ਪਛਤਾਵੇ ਦੇ ਹੰਝੂ

ਪਛਤਾਵੇ ਦੇ ਹੰਝੂ

ਹਰਮਨ ਜੰਗਲ ਵਿੱਚ ਪਿੱਪਲ ਦੇ ਰੁੱਖ ਉੱਤੇ ਰੱਖੀ ਬਾਂਦਰੀ ਤੇ ਉਸਦਾ ਪਤੀ ਮੋਟੂ ਬਾਂਦਰ ਕਈ ਸਾਲਾਂ ਤੋਂ ਰਹਿ ਰਹੇ ਸਨ। ਉਨ੍ਹਾਂ ਦੇ ਬੇਟੇ ਦਾ ਨਾਂਅ ਛੁਟਕੂ ਬਾਂਦਰ ਸੀ। ਛੁਟਕੂ ਬਾਂਦਰ ਪਹਿਲਾਂ ਤਾਂ ਬਹੁਤ ਸਿਆਣਾ ਹੁੰਦਾ ਸੀ ਪਰ ਜਦੋਂ ਦੀ ਉਸਦੀ ਛੋਟੀ ਭੈਣ ਨਿੱਕੋ ਬਾਂਦਰੀ ਦਾ ਜਨਮ ਹੋਇਆ ਸੀ ਛੁਟਕੂ ਬਾਂਦਰ ਦਾ ਸੁਭਾਅ ਬਦਲ ਜਿਹਾ ਗਿਆ ਸੀ। ਉਹ ਚਿੜਚਿੜਾ ਅਤੇ ਆਪ-ਮੁਹਾਰਾ ਜਿਹਾ ਹੋ ਗਿਆ ਸੀ। ਉਹ ਬੇਮਤਲਬ ਦੀਆਂ ਸ਼ਰਾਰਤਾਂ ਵੀ ਬਹੁਤ ਕਰਨ ਲੱਗ ਗਿਆ ਸੀ। ਉਸਦੇ ਮਾਤਾ-ਪਿਤਾ ਦਾ ਜ਼ਿਆਦਾ ਸਮਾਂ ਆਪਣੀ ਨਵ-ਜਨਮੀ ਧੀ ਨਿੱਕੋ ਬਾਂਦਰੀ ਦੇ ਪਾਲਣ-ਪੋਸ਼ਣ ਵਿੱਚ ਬਤੀਤ ਹੋ ਰਿਹਾ ਸੀ। ਛੁਟਕੂ ਸਮਝਦਾ ਸੀ ਕਿ ਉਸਦੇ ਮਾਤਾ-ਪਿਤਾ ਉਸਦੀ ਛੋਟੀ ਭੈਣ ਨਿੱਕੋ ਬਾਂਦਰੀ ਨੂੰ ਹੀ ਪਿਆਰ ਕਰਦੇ ਹਨ। ਹੁਣ ਘਰ ਵਿੱਚ ਉਸਦੀ ਕੋਈ ਪੁੱਛ-ਪ੍ਰਤੀਤ ਨਹੀਂ ਰਹੀ।

ਜਦੋਂ ਪੂਰਾ ਪਰਿਵਾਰ ਇਕੱਠਾ ਬੈਠਾ ਹੁੰਦਾ ਤਾਂ ਛੁਟਕੂ ਦੇ ਮਾਤਾ-ਪਿਤਾ ਉਸਨੂੰ ਪਿਆਰਦੇ-ਦੁਲਾਰਦੇ। ਇਸੇ ਦਰਮਿਆਨ ਨਿੱਕੋ ਬਾਂਦਰੀ ਪੋਟੀ ਕਰ ਬਹਿੰਦੀ ਤਾਂ ਰੱਖੀ ਬਾਂਦਰੀ ਉਸਦੀ ਸਾਫ-ਸਫਾਈ ਕਰਨ ਲੱਗ ਜਾਂਦੀ। ਜਾਂ ਕਦੇ ਉਹ ਭੁੱਖ ਲੱਗਿਆਂ ਰੋਣ ਲੱਗਦੀ ਤਾਂ ਮਾਂ ਰੱਖੀ ਬਾਂਦਰੀ ਭੱਜੀ-ਭੱਜੀ ਉਸਨੂੰ ਦੁੱਧ ਪਿਲਾਉਣ ਲਈ ਉੱਠ ਕੇ ਚਲੀ ਜਾਂਦੀ ਤਾਂ ਫਿਰ ਛੁਟਕੂ ਇਕੱਲਾ ਰਹਿ ਜਾਂਦਾ। ਉਹ ਇਸੇ ਗੱਲੋਂ ਚਿੜ੍ਹ ਕੇ ਬਾਹਰ ਨੂੰ ਨਿੱਕਲ ਜਾਂਦਾ। ਬਾਹਰ ਜਾ ਕੇ ਉਹ ਦੂਸਰੇ ਜਾਨਵਰਾਂ ਨੂੰ ਪਰੇਸ਼ਾਨ ਕਰਨ ਲੱਗ ਜਾਂਦਾ।

ਇੱਕ ਦਿਨ ਉਹ ਚਿੰਟੂ ਖਰਗੋਸ਼ ਦੇ ਘੁਰਨੇ ਕੋਲ ਦੀ ਲੰਘਿਆ ਤਾਂ ਉਸ ਦੀ ਨਜ਼ਰ ਖਰਗੋਸ਼ ਦੇ ਦੋ ਛੋਟੇ-ਛੋਟੇ ਬੱਚਿਆਂ ਉੱਤੇ ਜਾ ਪਈ। ਰੂੰ ਦੇ ਗੋਹੜੇ ਵਰਗੇ ਚਿੱਟੇ-ਚਿੱਟੇ ਪਿਆਰੇ ਬੱਚਿਆਂ ਨੂੰ ਉਸ ਨੇ ਪੂਛਾਂ ਅਤੇ ਕੰਨਾਂ ਤੋਂ ਫੜ੍ਹ-ਫੜ੍ਹ ਕੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਚਿੰਟੂ ਖਰਗੋਸ਼ ਨੇ ਇਹ ਸਭ ਵੇਖਿਆ ਤਾਂ ਉਸ ਨੇ ਰੱਖੀ ਬਾਂਦਰੀ ਕੋਲ ਛੁਟਕੂ ਦੀ ਸ਼ਿਕਾਇਤ ਕੀਤੀ।

ਰੱਖੀ ਬਾਂਦਰੀ ਨੇ ਛੁਟਕੂ ਨੂੰ ਸਮਝਾਇਆ ਕਿ ਉਹ ਸਿਆਣਾ ਬਣੇ। ਕਿਉਂ ਐਵੇਂ ਆਪਣੀ ਭੈਣ ਨਿੱਕੋ ਬਾਂਦਰੀ ਵਰਗੇ ਮਾਸੂਮ ਬੱਚਿਆਂ ਨੂੰ ਪਰੇਸ਼ਾਨ ਕਰ ਕੇ ਆਇਆ ਹੈ। ਉਹ ਆਪਣੀਆਂ ਸਾਰੀਆਂ ਫ਼ਜ਼ੂਲ ਦੀਆਂ ਹਰਕਤਾਂ ਬੰਦ ਕਰਕੇ ਆਪਣੀ ਪੜ੍ਹਾਈ-ਲਿਖਾਈ ਵੱਲ ਜ਼ਿਆਦਾ ਧਿਆਨ ਦਿਆ ਕਰੇ। ਇਸੇ ਵਿੱਚ ਹੀ ਉਸਦੀ ਭਲਾਈ ਹੈ। ਆਪਣੀ ਮਾਂ ਦੀ ਗੋਦੀ ਚੜ੍ਹੀ ਬੈਠੀ ਨਿੱਕੋ ਬਾਂਦਰੀ ਵੱਲ ਵੇਖ ਕੇ ਉਹ ਹੋਰ ਵੀ ਚਿੜ੍ਹ ਗਿਆ।

ਉਸ ਨੇ ਮਨ ਹੀ ਮਨ ਸੋਚਿਆ ਕਿ ਮਾਂ ਇਸ ਭੈੜੀ ਜਿਹੀ ਨਿਕੋ ਬਾਂਦਰੀ ਨੂੰ ਗੋਦੀਉਂ ਲਾਹ ਕੇ ਥੱਲੇ ਕਿਉਂ ਨਹੀਂ ਪਟਕ ਦਿੰਦੀ! ਉਸਦੀ ਜਗ੍ਹਾ ਮੈਨੂੰ ਕਿਉਂ ਨਹੀਂ ਗੋਦੀ ਚੁੱਕਦੀ? ਉਹ ਭਰਿਆ-ਪੀਤਾ ਜਿਹਾ ਬਿਨਾਂ ਕੁਝ ਬੋਲਿਆਂ ਫਿਰ ਬਾਹਰ ਨੂੰ ਭੱਜ ਗਿਆ। ਛੁਟਕੂ ਨੇ ਬਾਹਰ ਜਾ ਕੇ ਅਰਾਮ ਨਾਲ ਖੂੰਡੀ ਆਸਰੇ ਤੁਰੀ ਜਾ ਰਹੀ ਬੁੱਢੀ ਭੂਰੀ ਲੂੰਬੜੀ ਦੀ ਪੂਛ ਖਿੱਚ ਕੇ ਉਸ ਨੂੰ ਥੱਲੇ ਸੁੱਟ ਦਿੱਤਾ। ਇਹ ਕੋਝੀ ਸ਼ਰਾਰਤ ਕਰਕੇ ਖੁਦ ਉਹ ਟਾਹਲੀ ਦੇ ਰੁੱਖ ਉੱਤੇ ਚੜ੍ਹ ਕੇ ਬੈਠ ਗਿਆ। ਬੁੱਢੀ ਭੂਰੀ ਲੂੰਬੜੀ ਉਸ ਨੂੰ ਬੁਰਾ-ਭਲਾ ਕਹਿੰਦੀ ਰਹੀ ਪਰ ਉਹ ਟਾਹਲੀ ਦੇ ਰੁੱਖ ਤੋਂ ਪੱਤੇ ਤੋੜ-ਤੋੜ ਕੇ ਲੂੰਬੜੀ ਉੱਤੇ ਸੁੱਟਦਾ ਰਿਹਾ।

ਅਖੀਰ ਸ਼ਿਕਾਇਤ ਲੈ ਕੇ ਭੂਰੀ ਬੁੱਢੀ ਲੂੰਬੜੀ ਖੂੰਡੀ ਆਸਰੇ ਤੁਰਦੀ-ਤੁਰਦੀ ਰੱਖੀ ਬਾਂਦਰੀ ਦੇ ਘਰ ਪੁੱਜ ਗਈ। ਲੂੰਬੜੀ ਦੇ ਮੂਹੋਂ ਛੁਟਕੂ ਦੀਆਂ ਹਰਕਤਾਂ ਦਾ ਵਖਿਆਨ ਸੁਣ ਕੇ ਉਸ ਨੂੰ ਬਹੁਤ ਦੁੱਖ ਹੋਇਆ। ਉਸ ਨੇ ਸ਼ਾਮੀ ਘਰ ਆਏ ਛੁਟਕੂ ਨੂੰ ਫਿਰ ਸਮਝਾਇਆ ਪਰ ਉਹ ਥਿੰਦਾ ਘੜਾ ਹੀ ਸਾਬਤ ਹੋਇਆ। ਮਾਂ-ਪਿਓ ਦੀਆਂ ਸਮਝਾਉਤੀਆਂ ਦਾ ਉਸ ਦੀ ਸਿਹਤ ’ਤੇ ਕੋਈ ਅਸਰ ਨਾ ਹੋਇਆ। ਸਗੋਂ ਬੇਧਿਆਨਾ ਜਿਹਾ ਹੋਇਆ ਉਹ ਆਪਣੀ ਮਾਸੂਮ ਜਿਹੀ ਭੈਣ ਨਿੱਕੋ ਬਾਂਦਰੀ ਨਾਲ ਪੰਗੇ ਲੈਣ ਲੱਗ ਪਿਆ। ਉਹ ਛੁਟਕੂ ਦੀ ਵਾਧੂ ਦੀ ਖਿੱਚ-ਧੂਹ ਨਾਲ ਰੋਣ ਲੱਗ ਪਈ। ਰੱਖੀ ਬਾਂਦਰੀ ਛੁਟਕੂ ਨੂੰ ਮਾਰਨ ਵਾਸਤੇ ਅੱਗੇ ਵਧੀ ਪਰ ਉਹ ਭੱਜ ਕੇ ਅਹੁ ਗਿਆ-ਅਹੁ ਗਿਆ ਹੋ ਗਿਆ।

