ਤੁਹਾਡੀ ਜੇਬ ‘ਤੇ ਡਾਕਾ ਮਾਰਨ ਦੀ ਤਿਆਰੀ ‘ਚ ਦੂਰ ਸੰਚਾਰ ਕੰਪਨੀਆਂ

ਟਰਾਈ ਦੇ ਨਾਲ ਹੋਈ ਮੀਟਿੰਗ ‘ਚ ਸੌਂਪੀ ਆਪਣੀ ਸ਼ਿਕਾਇਤ, ਨੁਕਸਾਨ ਦਾ ਦਿੱਤਾ ਹਵਾਲਾ

  • ਵਟਸਐਪ, ਫੇਸਬੁੱਕ ਸਮੇਤ ਹੋਰ ਕਾਲਿੰਗ ਐਪ ਨਾਲ ਕਾਲ ਸਹੂਲਤ ਬੰਦ ਕਰਵਾਉਣ ਦੀ ਕੋਸ਼ਿਸ਼

ਨਵੀਂ ਦਿੱਲੀ (ਏਜੰਸੀ) ਬੇਸ਼ੱਕ ਇੰਟਰਨੈੱਟ ਸਾਡੇ ਜੀਵਨ ਦਾ ਮਹੱਤਵਪੂਰਨ ਹਿੱਸਾ ਹੋ ਗਿਆ ਹੈ ਤੇ ਹਜ਼ਾਰਾਂ ਮੀਲ ਦੂਰ ਬੈਠੇ ਵਿਅਕਤੀ ਨੂੰ ਸਿਰਫ ਇੰਟਰਨੈੱਟ ਦੀ ਸਹਾਇਤਾ ਨਾਲ ਕਾਲਿੰਗ ਐਪ ਦੁਆਰਾ ਗੱਲਬਾਤ ਸੰਭਵ ਹੋ ਗਈ ਹੈ ਤਕਨੀਕ ਦੀ ਇਸ ਸਹੂਲਤ ਨਾਲ ਕ੍ਰਾਂਤੀਕਾਰੀ ਬਦਲਾਅ ਆਇਆ ਹੈ ਜਿਸ ਨਾਲ ਆਮ ਆਦਮੀ ਕੋਲ ਪੈਸੇ ਦੀ ਬੱਚਤ ਤਾਂ ਹੋਈ ਹੀ ਹੈ ਨਾਲ ਹੀ ਸਪੱਸ਼ਟਤਾ ਤੇ ਗੱਲਬਾਤ ਦੀ ਸਰਲਤਾ ਵੀ ਮੁਹੱਈਆ ਹੋਈ ਹੈ ਪਰ ਦੂਰਸੰਚਾਰ ਕੰਪਨੀਆਂ ਹੁਣ ਇੰਟਰਨੈੱਟ ਅਧਾਰਿਤ ਕਾਲਿੰਗ ਨੂੰ ਬੰਦ ਕਰਨ ਦੀ ਯੋਜਨਾ ‘ਚ ਹੈ ਹਵਾਲਾ ਦਿੱਤਾ ਜਾ ਰਿਹਾ ਹੈ ਕਿ ਇਸ ਕਾਲਿੰਗ ਨਾਲ ਉਨ੍ਹਾਂ ਨੂੰ ਮਾਲੀਆ ਨੁਕਸਾਨ ਹੋ ਰਿਹਾ ਹੈ।

