ਰਚਨਾਤਮਕ ਊਰਜਾ ਦਾ ਸਰੋਤ, ਚੁੱਪ

ਰਚਨਾਤਮਕ ਊਰਜਾ ਦਾ ਸਰੋਤ, ਚੁੱਪ

ਚੁੱਪ ਮਨੁੱਖੀ ਜ਼ਿੰਦਗੀ ਦਾ ਅਹਿਮ ਤੇ ਰਹੱਸਮਈ ਪਹਿਲੂ ਹੈ, ਜਿਸ ਦੇ ਹਾਵ-ਭਾਵ ਦੀ ਕਿਰਿਆ ਹੀ ਜਵਾਬਦਾਰ ਹੁੰਦੀ ਹੈ ਚੁੱਪ ਦੀ ਭਾਸ਼ਾ ਨੂੰ ਸਮਝਣਾ ਜਾਂ ਵੱਸ ਵਿਚ ਕਰਨਾ ਅਸਾਨ ਨਹੀਂ। ਭਾਵੇਂ ਆਪਣਾ ਧਿਆਨ ਕਿਤੇ ਵੀ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰੀਏ ਫਿਰ ਵੀ ਚੁੱਪ ਨਹੀਂ ਰਹਿ ਸਕਦੇ। ਮਨ ਦੇ ਸਹਿਜ ਵਿਚਾਰ ਜਾਂ ਬਾਹਰੀ ਸੰਸਾਰ ਦਾ ਅਵੱਲੜ ਵਰਤਾਰਾ ਚੁੱਪ ਨਾਲ ਸਹਿਚਾਰ ਨਹੀਂ ਬਣਨ ਦਿੰਦਾ। ਬੋਲਣਾ ਬਹੁਤ ਸੌਖਾ ਹੈ। ਪਰ ਅਜਿਹੇ ਅਨੇਕ ਪੜਾਅ ਹਨ ਜਿੱਥੇ ਵਕਤ ਦੇ ਤਕਾਜੇ ਨਾਲ ਚੁੱਪ ਰਹਿਣਾ ਹੀ ਠੀਕ ਸਮਝਿਆ ਜਾਂਦਾ ਹੈ ਅਕਸਰ ਸਿਆਣੇ ਸਮਝਾਉਂਦੇ ਹਨ, ਜੇ ਲੜਾਈ ਵਿੱਚ ਇੱਕ ਧਿਰ ਚੁੱਪ ਹੋ ਜਾਵੇ ਤਾਂ ਬਹੁਤੇ ਮਸਲੇ ਹੱਲ ਹੋ ਜਾਂਦੇ ਹਨ ਤੋਲ ਕੇ ਬੋਲੇ, ਸ਼ਬਦਾਂ ਨਾਲ ਹੀ ਘਰ ਬੱਝੇ ਰਹਿੰਦੇ ਹਨ ਚੁੱਪ ਹੀ ਉਮਰ ਭਰ ਰਿਸ਼ਤੇ ਨਿਭਾਉਣ ਵਿਚ ਸਹਾਈ ਹੈ ਸ਼ਾਇਦ ਇਸੇ ਲਈ ਪੰਜਾਬੀ ਦਾ ਅਖਾਣ ‘ਇੱਕ ਚੁੱਪ ਸੌ ਸੁੱਖ’ ਸਮਾਜਿਕ ਵਿਹਾਰ ਦਾ ਹਿੱਸਾ ਬਣ ਗਿਆ ।

