ਚੋਣ ਜ਼ਾਬਤੇ ਕਾਰਨ ਬਦਲੀਆਂ ਦੀ ਰੋਕੀ ਪ੍ਰਕਿਰਿਆ ਛੁੱਟੀਆਂ ਵਿੱਚ ਹੋਵੇ ਪੂਰੀ: ਡੀਟੀਐੱਫ
(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਚੋਣ ਜਾਬਤਾ ਲੱਗਣ ਤੋਂ ਪਹਿਲਾਂ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਬਦਲੀਆਂ ਸਬੰਧੀ ਈ-ਪੰਜਾਬ ਉੱਤੇ ਚਲਾਇਆ ਜਾਂਦਾ ਪੋਰਟਲ ਖੋਲ੍ਹਿਆ ਗਿਆ ਸੀ। ਇਸ ਪੋਰਟਲ ’ਤੇ ਬਦਲੀ ਲਈ ਆਨਲਾਈਨ ਬਿਨੈ ਪੱਤਰ ਦੇਣ ਲਈ 12 ਮਾਰਚ 2024 ਤੋਂ 19 ਮਾਰਚ 2024 ਤੱਕ ਦਾ ਸਮਾਂ ਦਿੱਤਾ ਗਿਆ ਸੀ, ਪਰ ਇਸ ਦਰਮਿਆਨ ਚੋਣ ਜਾਬਤਾ ਲੱਗਣ ਕਾਰਣ ਬਦਲੀਆਂ ਦੀ ਪ੍ਰਕਿਰਿਆ ਨੂੰ ਵਿੱਚੇ ਹੀ ਰੋਕ ਦਿੱਤਾ ਗਿਆ ਸੀ। Teacher Transfer Portal
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡੈਮੋਕਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਫ਼ਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ, ਜਨਰਲ ਸਕੱਤਰ ਜੋਸ਼ੀਲ ਤਿਵਾੜੀ ਅਤੇ ਵਿੱਤ ਸਕੱਤਰ ਸੁਖਜਿੰਦਰ ਸਿੰਘ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕੀਤਾ। ਉਨ੍ਹਾਂ ਸਿੱਖਿਆ ਵਿਭਾਗ ਪੰਜਾਬ ਕੋਲੋਂ ਮੰਗ ਕੀਤੀ ਹੈ ਕਿ ਬਦਲੀਆਂ ਵਾਲਾ ਪੋਰਟਲ ਮੁੜ ਤੋਂ ਚਾਲੂ ਕਰਦਿਆਂ ਗਰਮੀ ਦੀਆਂ ਛੁੱਟੀਆਂ ਵਿੱਚ ਇਸ ਪ੍ਰਕ੍ਰਿਰਿਆ ਨੂੰ ਪੂਰਾ ਕੀਤਾ ਜਾਵੇ ਅਤੇ ਸਮੂਹ ਅਧਿਆਪਕਾਂ ਨੂੰ ਇਸ ਪੋਰਟਲ ’ਤੇ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇ। Teacher Transfer Portal
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਪੁਲਿਸ ਕਮਿਸ਼ਨਰ ਸਮੇਤ ਇਨ੍ਹਾਂ ਵੱਡੇ ਅਧਿਕਾਰੀਆਂ ਦੇ ਕੀਤੇ ਤਬਾਦਲੇ
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸੈਸ਼ਨ 2021-22 ਵਿੱਚ ਬਦਲੀ ਕਰਾਉਣ ਵਾਲੇ ਉਨ੍ਹਾਂ ਅਧਿਆਪਕਾਂ ਨੂੰ, ਜਿੰਨ੍ਹਾਂ ਅਧਿਆਪਕਾਂ ਦੀ ਬਦਲੀ ਸੈਸ਼ਨ 2022-23 ਜਾਂ 2023-24 ਵਿੱਚ ਦੇਰੀ ਨਾਲ ਲਾਗੂ ਹੋਈ ਸੀ, ਸੈਸ਼ਨ 2024-25 ਵਿੱਚ ਬਦਲੀ ਕਰਾਉਣ ਦਾ ਮੌਕਾ ਦਿੱਤਾ ਜਾਵੇ ਅਤੇ ਅਧਿਆਪਕਾਂ ਨੂੰ ਆਪਸੀ ਬਦਲੀ ਕਰਵਾਉਣ ’ਤੇ ਕਿਸੇ ਤਰ੍ਹਾਂ ਦੀ ਸ਼ਰਤ ਨਾ ਲਗਾਈ ਜਾਵੇ।
ਇਸ ਮੌਕੇ ਡੀ.ਟੀ.ਐੱਫ. ਆਗੂਆਂ ਹਰਿੰਦਰਜੀਤ ਸਿੰਘ, ਰਾਜਵਿੰਦਰ ਸਿੰਘ ਧਨੋਆ, ਜਤਿੰਦਰ ਸਿੰਘ,ਅਮਰਿੰਦਰ ਸਿੰਘ ਮਲੌਦ, ਨਵਜੋਤ ਸਿੰਘ, ਧਰਮਿੰਦਰ ਸਿੰਘ, ਬਲਜਿੰਦਰ ਘਈ, ਮਹਿੰਦਰਪਾਲ ਸਿੰਘ, ਅਮਨਦੀਪ ਸਿੰਘ, ਗੁਲਸ਼ਨ ਕੁਮਾਰ ਅਤੇ ਅਮਰਜੀਤ ਵਰਮਾ ਨੇ ਸਿੱਖਿਆ ਵਿਭਾਗ ਪੰਜਾਬ ਕੋਲੋਂ ਮੰਗ ਕੀਤੀ ਕਿ ਦੂਰ ਦੇ ਜ਼ਿਲ੍ਹਿਆਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਨੂੰ ਪਹਿਲ ਦੇ ਆਧਾਰ ’ਤੇ ਬਦਲਿਆ ਜਾਵੇ ਕਿਉਂਕਿ ਪਿਛਲੇ ਸਮੇਂ ਵਿੱਚ ਅਨੇਕਾਂ ਅਧਿਆਪਕਾਂ ਨੂੰ ਦੁਰੇਡੇ ਖੇਤਰਾਂ ਵਿੱਚ ਆਉਣ ਜਾਣ ਦੌਰਾਨ ਹੋਈਆਂ ਸੜਕੀ ਦੁਰਘਟਨਾਵਾਂ ਦੌਰਾਨ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਹਨ।