ਮਾਖਿਉਂ ਮਿੱਠੜੇ ਬੋਲ

ਮਾਖਿਉਂ ਮਿੱਠੜੇ ਬੋਲ

ਸਾਡੇ ਜੀਵਨ ’ਚ ਜਿੰਨਾ ਮਹੱਤਵ ਤੰਦਰੁਸਤੀ ਅਤੇ ਖੁਸ਼ੀ ਦਾ ਹੈ ਉਸ ਤੋਂ ਕਿਤੇ ਜ਼ਿਆਦਾ ਮਹੱਤਵ ਬੋਲ-ਵਾਣੀ ਦਾ ਹੈ। ਵਾਣੀ, ਯਾਨੀ ਕਿ ‘ਗੱਲਬਾਤ, ਸ਼ਬਦ-ਸ਼ਕਤੀ’। ਜੀਵਨ ’ਚ ਸਫਲਤਾ ਦੀ ਗੱਲ ਹੋਵੇ, ਲੋਕ ਵਿਉਹਾਰ ਦੀ ਜਾਂ ਇੱਜਤ ਮਾਣ ਦੀ, ਇਸ ’ਚ ਬੋਲ-ਵਾਣੀ ਦਾ ਬੜਾ ਮਹੱਤਵ ਹੈ। ਕੁੱਝ ਪ੍ਰਾਪਤ ਕਰਨ ਲਈ ਵਾਣੀ ਦੀ ਅਹਿਮ ਭੂਮਿਕਾ ਹੁੰਦੀ ਹੈ। ਇੱਜਤ-ਬਦਨਾਮੀ, ਸਫਲਤਾ-ਅਸਫਲਤਾ, ਨਫਾ-ਨੁਕਸਾਨ, ਇਹ ਸਭ ਵਾਣੀ ਨਾਲ ਹੀ ਪ੍ਰਾਪਤ ਹੁੰਦੇ ਹਨ।ਮਾਖਿਉਂ ਮਿੱਠੀ ਵਾਣੀ, ਵਿਗੜੇ ਕੰਮ ਵੀ ਸੰਵਾਰ ਦਿੰਦੀ ਹੈ। ਸੁਚੱਜਤਾ ਅਤੇ ਚਤੁਰਾਈ ਨਾਲ ਕੀਤੀ ਗੱਲਬਾਤ ਨਾਲ ਵੱਡੀਆਂ-ਵੱਡੀਆਂ ਸਮੱਸਿਆਵਾਂ ਅਤੇ ਗੁੰਝਲਦਾਰ ਗੁੱਥੀਆਂ ਨੂੰ ਆਦਮੀ ਪਲਾਂ ’ਚ ਹੀ ਸੁਲਝਾ ਲੈਂਦਾ ਹੈ। ਬੇ-ਢੰਗੀ ਗੱਲਬਾਤ, ਰੁੱਖੇ ਅਤੇ ਕੌੜੇ ਬੋਲਾਂ ਨਾਲ, ਸਮੱਸਿਆਵਾਂ ਉਲਝ ਜਾਂਦੀਆਂ ਹਨ ਅਤੇ ਕਈ ਵੇਰ ਆਦਮੀ ਦਾ ਬਣਿਆ-ਬਣਾਇਆ ਕੰਮ ਵਿਗੜ ਜਾਂਦਾ ਹੈ।

ਇਸ ਲਈ ਕਿਹਾ ਜਾਂਦਾ ਹੈ ਕਿ ਆਪਣੀ ਜੁਬਾਨ ਨੂੰ ਕਾਬੂ ’ਚ ਰੱਖਿਆ ਜਾਵੇ।ਇਹ ਗੱਲ ਹਮੇਸ਼ਾ ਧਿਆਨ ’ਚ ਰੱਖਣੀ ਚਾਹੀਦੀ ਹੈ ਕਿ ਗੱਲਬਾਤ ਕਰਨਾ ਵੀ ਇੱਕ ਕਲਾ ਹੈ। ਜਦੋਂ ਗੱਲਬਾਤ ਕਰਦਿਆਂ ਬੋਲਾਂ ’ਚ ਤਿੱਖਾਪਣ, ਕੜਵਾਹਟ ਜਾਂ ਰੁੱਖਾਪਣ ਆ ਜਾਵੇ ਤਾਂ ਗੱਲ ਵਿਗੜਦਿਆਂ ਦੇਰ ਨਹੀਂ ਲੱਗਦੀ। ਗੱਲਬਾਤ ’ਚ ਸ਼ਬਦਾਂ ਦੀ ਚੋਣ ਦਾ ਬਹੁਤ ਹੀ ਮਹੱਤਵ ਹੈ।ਕਿਸੇ ਵੀ ਗੱਲਬਾਤ ਦੇ ਪਿੱਛੇ ਬਹੁਤ ਸਾਰੇ ਕਾਰਨ ਹੁੰਦੇ ਹਨ। ਵਿਚਾਰਾਂ ਦੇ ਅਦਾਨ-ਪ੍ਰਦਾਨ ਦਾ ਵੀ ਇੱਕ ਮਹੌਲ ਹੁੰਦਾ ਹੈ। ਗੱਲਬਾਤ ਦੇ ਕਈ ਮੁੱਦੇ ਵੀ ਹੋ ਸਕਦੇ ਹਨ। ਇਸ ਲਈ ਗੱਲ ਕਿਵੇਂ ਕਰਨੀ ਹੈ? ਗੱਲ ਕਰਦਿਆਂ ਕਿਹੜੇ ਵੇਲੇ ਕੀ ਸ਼ਬਦ ਬੋਲਣੇ ਹਨ? ਇਹ ਵਿਚਾਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।ਦਰਅਸਲ ਗੱਲਬਾਤ ਲਈ ਕੋਈ ਨਿਰਧਾਰਤ ਨਿਯਮ ਨਹੀਂ ਹੁੰਦੇ

ਪਰ ਇਹ ਸੋਚਣਾ ਜਰੂਰੀ ਹੁੰਦਾ ਹੈ ਕਿ ਬੋਲਣ ਵੇਲੇ ਸ਼ਬਦ ਪ੍ਰਭਾਵਸ਼ਾਲੀ ਅਤੇ ਵਜ਼ਨਦਾਰ ਹੋਣ। ਇਹ ਖਿਆਲ ਰੱਖਣਾ ਵੀ ਜ਼ਰੂਰੀ ਹੁੰਦਾ ਹੈ ਕਿ ਸਾਡੀ ਗੱਲਬਾਤ ਗੈਰ-ਜਰੂਰੀ, ਅਕਾਊ ਅਤੇ ਜ਼ਿਆਦਾ ਲੰਮੀ-ਚੌੜੀ ਤਾਂ ਨਹੀਂ? ਵੱਡੀ ਤੋਂ ਵੱਡੀ ਗੱਲ ਵੀ ਘੱਟ ਤੋਂ ਘੱਟ ਸ਼ਬਦਾਂ ’ਚ ਕੀਤੀ ਜਾਵੇ ਤਾਂ ਉਸਦਾ ਡੂੰਘਾ ਪ੍ਰਭਾਵ ਪੈਂਦਾ ਹੈ।ਕੁੱਝ ਲੋਕਾਂ ਨੂੰ ਖਰੀਆਂ ਗੱਲਾਂ ਕਰਨ ਦਾ ਜ਼ਿਆਦਾ ਸ਼ੌਂਕ ਹੁੰਦਾ ਹੈ। ਉਹ ਹਰ ਵੇਲੇ ਖਰੀ ਅਤੇ ਸੱਚੀ ਗੱਲ ਕਰਨ ਦਾ ਦਮ ਭਰਦੇ ਹਨ ਪਰ ਖਰੀ ਗੱਲ ਵੀ ਮੌਕਾ ਵੇਖ ਕੇ ਕਰਨੀ ਚਾਹੀਦੀ ਹੈ, ਨਹੀਂ ਤਾਂ ਇਹ ਨੁਕਸਾਨਦਾਇਕ ਸਿੱਧ ਹੁੰਦੀ ਹੈ। ਬਿਨਾਂ ਪੁੱਛੇ ਕਦੇ ਵੀ ਆਪਣੀ ਰਾਏ ਪੇਸ਼ ਨਹੀਂ ਕਰਨੀ ਚਾਹੀਦੀ। ਕੋਈ ਦੋ ਜਣੇ ਜੇਕਰ ਗੱਲਬਾਤ ਕਰ ਰਹੇ ਹੋਣ ਤਾਂ ਵਿਚਕਾਰ ਜਾ ਕੇ ਬੋਲਣ ਨਾਲ ਤੁਹਾਡੀ ਸ਼ਾਨ ’ਚ ਫਰਕ ਪੈ ਸਕਦਾ ਹੈ।

ਗੱਲ ਉਹੀ ਠੀਕ ਹੈ ਜੋ ਸੁਣਨ ਵਾਲੇ ਨੂੰ ਚੰਗੀ ਲੱਗੇ। ਜੀਵਨ ਨੂੰ ਖੁਸ਼ਹਾਲ ਬਣਾਉਣ ਲਈ ਆਪਣੀ ਜੁਬਾਨ ਨੂੰ ਕਾਬੂ ’ਚ ਰੱਖੋ। ਆਪਣੀ ਗੱਲ ਕਰੋ ਪਰ ਦੂਸਰਿਆਂ ਦੀ ਗੱਲ ਵੀ ਗੰਭੀਰਤਾ ਨਾਲ ਸੁਣੋ। ਜੇਕਰ ਕਿਸੇ ਦੀ ਸਮੱਸਿਆ ਦਾ ਕੋਈ ਸਹੀ ਹੱਲ ਤੁਹਾਡੇ ਕੋਲ ਹੈ ਤਾਂ ਦੱਸੋ ਨਹੀਂ ਤਾਂ ਚੁੱਪ ਰਹੋ। ਆਪਣੀ ਬੋਲ-ਵਾਣੀ ਨਾਲ ਦੂਸਰਿਆਂ ਨੂੰ ਅਜਿਹਾ ਹੀ ਸਤਿਕਾਰ ਦਿਓ, ਜਿਹੋ-ਜਿਹਾ ਤੁਸੀਂ ਆਪਣੇ ਲਈ ਚਾਹੁੰਦੇ ਹੋ।ਸਾਡੇ ਬਜ਼ੁਰਗਾਂ ਨੇ ਬੜਾ ਸੋਚ-ਸਮਝ ਕੇ ਇੱਕ ਕਹਾਵਤ ਨੂੰ ਜਨਮ ਦਿੱਤਾ ਸੀ- ‘ਪਹਿਲਾਂ ਤੋਲੋ ਫਿਰ ਬੋਲੋ’ ਇਹ ਸੱਚ ਹੈ। ਇਨਸਾਨ ਨੂੰ ਬੋਲਣ ਤੋਂ ਪਹਿਲਾਂ ਪੰਜਾਹ ਵਾਰ ਸੋਚਣਾ ਚਾਹੀਦਾ ਹੈ ਕਿ ਕੀ ਬੋਲਣਾ ਚਾਹੀਦਾ ਹੈ?

ਕਿਉਂ ਬੋਲਣਾ ਚਾਹੀਦਾ ਹੈ? ਉਹਦੀ ਇਸ ਗੱਲ ਦਾ ਸਾਹਮਣੇ ਵਾਲੇ ਉੱਤੇ ਜਾਂ ਮਹੌਲ ਉੱਤੇ ਕੀ ਪ੍ਰਭਾਵ ਪਵੇਗਾ? ਕਿਤੇ ਉਹ ਅਜਿਹਾ ਤਾਂ ਨਹੀਂ ਬੋਲ ਰਿਹਾ ਜਿਸ ਨਾਲ ਸਾਹਮਣੇ ਵਾਲੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ? ਭਾਵ, ਜੋ ਕੁੱਝ ਵੀ ਬੋਲਣਾ ਹੈ, ਸੋਚ-ਸਮਝ ਕੇ ਬੋਲਣਾ ਚਾਹੀਦਾ ਹੈ ਕਿਉਂਕਿ ਕਮਾਨ ’ਚੋਂ ਨਿੱਕਲਿਆ ਤੀਰ ਤੇ ਜੁਬਾਨੋ ਨਿੱਕਲੇ ਬੋਲ ਵਾਪਸ ਨਹੀਂ ਮੁੜਦੇ। ਜੇਕਰ ਅਸੀਂ ਪੁਰਾਣੀਆਂ ਮਾਨਤਾਵਾਂ ਅਤੇ ਆਪਣੇ ਬਜ਼ੁਰਗਾਂ ਦੇ ਬਣਾਏ ਨਿਯਮਾਂ ਦਾ ਪਾਲਣ ਕਰਾਂਗੇ ਤਾਂ ਜੀਵਨ ’ਚ ਕੜਵਾਹਟ ਵਿਵਾਦ ਅਤੇ ਮਾਨਸਿਕ ਕਲੇਸ਼ ਪੈਦਾ ਈ ਨਹੀਂ ਹੋਣਗੇ ਅਤੇ ਜੇਕਰ ਇਹ ਨਹੀਂ ਹੋਣਗੇ ਤਾਂ ਕੋਈ ਕਾਰਨ ਨਹੀਂ ਕਿ ਜੀਵਨ ਖੁਸ਼ਹਾਲ ਨਾ ਹੋਵੇ। ਹੱਸਦਿਆਂ ਖੇਡਦਿਆਂ ਅਤੇ ਧਮਾਲਾਂ ਪਾਉਂਦਿਆਂ ਜੀਵਨ ਗੁਜ਼ਾਰਨਾ ਹੈ ਤਾਂ ਇਨ੍ਹਾਂ ਬਰੀਕੀਆਂ ਉੱਤੇ ਜਰੂਰ ਅਮਲ ਕਰਨਾ ਪਵੇਗਾ।ਫਰੀਦਕੋਟ, ਮੋ. 98152-96475

ਸੰਤੋਖ ਸਿੰਘ ਭਾਣਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