ਅਜਿਹੇ ਅਨੇਕਾਂ ਕੰਮ, ਜੋ ਸੁਣਨ ਨਾਲ ਹੀ ਸਮਝੇ ਜਾ ਸਕਦੇ ਹਨ, ਪਰ ਸਮਝਣ ਲਈ ਚੁੱਪ ਜਰੂਰੀ ਹੈ ਸਿੱਖਣ ਤੇ ਸਮਝਣ ਲਈ ਚੁੱਪ ਦੀ ਬੋਲਣ ਦੇ ਬਰਾਬਰ ਦੀ ਅਹਿਮੀਅਤ ਹੈ ਚੁੱਪ ਸਾਡੀ ਕਲਪਨਾ ਦੇ ਅਲੋਕਾਰੀ ਵਿਚਾਰਾਂ ਵਿਚ ਵਾਧਾ ਕਰਦੀ ਹੈ ਚੁੱਪ ਲਾਤੀਨੀ ਭਾਸ਼ਾ ਦੇ ਸ਼ਬਦ ਸਾਈਲੈਂਸ ਤੋਂ ਆਇਆ ਹੈ ਜਿਸ ਦਾ ਅਰਥ ਸ਼ਾਂਤ ਜਾਂ ਆਵਾਜ ਦੀ ਅਣਹੋਂਦ ਹੈ। ਜੋ ਧਿਆਨ ਨੂੰ ਉਤਸ਼ਾਹਿਤ ਕਰਦੀ ਤੇ ਇਕਾਗਰਤਾ ਨੂੰ ਵਧਾਉਂਦੀ ਹੋਈ ਛੁਪੀ ਕਲਾ ਨਾਲ ਜੁੜਨ ਦੀ ਆਗਿਆ ਦਿੰਦੀ ਹੈ।

ਜਿਸ ਨਾਲ ਸੋਚਣ ਅਤੇ ਕੰਮ ਕਰਨ ਦੀ ਸ਼ਕਤੀ ਪ੍ਰਾਪਤ ਕਰਦੇ ਹਾਂ। ਪਰ ਅਜੋਕੇ ਸਮੇਂ ਚੁੱਪ ਸ਼ਬਦ ਖੌਫ ਨਾਲ ਜੋੜ ਦਿੱਤਾ ਚੁੱਪ ਨੂੰ ਅੰਦਰੂਨੀ ਤੌਰ ’ਤੇ ਖਤਰਨਾਕ, ਸਮਾਜ ਵਿਰੋਧੀ ਜਾਂ ਅਸਧਾਰਨ ਵਜੋਂ ਦੇਖਦੇ ਹਾਂ। ਨੇਤਾਵਾਂ ਦਾ ਬੋਲਣਾ ਭੈਭੀਤ ਨਹੀਂ ਕਰਦਾ ਸਗੋਂ ਉਨ੍ਹਾਂ ਦੇ ਮੂੰਹ ’ਤੇ ਪੱਸਰੀ ਚੁੱਪ ਨਾਲ ਸੰਨਾਟਾ ਫੈਲ ਜਾਂਦਾ ਹੈ ਜਿਸ ਦੇ ਬੋਲਣ ਨਾਲ ਨੀਤੀਆਂ ਬਣਦੀਆਂ ਤੇ ਬਦਲਦੀਆਂ ਤੇ ਪਾਰਟੀ ਦੀ ਦਸ਼ਾ ਰਾਤੋ-ਰਾਤ ਬਦਲ ਜਾਂਦੀ ਹੈ ਉਸੇ ਤਰ੍ਹਾਂ ਅੱਲ੍ਹੜ ਉਮਰ ਦੀ ਚੁੱਪ ਮਾਪਿਆਂ ਦਾ ਚੈਨ ਉਡਾ ਦਿੰਦੀ ਹੈ ਭਾਵੇਂ ਉਹ ਅਣਬੁੱਝੇ ਸਵਾਲਾਂ ਦੇ ਫੈਸਲੇ ਸਾਰਥਿਕ ਹੀ ਹੋਵਣ ਕੁਝ ਤਰਕਹੀਣ ਤੱਥਾਂ ਕਾਰਨ ਅਸੀਂ ਚੁੱਪ ਤੋਂ ਡਰਦੇ ਅਤੇ ਨਫਰਤ ਕਰਦੇ ਹਾਂ ਇਸ ਤੋਂ ਬਚਣ ਲਈ ਹਰ ਸੰਭਵ ਕੋਸ਼ਿਸ਼ ਹੁੰਦੀ ਹੈ।