ਇੱਕ ਦਿਨ ਬੱਗਾ ਬਾਘ ਇੱਕ ਝਾੜੀ ਹੇਠਾਂ ਪਿਆ ਅਰਾਮ ਕਰ ਰਿਹਾ ਸੀ। ਛੁਟਕੂ ਤੁਰਦਾ-ਫਿਰਦਾ ਝਾੜੀ ਕੋਲ ਆ ਗਿਆ। ਉਸ ਦਾ ਸੁੱਤੇ ਪਏ ਬਾਘ ਨਾਲ ਇੱਲਤ ਕਰਨ ਲਈ ਮਨ ਕਰ ਆਇਆ। ਛੁਟਕੂ ਨੇ ਸੁੱਤੇ ਬਾਘ ਦੀ ਪੂਛ ਨੂੰ ਜ਼ੋਰ ਦੀ ਝਟਕਾ ਮਾਰਿਆ ਤੇ ਝਟਪਟ ਫ਼ਰਮਾਂਹ ਦੇ ਰੁੱਖ ਉੱਤੇ ਜਾ ਚੜਿ੍ਹਆ। ਬੱਗੇ ਬਾਘ ਨੇ ਉੱਠ ਕੇ ਇੱਧਰ-ਉੱਧਰ ਵੇਖਿਆ ਪਰ ਉਸ ਨੂੰ ਕੋਈ ਵਿਖਾਈ ਨਾ ਦਿੱਤਾ। ਅਚਾਨਕ ਖਿੱਚੀ ਗਈ ਪੂਛ ਦਾ ਦਰਦ ਉਸ ਦੇ ਸਾਰੇ ਸਰੀਰ ਵਿੱਚ ਤੀਰ ਵਾਂਗ ਫਿਰ ਗਿਆ ਸੀ। ਇਸ ਲਈ ਉਹ ਹੁਣ ਥੋੜ੍ਹਾ ਸੁਚੇਤ ਹੋ ਕੇ ਮਨ ਹੀ ਮਨ ਇਸ ਘਟਨਾ ਬਾਰੇ ਸੋਚਣ ਲੱਗ ਪਿਆ। ਹੁਣ ਉਹ ਦੋਬਾਰਾ ਉਵੇਂ ਹੀ ਪੈ ਗਿਆ ਪਰ ਅੱਧ-ਖੁੱਲ੍ਹੀਆਂ ਜਿਹੀਆਂ ਅੱਖਾਂ ਨਾਲ ਸੌਣ ਦਾ ਨਾਟਕ ਜਿਹਾ ਕਰ ਰਿਹਾ ਸੀ।
ਹੁਣ ਉਸ ਨੂੰ ਫ਼ਰਮਾਂਹ ਦੇ ਰੁੱਖ ਤੋਂ ਕਿਸੇ ਦੇ ਥੱਲੇ ਆਉਣ ਦੀ ਪੈੜਚਾਲ ਮਹਿਸੂਸ ਹੋਈ। ਅੱਧ ਖੁੱਲ੍ਹੀਆਂ ਅੱਖਾਂ ਨਾਲ ਉਸ ਨੇ ਵੇਖਿਆ ਕਿ ਛੁਟਕੂ ਬਾਂਦਰ ਹੌਲੀ-ਹੌਲੀ ਥੱਲੇ ਨੂੰ ਉੱਤਰਿਆ ਆ ਰਿਹਾ ਸੀ।

ਉਸ ਨੂੰ ਸਾਰੀ ਗੱਲ ਸਮਝ ਆ ਗਈ ਕਿ ਛੁਟਕੂ ਹੀ ਉਸ ਨੂੰ ਪਰੇਸ਼ਾਨ ਕਰ ਰਿਹਾ ਹੈ। ਉਹ ਮਚਲਾ ਹੋ ਕੇ ਉਵੇਂ ਹੀ ਪਿਆ ਰਿਹਾ। ਜਿਉਂ ਹੀ ਛੁਟਕੂ ਬਾਂਦਰ ਪੰਗਾ ਲੈਣ ਲਈ ਉਸ ਦੇ ਨੇੜੇ ਆਇਆ ਤਾਂ ਬੱਗੇ ਬਾਘ ਨੇ ਉਸ ਨੂੰ ਪਕੜਨ ਲਈ ਫੁਰਤੀ ਨਾਲ ਝਪੱਟਾ ਮਾਰਿਆ। ਬੱਗੇ ਬਾਘ ਨੂੰ ਜਾਗਦਾ ਵੇਖ ਕੇ ਛੁਟਕੂ ਮੁੜ ਫ਼ਰਮਾਂਹ ’ਤੇ ਚੜ੍ਹਨ ਲਈ ਭੱਜਿਆ। ਫ਼ਰਮਾਂਹ ’ਤੇ ਚੜ੍ਹ ਰਹੇ ਛੁਟਕੂ ਦੀ ਪੂਛ ਬੱਗੇ ਬਾਘ ਦੇ ਦੰਦਾਂ ਵਿੱਚ ਫੜ੍ਹੀ ਗਈ।

ਛੁਟਕੂ ਨੇ ਰੁੱਖ ਦੇ ਟਾਹਣੇ ਨੂੰ ਜੋਰ ਦੀ ਫੜ੍ਹ ਕੇ ਉੱਪਰ ਜਾਣ ਲਈ ਪੂਰਾ ਤਾਣ ਲਾ ਦਿੱਤਾ। ਛੁਟਕੂ ਤਾਂ ਉਪਰ ਚੜ੍ਹ ਗਿਆ ਪਰ ਉਸ ਦੀ ਪੂਛ ਦਾ ਅੱਧਾ ਹਿੱਸਾ ਬੱਗੇ ਬਾਘ ਦਿਆਂ ਦੰਦਾਂ ਨਾਲ ਕੱਟਿਆ ਗਿਆ। ਲੰਡਾ ਹੋਇਆ ਛੁਟਕੂ ਬਾਂਦਰ ਖੂਨ ਨਾਲ ਨੁੱਚੜਦਾ ਦਰਦ ਨਾਲ ਕਰਾਹ ਰਿਹਾ ਸੀ। ਹੇਠਾਂ ਬੱਗਾ ਬਾਘ ਗੁੱਸੇ ਨਾਲ ਦਹਾੜ ਰਿਹਾ ਸੀ। ਛੁਟਕੂ ਇੱਕ ਰੁੱਖ ਤੋਂ ਦੂਜੇ ਰੁੱਖ ’ਤੇ ਹੁੰਦਾ ਹੋਇਆ ਬੜੀ ਮੁਸ਼ਕਲ ਨਾਲ ਘਰ ਪੁੱਜਿਆ। ਚੀਕਾਂ ਮਾਰਦਾ ਹੋਇਆ ਉਹ ਆਪਣੀ ਮਾਂ ਦੀ ਗੋਦ ਵਿੱਚ ਬੈਠਾ ਪਛਤਾਵੇ ਦੇ ਹੰਝੂ ਵਹਾ ਰਿਹਾ ਸੀ। ਉਸ ਦੀ ਲਹੂ-ਲੁਹਾਣ ਪੂਛ ਵੇਖ ਕੇ ਉਸ ਦੀ ਮਾਂ ਦੀਆਂ ਅੱਖਾਂ ਵੀ ਹੰਝੂਆਂ ਨਾਲ ਭਿੱਜ ਗਈਆਂ।
ਓਮਕਾਰ ਸੂਦ ਬਹੋਨਾ,
ਐੱਸ.ਜੀ.ਐੱਮ. ਨਗਰ, ਫ਼ਰੀਦਾਬਾਦ (ਹਰਿਆਣਾ)
ਮੋ. 96540-36080

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