂ ਦਾ ਮੀਂਹ, ਫਿਰਕੂਵਾਦ, ਸਮਾਜਿਕ ਤੌਰ ’ਤੇ ਲੋਕਾਂ ਦੀ ਗੈਰ-ਜਿੰਮੇਵਾਰੀ ਵਰਗੀਆਂ ਗੱਲਾਂ ਜਿਉਂ ਦੀਆਂ ਤਿਉਂ ਹਨ ਕਿਉਂਕਿ ਸਾਡੇ ਲੋਕ ਖੁਦ ਤਬਦੀਲੀ ਕਰਕੇ ਚੱਲਣ ਲਈ ਤਿਆਰ ਨਹੀਂ ਹਨ। ਜਦੋਂ ਕਿ ਸਮਾਜ ਤੋਂ ਵੱਡਾ ਕੋਈ ਕਾਨੂੰਨ ਨਹੀਂ ਹੈ।
ਪੰਜਾਬ ਵਿੱਚ ਤਾਂ ਹਰ ਕੋਈ ਕਾਨੂੰਨ ਦੀ ਉਲੰਘਣਾ ਕਰਨ ਨੂੰ ਪਹਿਲ ਦਿੰਦਾ ਹੈ ਅਤੇ ਸਮਾਜਿਕ ਤੌਰ ’ਤੇ ਬਣਾਏ ਗਏ ਕਾਇਦੇ-ਕਾਨੂੰਨ ਵਰਤਣ ਦੀ ਬਜਾਏ ਆਪਣੇ ਹੀ ਬਣਾਏ ਹੋਏ ਕਾਨੂੰਨ ਵਰਤਣੇ ਚਾਹੁੰਦਾ ਹੈ। ਜਿਹੜੇ ਲੋਕ ਆਈਲੈਟਸ ਕਰਕੇ ਪੱਛਮੀ ਦੇਸ਼ਾਂ ਵੱਲ ਭੱਜ ਰਹੇ ਹਨ ਉਹ ਉਨ੍ਹਾਂ ਦੇਸ਼ਾਂ ’ਚ ਜਾ ਕੇ ਕਾਨੂੰਨ ਨਹੀਂ ਤੋੜਦੇ ਤਾਂ ਸਭ ਕੁਝ ਵਧੀਆ ਹੈ। ਜੇਕਰ ਅਸੀਂ ਪੰਜਾਬ ਵਿੱਚ ਵੀ ਇੱਕ ਜਿੰਮੇਵਾਰ ਵਿਅਕਤੀ ਦੀ ਤਰ੍ਹਾਂ ਰਹਿਣਾ ਸਿੱਖ ਜਾਈਏ ਤਾਂ ਸਾਨੂੰ ਕਿਸੇ ਦੂਸਰੇ ਦੇਸ਼ ਵੱਲ ਰੁਜ਼ਗਾਰ ਵਾਸਤੇ ਝਾਕਣ ਦੀ ਜਰੂਰਤ ਹੀ ਨਹੀਂ ਹੈ। ਦੁਨੀਆਂ ਇੱਕ ਹੋਣ ਦੇ ਨਾਲ ਹੀ ਸਾਡੇ ਕੋਲ ਸੰਚਾਰ ਦੇ ਬਹੁਤ ਵੱਡੇ-ਵੱਡੇ ਸਾਧਨ ਆ ਗਏ ਹਨ ਜਿਨ੍ਹਾਂ ਰਾਹੀਂ ਅਸੀਂ ਸਭ ਕੁਝ ਸਿੱਖ ਵੀ ਸਕਦੇ ਹਾਂ ਅਤੇ ਪੰਜਾਬ ਵਿੱਚ ਰਹਿ ਕੇ ਆਈਲੈਟਸ ਵਾਲਾ ਜਹਾਜ਼ ਚੜ੍ਹਨ ਦੀ ਬਜਾਏ ਵਿਦੇਸ਼ਾਂ ਅੰਦਰ ਘੁੰਮ ਕੇ ਵਾਪਸ ਆਪਣੇ ਵਤਨ ਵੀ ਆ ਸਕਦੇ ਹਾਂ।
ਕਾਹਨਗੜ੍ਹ ਰੋਡ ਪਾਤੜਾਂ, ਪਟਿਆਲਾ
ਮੋ. 98761-01698
ਬ੍ਰਿਸ਼ਭਾਨ ਬੁਜਰਕ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