ਲੰਡਨ ਦੀ ਲੇਖਿਕਾ ਸਾਰਾ ਮੈਟਲੈਂਡ ਨੇ ਆਪਣੀ ਪ੍ਰਕਾਸ਼ਨ ਚੁੱਪ ਦੀ ਕਿਤਾਬ ਵਿੱਚ ਕਿਹਾ ਕਿ ਚੁੱਪ ਸਿਰਫ ਆਵਾਜ ਦੀ ਅਣਹੋਂਦ ਨਹੀਂ ਹੈ, ਇਹ ਇਸ ਤੋਂ ਵੱਧ ਹੈ। ਚੁੱਪ ਇੱਕ ਕੁਦਰਤੀ ਵਰਤਾਰਾ ਹੈ ਜੋ ਰਚਨਾਤਮਕ ਊਰਜਾ ਦਾ ਇੱਕ ਸਰੋਤ ਹੋ ਸਕਦਾ ਹੈ ਇਸ ਤੋਂ ਬਚਣ ਦੀ ਬਜਾਏ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਲਾਭ ਲੈਣਾ ਚਾਹੀਦਾ ਹੈ। ਅਸੀਂ ਆਪਣੀ ਜ਼ਿੰਦਗੀ ਵਿੱਚ ਚੁੱਪ ਦੀ ਕਦਰ ਨਹੀਂ ਕਰਦੇ ਉਲਟਾ ਰੌਲੇ-ਰੱਪੇ ਦੇ ਆਦੀ ਹੋ ਗਏ ਹਾਂ। ਵਿਡੰਬਨਾ ਇਹ ਵੀ ਕਿ ਅਗਸਤ 2021 ਦੇ ਕੌਮਾਂਤਰੀ ਸਰਵੇ ਅਨੁਸਾਰ ਭਾਰਤ ਸ਼ਾਂਤ ਦੇਸ਼ਾਂ ਦੇ ਰੈਂਕ ਵਿੱਚ 135ਵੇਂ ਸਥਾਨ ਤੇ ਆਇਸਲੈਂਡ ਪਹਿਲੇ ਸਥਾਨ ’ਤੇ ਹੈ ਜਦੋਂਕਿ ਭਾਰਤ ਉਸ ਤੋਂ 32 ਗੁਣਾ ਵੱਡਾ ਤੇ ਵਾਧੂ ਵਿਕਾਸ ਦੇ ਸੋਮੇ ਮੌਜ਼ੂਦ ਹਨ

ਚੁੱਪ ਵਿੱਚ ਰਚਨਾਤਮਕਤਾ ਕਿਰਿਆ ਦਾ ਅਹਿਮ ਪਹਿਲੂ ਛੁਪਿਆ ਹੈ ਧਰਤੀ ਉੱਪਰ ਜੀਵਤ ਪ੍ਰਣੀਆਂ ਨਾਲੋਂ ਮਨੁੱਖ ਦਿਮਾਗੀ ਤੌਰ ’ਤੇ ਵਧੇਰੇ ਵਿਕਸਤ ਹੈ ਪਰ ਕੁਝ ਗੈਰ-ਸਿਹਤਮੰਦ ਆਦਤਾਂ ਦੁਆਰਾ ਇਹ ਗੁਣ ਨਿਵਾਣ ਵੱਲ ਜਾ ਰਿਹਾ ਹੈ। ਕਿਸੇ ਵੀ ਕਿਰਿਆ ਸਮੇਂ ਅਸ਼ਾਂਤ ਵਾਤਾਵਰਨ ਯਕੀਨਨ ਇਕਾਗਰਤਾ ਨੂੰ ਪ੍ਰਭਾਵਿਤ ਕਰਦਾ ਹੈ। ਨਤੀਜੇ ਵਜੋਂ ਕੰਮ ਦੀ ਗੁਣਵੱਤਾ ਉੱਪਰ ਅਸਰ ਪੈਂਦਾ ਹੈ। ਰਚਨਾਤਮਕਤਾ ਨੂੰ ਚੁੱਪ ਅਤੇ ਸ਼ਾਂਤ ਵਾਤਾਵਰਨ ਦੀ ਲੋੜ ਹੁੰਦੀ ਹੈ।