ਜ਼ਿਕਰਯੋਗ ਹੈ ਕਿ ਦੂਰਸੰਚਾਰ ਕੰਪਨੀਆਂ ਨੇ ਅੱਜ ਭਾਰਤੀ ਦੂਰਸੰਚਾਰ ਨਿਯਾਮਕ ਅਥਾਰਟੀਕਰਨ (ਟ੍ਰਾਈ) ਦੇ ਨਾਲ ਮੀਟਿੰਗ ‘ਚ ਆਪਣੀਆਂ ਸਮੱਸਿਆਵਾਂ ਸਾਹਮਣੀਆਂ ਰੱਖੀਆਂ ਇਨ੍ਹਾਂ ‘ਚ ਐਪ ਅਧਾਰਿਤ ਕਾਲਿੰਗ, ਕਰਾਂ ਤੇ ਢਾਂਚਾਗਤ ਵਿਸਥਾਰ ਦੀ ਪਰੇਸ਼ਾਨੀਆਂ ਸ਼ਾਮਲ ਰਹੀਆਂ, ਜਿਨ੍ਹਾਂ ਨਾਲ ਉਨ੍ਹਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਟਰਾਈ ਦੇ ਚੇਅਰਮੈਨ ਆਰ. ਐਸ. ਸ਼ਰਮਾ ਨੇ ਮੀਟਿੰਗ ਤੋਂ ਬਾਅਦ ਪ੍ਰੈੱਸਕਾਨਫਰੰਸ ‘ਚ ਕਿਹਾ, ਕੰਪਨੀਆਂ ਨਾਲ ਸਾਡੀ ਮੀਟਿੰਗ ਕਾਫ਼ੀ ਸਫ਼ਲਤਾਪੂਰਵਕ ਰਹੀ ਸਾਰੀਆਂ ਕੰਪਨੀਆਂ ਦੀ ਕੁਝ ਮੁੱਦਿਆਂ ‘ਤੇ ਇੱਕੋ ਸਲਾਹ ਸੀ, ਜਿਸ ਨੂੰ ਇਸ ਸਾਲ ਟਰਾਈ ਨੂੰ ਦੇਖਣਾ ਚਾਹੀਦਾ ਹੈ।

504 ਕਰੋੜ ਰੁਪਏ ਦਾ ਮੁਨਾਫ਼ਾ ਜੀਓ ਨੇ ਦਸੰਬਰ ‘ਚ ਕਮਾਇਆ

ਹਾਲਾਂਕਿ ਜੀਓ ਰਾਹੀਂ ਭਾਰਤੀ ਇੰਟਰਨੈੱਟ ਦੀ ਦੁਨੀਆ ‘ਚ ਤਹਿਲਕਾ ਮਚਾਉਣ ਵਾਲੀ ਰਿਲਾਇੰਸ ਨੂੰ ਦਸੰਬਰ ਮਹੀਨੇ ‘ਚ 504 ਕਰੋੜ ਰੁਪਏ ਦਾ ਮੁਨਾਫ਼ਾ ਹੋਇਆ ਹੈ ਉਹ ਛੇਤੀ ਹੀ ਆਪਣੇ ਗਾਹਕਾਂ ਨੂੰ ਲੁਭਾਉਣ ਲਈ ਡਿਜ਼ੀਟਲ ਕੂਪਨ ਸਕੀਮ ਲਾਂਚ ਕਰਨ ਜਾ ਰਹੀ ਹੈ, ਜਿਸ ਨਾਲ ਉਹ ਛੋਟੇ ਦੁਕਾਨਦਾਰਾਂ ਨੂੰ ਟਾਰਗੇਟ ਕਰੇਗੀ  ਏਅਰਟੇਲ ਤੇ ਬਾਕੀ ਕੰਪਨੀਆਂ ਘਾਟਾ ਦਿਖਾ ਰਹੀਆਂ ਹਨ।

ਕਰੋੜਾਂ ਯੂਜਰਜ਼ ਨੂੰ ਹੋਵੇਗਾ ਨੁਕਸਾਨ!

ਇਸ ਸਮੇਂ ਫੇਸਬੁੱਕ ਯੂਜਰਜ਼ ਦੀ ਗਿਣਤੀ ਭਾਰਤ ‘ਚ ਅਮਰੀਕਾ ਤੋਂ ਜ਼ਿਆਦਾ ਹੈ ਵਟਸਐੱਪ ਚਲਾਉਣ ਵਾਲੇ 15 ਕਰੋੜ ਤੋਂ ਵੱਧ ਲੋਕ ਹਨ ਸਨੈਪਚੈਟ, ਟੈਕਸਟ ਮੀ, ਟੈਕਸਟ ਨਾਓ, ਵਰਗੇ ਕਈ ਐਪ ਹਨ ਜੋ ਕਾਲਿੰਗ ਦੀ ਸਹੂਲਤ ਵੀ ਦਿੰਦੇ ਹਨ ਜੇਕਰ ਦੂਰਸੰਚਾਰ ਕੰਪਨੀਆਂ ਆਪਣੇ ਮਕਸਦ ‘ਚ ਸਫ਼ਲ ਹੋ ਗਈ ਤਾਂ ਯੂਜਰਜ਼ ਨੂੰ ਇੰਟਰਨੈੱਟ ਰਾਹੀਂ ਪ੍ਰਾਪਤ ਹੋਣ ਵਾਲੀ ਕਾਲਿੰਗ ਦੀ ਸਹੂਲਤ ਨਹੀਂ ਮਿਲੇਗੀ।