ਪੰਜਾਬ ਸਰਕਾਰ ਦੇ ਨਾਦਰਸ਼ਾਹੀ ਫੁਰਮਾਨ ਦਾ ਕੀਤਾ ਵਿਰੋਧ | Punjab Govt
ਸ੍ਰੀ ਮੁਕਤਸਰ ਸਾਹਿਬ, (ਭਜਨ ਸਮਾਘ/ਸੱਚ ਕਹੂੰ ਨਿਊਜ਼)। ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਲੰਮੇ ਸਮੇਂ ਤੋਂ ਠੇਕੇ ‘ਤੇ ਕੰਮ ਕਰਦੇ ਸ.ਸ.ਅ/ਰਮਸਾ/ਆਦਰਸ਼ ਮਾਡਲ ਸਕੂਲਾਂ ਦੇ 886 ਅਧਿਆਪਕਾਂ ਨੂੰ ਪੱਕੇ ਕਰਨ ਦੀ ਆੜੇ ਹੇਠ ਉੱਕਾ ਪੁੱਕਾ 10300 ਮਿਹਨਤਾਨਾ ਤੇ ਤਿੰਨ ਸਾਲ ਪ੍ਰੋਬੇਸ਼ਨ ਪੀਰੀਅਡ (ਪਰਖ ਕਾਲ) ਸਮਾਂ ਰੱਖਣ ਦਾ ਨਾਦਰਸ਼ਾਹੀ ਫੁਰਮਾਨ ਬੀਤੀ ਰਾਤ ਪੰਜਾਬ ਸਰਕਾਰ ਵੱਲੋਂ ਜਾਰੀ ਕਰਕੇ ਵਾਪਸ ਲੈਣ ਦਾ ਸਮੁੱਚੇ ਅਧਿਆਪਕ ਵਰਗ ਨੇ ਜ਼ਬਰਦਸਤ ਵਿਰੋਧ ਕਰਦਿਆਂ ਰੋਹ ਭਰਪੂਰ ਅਰਥੀ ਫੂਕ ਮੁਜ਼ਾਹਰਾ ਕੀਤੇ, ਜਿਸ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਖੇ ਅਧਿਆਪਕਾਂ ਵੱਲੋਂ ਜੋਰਦਾਰ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਦੀ ਅਰਥੀ ਸਾੜੀ। (Punjab Govt)
ਮੋਰਚੇ ਦੇ ਕਨਵੀਨਰਾਂ ਲਖਵੀਰ ਸਿੰਘ ਹਰੀਕੇ, ਗੁਰਨੈਬ ਸਿੰਘ ਸੰਧੂ, ਕੁਲਵਿੰਦਰ ਸਿੰਘ ਮਲੋਟ, ਸੁਦਰਸ਼ਨ ਜੱਗਾ ਤੇ ਕੋ-ਕਨਵੀਨਰ ਅਮਰ ਸਿੰਘ, ਹਰਜੀਤ ਸਿੰਘ, ਨਵਦੀਪ ਸਿੰਘ ਭੂੰਦੜ ਨੇ ਪੰਜਾਬ ਸਰਕਾਰ ਨੂੰ ਅੜੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰ ਵੱਲੋਂ ਸਿੱਖਿਆ ਵਿਭਾਗ ਅੰਦਰ ਲਾਗੂ ਕੀਤੀਆਂ ਜਾ ਰਹੀਆਂ ਵਿੱਦਿਆ ਉਜਾੜੂ ਨੀਤੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਵੱਲੋਂ ਸਾਂਝੇ ਅਧਿਆਪਕ ਮੋਰਚੇ ਨੂੰ ਮੀਟਿੰਗ ਦਾ ਕਈ ਵਾਰ ਸਮਾਂ ਦੇ ਕੇ ਮੀਟਿੰਗ ਨਾ ਕਰਨੀ ਪੰਜਾਬ ਦੇ ਅਧਿਆਪਕਾਂ ਨਾਲ ਕੋਝਾ ਮਜ਼ਾਕ ਹੈ ਤੇ ਧੱਕੜ ਵਤੀਰਾ ਕੀਤਾ ਜਾ ਹੈ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨੋਹਰ ਲਾਲ ਸ਼ਰਮਾ, ਜੀਵਨ ਸਿੰਘ ਬਧਾਈ, ਜਸਵਿੰਦਰ ਸਿੰਘ ਝਬੇਲਵਾਲੀ, ਜਤਿਨ ਕੁਮਾਰ, ਸਖਬੀਰ ਭੂੰਦੜ ਮਨੋਜ ਬੇਦੀ, ਇਕਬਾਲ ਲੰਬੀ, ਸਤਵਿੰਦਰ ਟਿੰਕਾ, ਮੈਡਮ ਸੋਮਨ, ਮਨੀਤਾ, ਸੰਦੀਪ ਸ਼ਰਮਾ, ਸੰਦੀਪ ਝਬੇਲਵਾਲੀ ਸਮੇਤ ਵੱਡੀ ਗਿਣਤੀ ‘ਚ ਅਧਿਆਪਕ ਹਾਜ਼ਰ ਸਨ।