ਇਹ ਮਹੌਲ ਲਿਖਾਵਟ ਲਈ ਫਸਲਾਂ ਨੂੰ ਲੋੜੀਂਦੀ ਖਾਦ ਵਾਗ ਹੈ ਜੋ ਰਚਨਾਕਾਰ ਨੂੰ ਪ੍ਰਤਿਭਾ ਵਿਕਸਿਤ ਕਰਨ ਅਤੇ ਡੂੰਘਾਈ ਨਾਲ ਸੋਚਣ ਦੀ ਆਗਿਆ ਦਿੰਦਾ ਹੈ। ਅਜਿਹਾ ਪ੍ਰੇਰਨਾਮਈ ਪਲ ਬੁੱਧੀਜੀਵੀ, ਚਿੰਤਕ, ਕਲਾਕਾਰ, ਲੇਖਕ, ਖੋਜਕਾਰ ਹਮੇਸ਼ਾ ਲੋਚਦੇ ਹਨ ਤਾਂ ਜੋ ਕੋਮਲ ਅਹਿਸਾਸਾਂ ਨੂੰ ਲੈਅਬੱਧ ਕਰ ਸਕਣ ਇਬਾਰਤ ਵੀ ਚੁੱਪ ਦੀ ਉਪਜ ਹੈ। ਪਰਸ਼ੀਅਨ ਅਦਬੀ ਕਲਮਕਾਰ ਰੂਮੀ ਨੇ ਚੁੱਪ ਦੀ ਮਹਾਨਤਾ ਬਾਰੇ ਲਿਖਿਆ ਕਿ ਚੁੱਪ ਇੱਕ ਸਮੁੰਦਰ ਵਾਂਗ ਹੈ ਬੋਲੀ, ਜਿਸ ਦਾ ਦਰਿਆਈ ਵਹਾਅ ਹੈ। ਜਦੋਂ ਸਮੁੰਦਰ ਤੁਹਾਨੂੰ ਲੱਭ ਰਿਹਾ ਹੋਵੇ ਤਾਂ ਨਦੀ ਵੱਲ ਨਾ ਜਾਓ, ਸਮੁੰਦਰ ਨੂੰ ਸੁਣੋ ਇਸ ਲਈ ਚੁੱਪ ਨੂੰ ਰਚਨਾਤਮਕਤਾ ਦਾ ਸੋਮਾ ਕਹਿਣ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ ਚੁੱਪ ਅੰਦਰੂਨੀ ਤੌਰ ’ਤੇ ਉਤਸ਼ਾਹ ਅਤੇ ਵਿਸ਼ਵਾਸ ਪੈਦਾ ਕਰਦੀ ਹੈ।

ਅਸੀਂ ਬਾਹਰੀ ਵਿਚਾਰਾਂ ਤੋਂ ਹਟਕੇ ਅੰਤਰਮੁਖੀ ਗਿਆਨ ਵੱਲ ਕੇਂਦਰਿਤ ਹੁੰਦੇ ਹਾਂ ਜਿਸ ਨਾਲ ਦਿਮਾਗ ਨੂੰ ਅਲੌਕਿਕ ਸ਼ਕਤੀ ਪ੍ਰਾਪਤ ਹੁੰਦੀ ਹੈ। ਉਸੇ ਤਰ੍ਹਾਂ ਸੰਸਾਰ ਨੂੰ ਦੇਖਣਾ ਸ਼ੁਰੂ ਕਰ ਦਿੰਦੇ ਹਾਂ ਜਿਵੇਂ ਇਹ ਹੋਣਾ ਚਾਹੀਦਾ ਹੈ। ਸਾਡੇ ਵਿਚਾਰ ਕਦੇ-ਕਦੇ ਸਾਡੀ ਅਸਲੀਅਤ ਦੇ ਰਾਹ ਵਿੱਚ ਆ ਜਾਂਦੇ ਹਨ। ਅਸੀਂ ਆਪਣੇ ਆਲੇ-ਦੁਆਲੇ ਦੀ ਸੁੰਦਰਤਾ ਨੂੰ ਨਹੀਂ ਦੇਖਦੇ। ਜਦੋਂ ਚੁੱਪ ਹੁੰਦੀ ਹੈ ਤਾਂ ਆਤਮ-ਨਿਰੀਖਣ ਤੇ ਸੱਚੇ-ਮਨ ਨੂੰ ਬੋਲਣ ਦੀ ਇਜਾਜਤ ਮਿਲਦੀ ਹੈ। ਜਿਸ ਸਦਕਾ ਅਟਲ ਸੱਚਾਈ ਆਪ-ਮੁਹਾਰੇ ਪਰਿਕਰਮਾ ਕਰਦੀ ਹੈ। ਇਹ ਅੰਦਰੂਨੀ ਆਵਾਜ ਨੂੰ ਸਮਝਣ, ਸੁਣਨ ਤੇ ਸੋਚਣ ਦੇ ਯੋਗ ਬਣਾਉਂਦੀ ਹੈ। ਇਹ ਆਪਣੇ-ਆਪ ਨੂੰ ਜਾਣਨ ਦਾ ਉੱਤਮ ਮੌਕਾ ਹੁੰਦਾ ਹੈ। ਚੁੱਪ ਸਾਡੀਆਂ ਕਦਰਾਂ-ਕੀਮਤਾਂ, ਖੂਬੀਆਂ, ਬਿਰਤੀਆਂ, ਸੀਮਾਵਾਂ ਲੱਭ ਟੀਚੇ ਮਿਥ ਕੇ ਸਹੀ ਦਿਸ਼ਾ ਵੱਲ ਮੋੜਦੀ ਹੈ।

ਚੁੱਪ ਮਾਨਸਿਕ ਤੇ ਸਰੀਰਕ ਤੌਰ ’ਤੇ ਸਕੂਨ ਪ੍ਰਦਾਨ ਕਰਦੀ ਹੈ। ਲੋਕਾਂ ਦੀ ਬੇਚੈਨੀ ਦਰਸਾਉਂਦੀ ਹੈ ਕਿ ਉਹ ਚੁੱਪ ਤੋਂ ਕਿੰਨੇ ਦੂਰ ਹਨ।ਹਾਈਪਰ ਐਕਟੀਵਿਟੀ ਦੀ ਸਮੱਸਿਆ ਵਧਦੀ ਜਾ ਰਹੀ ਹੈ ਜੋ ਦਿਮਾਗੀ ਰੌਲੇ-ਰੱਪੇ ਦੇ ਚੱਲਦਿਆਂ ਸ਼ਾਂਤ ਹੋਣ ਤੋਂ ਰੋਕਦੀ ਹੈ। ਅਸੀਂ ਵਰਤਮਾਨ ਪਲ ਨੂੰ ਜੀਣ ਲਈ ਅਤੀਤ ਅਤੇ ਭਵਿੱਖ ਨੂੰ ਭੁੱਲ ਜਾਂਦੇ ਹਾਂ।

