ਸਕੂਲ ਪ੍ਰਿੰਸੀਪਲ ‘ਤੇ ਅਧਿਆਪਕਾਵਾਂ ਕਥਿੱਤ ਗਲਤ ਵਿਵਹਾਰ ਕਰਨ ਦੇ ਲਗਾਏ ਦੋਸ਼
ਬਰਨਾਲਾ, (ਜਸਵੀਰ ਸਿੰਘ) ਬਰਨਾਲਾ ਵਿਖੇ ਪੁਲਿਸ ਨੂੰ ਉਸ ਸਮੇਂ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਇੱਕ ਨਿੱਜ਼ੀ ਸਕੂਲ ਦੀਆਂ ਅਧਿਆਪਕਾਵਾਂ ਨੇ ਸਥਾਨਕ ਆਈਟੀਆਈ ਚੌਂਕ ਨੇੜਲੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਕੇ ਸਕੂਲ ਪ੍ਰਿੰਸੀਪਲ ਤੇ ਮੈਨੇਜਮੈਂਟ ਖਿਲਾਫ਼ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।
ਜਿਸ ਦਾ ਪਤਾ ਲਗਦਿਆਂ ਹੀ ਥਾਣਾ ਸਿਟੀ-1 ਦੇ ਇੰਚਾਰਜ਼ ਇਕਬਾਲ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ‘ਤੇ ਪੁੱਜ ਗਏ। ਅਧਿਆਪਕਾਵਾਂ ਦੋਸ਼ ਲਗਾਇਆ ਕਿ ਸਕੂਲ ਪਿੰ੍ਰਸੀਪਲ ਉਨਾਂ ਨਾਲ ਕਥਿੱਤ ਗਲਤ ਵਿਵਹਾਰ ਕਰਦਾ ਹੈ ਜਿਸ ਤੋਂ ਤੰਗ ਆ ਕੇ ਮਜਬੂਰਨ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ ਹੈ।
ਟੈਂਕੀ ‘ਤੇ ਚੜਨ ਵਾਲਿਆਂ ‘ਚ ਸ਼ਾਮਲ ਲਖਵੀਰ ਕੌਰ, ਅਮ੍ਰਿਤਪਾਲ ਕੌਰ, ਸੀਮਾ ਮਿੱਤਲ, ਪ੍ਰਭਜੀਤ ਕੌਰ ਤੇ ਕਿਰਨਦੀਪ ਕੌਰ ਨੇ ਕਿਹਾ ਕਿ ਉਹ ਸਥਾਨਕ ਨਾਮਵਰ ਨਿੱਜੀ ਸਕੂਲ ‘ਚ ਪਿਛਲੇ ਲੰਮੇ ਸਮੇਂ ਤੋਂ ਅਧਿਆਪਕਾ ਦੇ ਤੌਰ ‘ਤੇ ਬੱਚਿਆਂ ਨੂੰ ਪੜਾ ਰਹੀਆਂ ਹਨ। ਜਿਸ ਦੇ ਪ੍ਰਿੰਸੀਪਲ ਤੇ ਮੈਨੇਜਮੈਂਟ ਨਾਲ ਉਨਾਂ ਦਾ ਇੱਕ ਕੇਸ ਵੀ ਟ੍ਰਿਬਿਊਨਲ ਵਿੱਚ ਚੱਲ ਰਿਹਾ ਹੈ।
ਇਸੇ ਕਾਰਨ ਉਕਤ ਪ੍ਰਿੰਸੀਪਲ ਵੱਲੋਂ ਉਨਾਂ ਨੂੰ ਲਾਕਡਾਊਨ ਦੌਰਾਨ ਵੀ ਸਕੂਲ ‘ਚ ਬੁਲਾ ਕੇ ਗਾਹੇ- ਵਗਾਹੇ ਬਿਨਾਂ ਵਜ਼ਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨਾਂ ਵੱਲੋਂ ਸਕੂਲ ਹਦਾਇਤਾਂ ਅਨੁਸਾਰ ਬੱਚਿਆਂ ਨੂੰ ਆਨਲਾਇਨ ਪੜਾਈ ਕਰਵਾਈ ਜਾ ਰਹੀ ਹੈ ਇਸ ਦੇ ਬਾਵਜੂਦ ਵੀ ਪ੍ਰਿੰਸੀਪਲ ਉਨਾਂ ਦੇ ਮੋਬਾਇਲ ਉੱਪਰ ਮੈਸਜਾਂ ਰਾਹੀਂ ਉਨ੍ਹਾਂ ਪ੍ਰਤੀ ਗਲਤ ਸ਼ਬਦਾਂਵਲੀ ਵਰਤ ਕੇ ਉਨਾਂ ਨੂੰ ਦਿਮਾਗੀ ਤੌਰ ‘ਤੇ ਤੰਗ ਪ੍ਰੇਸ਼ਾਨ ਕਰ ਰਿਹਾ ਹੈ।
ਜਿਸ ਕਾਰਨ ਉਨਾਂ ਨੂੰ ਮਾਨਸਿੱਕ ਪੀੜਾ ਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਆਪਕਾਵਾਂ ਨੇ ਸਕੂਲ ਪ੍ਰਿੰਸੀਪਲ ‘ਤੇ ਉਨਾਂ ਨਾਲ ਕਥਿੱਤ ਗਲਤ ਵਿਵਹਾਰ ਕਰਨ ਦੇ ਦੋਸ਼ ਵੀ ਲਗਾਏ ਤੇ ਪਿੰ੍ਰਸੀਪਲ ਖਿਲਾਫ਼ ਪੁਲੀਸ ਕਾਰਵਾਈ ਹੋਣ ‘ਤੇ ਹੀ ਟੈਂਕੀ ਤੋਂ ਉਤਰਨ ਦੀ ਗੱਲ ਆਖੀ। ਪ੍ਰਦਰਸ਼ਨਕਾਰੀਆਂ ਪੁਲੀਸ ‘ਤੇ ਵੀ ਕਾਰਵਾਈ ਦੇ ਨਾਂਅ ਹੇਠ ਇੱਧਰ- ਉੱਧਰ ਭੇਜ ਕੇ ਖੱਜਲ ਖੁਆਰ ਕਰਨ ਦੇ ਦੋਸ਼ ਲਗਾਏ।
ਇਸ ਮੌਕੇ ਪਰਮਜੀਤ ਕੌਰ, ਸੁਖਜੀਤ ਕੌਰ, ਡਿੰਪਲ, ਰਮਨਦੀਪ ਕੌਰ, ਤਰਨਜੀਤ ਕੌਰ, ਪਰਮਦੀਪ ਕੌਰ, ਮੇਨਿਕਾ ਆਦਿ ਅਧਿਆਪਕਾਵਾਂ ਵੀ ਹਾਜ਼ਰ ਸਨ। ਮੌਕੇ ‘ਤੇ ਮੌਜ਼ੂਦ ਥਾਣਾ ਸਿਟੀ-2 ਦੇ ਇੰਚਾਰਜ਼ ਇਕਬਾਲ ਸਿੰਘ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਦੁਆਰਾ ਦਿੱਤੀ ਗਈ ਸ਼ਿਕਾਇਤ ਉਚ ਅਧਿਕਾਰੀਆਂ ਦੇ ਧਿਆਨ ਹਿੱਤ ਹੈ। ਜਿਸ ਸਬੰਧੀ ਚੱਲ ਰਹੀ ਪੜਤਾਲ ਪਿੱਛੋਂ ਬਣਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।