ਕਰ ਵਿਭਾਗ ਦੇ ਇਨਫੋਰਸਮੈਂਟ ਵਿੰਗ ਨੇ ਅਪਰੈਲ ਮਹੀਨੇ ਟੈਕਸ ਚੋਰਾਂ ’ਤੇ 10.44 ਕਰੋੜ ਰੁਪਏ ਦਾ ਲਗਾਇਆ ਜ਼ੁਰਮਾਨਾ

ਜ਼ੁਰਮਾਨਾ ਰਾਸ਼ੀ ਦੇ ਹਿਸਾਬ ਨਾਲ ਹੁਣ ਤੱਕ ਕਿਸੇ ਵੀ ਮਹੀਨੇ ਕੀਤੀ ਗਈ ਸਭ ਤੋਂ ਵੱਡੀ ਕਾਰਵਾਈ

ਅਸ਼ਵਨੀ ਚਾਵਲਾ, ਚੰਡੀਗੜ੍ਹ। ਸਰਕਾਰੀ ਖਜ਼ਾਨਾ ਨੂੰ ਖੋਰਾ ਲਗਾਉਣ ਵਾਲਿਆਂ ਖਿਲਾਫ ਨਿਰੰਤਰ ਕਾਰਵਾਈ ਕਰਦਿਆਂ ਟੈਕਸ ਚੋਰੀ ’ਤੇ ਨਿਰੰਤਰ ਚੌਕਸੀ ਰੱਖਦੇ ਹੋਏ ਜੀ.ਐੱਸ.ਟੀ.ਵਿਭਾਗ ਦੇ ਇਨਫੋਰਸਮੈਂਟ ਵਿੰਗ ਨੇ ਅਪਰੈਲ 2021 ਦੇ ਮਹੀਨੇ ਦੌਰਾਨ 10.44 ਕਰੋੜ ਰੁਪਏ ਜ਼ੁਰਮਾਨਾ ਲਗਾਇਆ ਹੈ। ਕਿਸੇ ਵੀ ਇਕ ਮਹੀਨੇ ਵਿੱਚ ਕੀਤੀ ਗਈ ਇਹ ਸਭ ਤੋਂ ਵੱਡੀ ਕਾਰਵਾਈ ਹੈ ਅਤੇ ਪਹਿਲੀ ਵਾਰ ਜ਼ੁਰਮਾਨੇ ਦੀ ਰਾਸ਼ੀ ਕਰੋੜਾਂ ਦੇ ਦਹਾਈ ਦੇ ਅੰਕ ’ਤੇ ਪਹੁੰਚੀ ਹੈ।

ਇਹ ਖੁਲਾਸਾ ਕਰ ਵਿਭਾਗ ਦੇ ਬੁਲਾਰੇ ਵੱਲੋਂ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ ਗਿਆ। ਬੁਲਾਰੇ ਨੇ ਦੱਸਿਆ ਕਿ ਇਸ ਤੱਥ ਦੇ ਬਾਵਜੂਦ ਕਿ ਕੋਵਿਡ-19 ਦੇ ਕੇਸਾਂ ਦੀ ਗਿਣਤੀ ਵਿੱਚ ਅਪਰੈਲ 2021 ਵਿਚ ਵਾਧਾ ਹੋਇਆ ਅਤੇ ਪਿਛਲੇ ਸਾਲ ਤੋਂ ਮੋਬਾਇਲ ਵਿੰਗਾਂ ਦੀ ਗਿਣਤੀ 13 ਤੋਂ ਘੱਟ ਕੇ 7 ਹੋ ਗਈ ਹੈ, ਸਟੇਟ ਜੀ.ਐਸ.ਟੀ. ਵਿਭਾਗ ਦੇ ਇਨਫੋਰਸਮੈਂਟ ਵਿੰਗ ਨੇ ਇੱਕ ਨਵਾਂ ਮਾਅਰਕਾ ਸਥਾਪਤ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਟੈਕਸ ਵਿਭਾਗ ਦੇ ਇਨਫੋਰਸਮੈਂਟ ਵਿੰਗ ਵਿਚਲੇ ਅਧਿਕਾਰੀ ਜੀ.ਐਸ.ਟੀ. ਤੋਂ ਦੂਰ ਰਹਿਣ ਵਾਲੀਆਂ ਚੀਜ਼ਾਂ ਦੀ ਗੈਰ-ਕਾਨੂੰਨੀ ਮੂਵਮੈਂਟ ’ਤੇ ਚੌਕਸੀ ਰੱਖਦੇ ਹਨ। ਅਧਿਕਾਰੀ ਅਚਨਚੇਤ ਕਾਰਵਾਈ, ਮੁਖਬਰਾਂ, ਟੈਕਸ ਦੀਆਂ ਸੰਭਾਵਿਤ ਵਸਤੂਆਂ ਉੱਤੇ ਨਿਗਰਾਨੀ ਆਦਿ ਦੇ ਆਧਾਰ ’ਤੇ ਕੰਮ ਕਰਦੇ ਹਨ। ਜਦੋਂ ਜੀ.ਐਸ.ਟੀ. ਚੋਰੀ ਵਿੱਚ ਸ਼ਾਮਲ ਇਨ੍ਹਾਂ ਵਾਹਨਾਂ ਨੂੰ ਫੜਿਆ ਜਾਂਦਾ ਹੈ, ਤਾਂ ਜੀ.ਐਸ.ਟੀ. ਐਕਟ ਦੀਆਂ ਧਾਰਾਵਾਂ ਤਹਿਤ ਨੋਟਿਸ ਜਾਰੀ ਕੀਤੇ ਜਾਂਦੇ ਹਨ ਅਤੇ ਸਬੰਧਿਤ ਧਿਰ ਨੂੰ ਮੌਕਾ ਦੇਣ ਤੋਂ ਬਾਅਦ ਜ਼ੁਰਮਾਨਾ ਲਗਾਇਆ ਜਾਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।