ਅਧਿਆਪਕਾਂ ਵੱਲੋਂ ਅਮਰਿੰਦਰ ਸਿੰਘ, ਮਨਪ੍ਰੀਤ ਬਾਦਲ, ਓ. ਪੀ. ਸੋਨੀ ਤੇ ਕ੍ਰਿਸ਼ਨ ਕੁਮਾਰ ਰਾਵਣ ਕਰਾਰ
ਹਰ ਜ਼ਿਲ੍ਹਾ ਹੈੱਡਕੁਆਰਟਰ ‘ਤੇ ਬਣਾਏ ਜਾਣਗੇ 4-4 ਰਾਵਣ, ਸ਼ਾਮ ਨੂੰ ਲਗਾਈ ਜਾਏਗੀ ਅੱਗ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪਟਿਆਲਾ ਵਿਖੇ ਮਰਨ ਵਰਤ ‘ਤੇ ਬੈਠੇ ਰਮਸਾ ਤੇ ਐੱਸ. ਐੱਸ. ਏ. ਅਧਿਆਪਕਾਂ ਵੱਲੋਂ ਪੂਰੇ ਪੰਜਾਬ ‘ਚ ਇੱਕ ਦਿਨ ਪਹਿਲਾਂ ਅੱਜ ਦੁਸਹਿਰਾ ਮਨਾਇਆ ਜਾ ਰਿਹਾ ਹੈ। ਇਸ ਵਿੱਚ ਇੱਕ ਨਹੀਂ, ਸਗੋਂ 4-4 ਰਾਵਣ ਤਿਆਰ ਕੀਤੇ ਗਏ ਹਨ। ਇਨ੍ਹਾਂ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ, ਖਜਾਨਾ ਮੰਤਰੀ ਮਨਪ੍ਰੀਤ ਬਾਦਲ, ਸਿੱਖਿਆ ਮੰਤਰੀ ਓ. ਪੀ. ਸੋਨੀ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਰਾਵਣ ਕਰਾਰ ਦਿੱਤਾ ਗਿਆ ਹੈ।
ਸਾਂਝਾ ਮੋਰਚਾ ਅਧਿਆਪਕ ਯੂਨੀਅਨ ਦੇ ਲੀਡਰ ਰਾਮ ਭਜਨ ਚੌਧਰੀ ਨੇ ਦੱਸਿਆ ਕਿ ਪਿਛਲੇ ਦਸ ਸਾਲਾਂ ਤੋਂ ਠੇਕੇ ‘ਤੇ ਕੰਮ ਕਰਦੇ 8886 ਐਸ.ਐਸ.ਏ. ਅਤੇ ਰਮਸਾ ਅਧਿਆਪਕਾਂ ਦੀਆਂ ਤਨਖ਼ਾਹਾਂ ਵਿੱਚ ਇੱਕ ਆਦੇਸ਼ ਜਾਰੀ ਕਰਦੇ ਹੋਏ 66 ਫੀਸਦੀ ਕਟੌਤੀ ਕਰ ਦਿੱਤੀ ਗਈ ਹੈ। ਇਸ ਲਈ ਉਨ੍ਹਾਂ ਲਈ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਲੈ ਕੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਤੇ ਸਿੱਖਿਆ ਮੰਤਰੀ ਓ. ਪੀ. ਸੋਨੀ ਸਣੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਇੱਕ ਰਾਵਣ ਦੇ ਰੂਪ ‘ਚ ਹੀ ਆਏ ਹਨ, ਕਿਉਂਕਿ ਇਨ੍ਹਾਂ ਚਾਰਾਂ ਨੇ ਉਨ੍ਹਾਂ ਦੀਆਂ ਤਨਖ਼ਾਹਾਂ ‘ਤੇ ਰਾਵਣ ਵਾਂਗ ਡਾਕਾ ਮਾਰਿਆ ਹੈ।
ਉਨ੍ਹਾਂ ਕਿਹਾ ਕਿ ਤਨਖ਼ਾਹਾਂ ‘ਤੇ ਡਾਕਾ ਮਾਰਨ ਵਾਲੇ ਇਨ੍ਹਾਂ ਚਾਰਾ ਨੂੰ ਰਾਵਣ ਕਰਾਰ ਦੇਣ ਤੋਂ ਬਾਅਦ ਸਾਂਝਾ ਮੋਰਚਾ ਅਧਿਆਪਕ ਯੂਨੀਅਨ ਵੱਲੋਂ ਹੀ ਇਹ ਫੈਸਲਾ ਲਿਆ ਗਿਆ ਹੈ ਕਿ ਇਸ ਸਾਲ ਹਰ ਜ਼ਿਲ੍ਹਾ ਹੈੱਡਕੁਆਟਰ ‘ਤੇ ਉਹ 4-4 ਰਾਵਣ ਨੂੰ ਸਾੜਦੇ ਹੋਏ ਆਪਣਾ ਰੋਸ ਜ਼ਾਹਿਰ ਕਰਨਗੇ। ਉਨ੍ਹਾਂ ਦੱਸਿਆ ਕਿ ਹਰ ਜ਼ਿਲ੍ਹਾ ਹੈੱਡਕੁਆਟਰ ‘ਤੇ 4-4 ਰਾਵਣ ਤਿਆਰ ਕਰ ਲਏ ਗਏ ਹਨ ਤੇ ਇਨ੍ਹਾਂ ਚਾਰਾਂ ਦੀਆਂ ਤਸਵੀਰਾਂ ਲਗਾਉਂਦੇ ਹੋਏ ਰਾਵਣ ਨੂੰ ਫੂਕਿਆ ਜਾਏਗਾ।
ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਮੰਗਾਂ ਦਾ ਛੇਤੀ ਕੋਈ ਹੱਲ ਨਾ ਕੱਢਿਆ ਤੇ ਮਰਨ ਵਰਤ ‘ਤੇ ਬੈਠੇ ਕਿਸੇ ਵੀ ਅਧਿਆਪਕ ਦਾ ਕਿਸੇ ਕਿਸਮ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚਾਰਾਂ ਰਾਵਣ ਰੂਪੀ ਸਰਕਾਰ ਦੇ ਪੁਤਲੇ ਸਾੜਨ ਤੋਂ ਬਾਅਦ 21 ਅਕਤੂਬਰ ਨੂੰ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਇਨਕਲਾਬੀ, ਇਸਤਰੀ ਤੇ ਜਨਤਕ ਜਥੇਬੰਦੀਆਂ ਦੇ ਨਾਲ ਪਟਿਆਲਾ ਵਿਸ਼ਾਲ ਰੈਲੀ ਕੀਤੀ ਜਾਵੇਗੀ, ਜੋ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।