ਕਈ ਵਾਰ ਅਸ਼ਾਂਤ ਸਮੇਂ ਅਤੇ ਊਣੇ ਗਿਆਨ ਦੇ ਬੋਲ ਨਾਸੂਰ ਬਣ ਉੱਭਰਦੇ ਹਨ। ਅਜਿਹੇ ਮੌਕੇ ਸੁਲਝੇ ਮਨੁੱਖ ਨੂੰ ਸ਼ਾਂਤ ਰਹਿਣਾ ਹੀ ਸਹੀ ਜਾਪਦਾ ਹੈ। ਚੁੱਪ ਨਾਲ ਸੁਣਨ ਦਾ ਮੌਕਾ ਮਿਲਦਾ ਹੈ ਦੂਜਿਆਂ ਨਾਲ ਗੱਲਬਾਤ ਦੌਰਾਨ ਚੁੱਪ ਇੱਕ ਸਤਿਕਾਰਤ ਚਿੰਨ੍ਹ ਹੈ। ਚਿਹਰੇ ਦੇ ਹਾਵ-ਭਾਵ ਨਾਲ ਲੱਗੀ ਹਾਜ਼ਰੀ ਬੁਲਾਰੇ ਦਾ ਹੌਂਸਲਾ ਬੁਲੰਦ ਕਰਦੀ ਹੈ ।ਇਸ ਦੇ ਉਲਟ ਜਦੋਂ ਟੋਕਦੇ ਹਾ ਜਾਂ ਸੁਣਦੇ ਨਹੀਂ ਤਾਂ ਇਹ ਦਰਸਾ ਰਹੇ ਹੁੰਦੇ ਹਾਂ ਕਿ ਦੂਜੇ ਵਿਅਕਤੀ ਦੇ ਵਿਚਾਰ ਮਹੱਤਵਪੂਰਨ ਨਹੀਂ। ਦਿਮਾਗੀ ਚੁੱਪ ਵੀ ਉਨੀ ਹੀ ਜ਼ਰੂਰੀ ਹੈ ਤਾਂ ਜੋ ਅੰਦਰੂਨੀ ਆਵਾਜ ਨੂੰ ਸੁਣਨ ਦਾ ਮੌਕਾ ਮਿਲ ਸਕੇ ਇਹ ਸਾਨੂੰ ਗਲਤ ਵਿਚਾਰਾਂ ਤੋਂ ਬਚਾਉਣ ਤੇ ਮਾਨਸਿਕ ਸ਼ੋਰ ਨੂੰ ਖਤਮ ਕਰਨ ਦੇ ਯੋਗ ਬਣਾਉਂਦੀ ਹੈ।

ਆਪਣੇ ਮਨ ਨੂੰ ਸ਼ਾਂਤ ਕਰ ਵਧੇਰੇ ਕੁਸ਼ਲਤਾ ਨਾਲ ਕੰਮ ਕਰ ਸਕਦੇ ਹਾਂ ਸਾਡੇ ਰੋਜ਼ਾਨਾ ਜੀਵਨ ਵਿੱਚ ਮਾਨਸਿਕ ਚੁੱਪ ਦਾ ਟੀਚਾ ਹੋਣਾ ਚਾਹੀਦਾ ਹੈ। ਜੇਕਰ ਮਾਨਸਿਕ ਤੌਰ ’ਤੇ ਸ਼ਾਂਤ ਹਾਂ ਤਾਂ ਮੁਸ਼ਕਲ ਸਮੱਸਿਆਵਾਂ ਦਾ ਨਿਬੇੜਾ ਕਰ ਸਕਦੇ ਹਾਂ। ਜੀਵਨ ਦੀ ਬਿਹਤਰੀ ਲਈ ਜੂਝਣ ਤੋਂ ਨਹੀਂ ਡਰਦੇ। ਸਾਨੂੰ ਅਸਮਾਨ ਵਾਂਗ ਵਡੇਰਾ ਦੂਜਿਆਂ ਦੇ ਵਿਚਾਰਾਂ ਨੂੰ ਬਰਦਾਸ਼ਤ ਕਰਨ ਲਈ ਤੇ ਸਮੁੰਦਰ ਵਾਂਗ ਡੂੰਘਾ ਹੋਣਾ ਚਾਹੀਦਾ ਹੈ ਜਿੱਥੇ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਡੁੱਬ ਜਾਵਣ। ਚੁੱਪ ਬਾਰੇ ਨਕਾਰਾਤਮਕ ਅਕਸ ਬਦਲਣਾ ਚਾਹੀਦਾ ਹੈ। ਚੁੱਪ ਦੇ ਗੁੱਝੇ ਭੇਤ ਸਮਝ ਹੀ ਜ਼ਿੰਦਗੀ ਦੇ ਫਲਸਫੇ ਨੂੰ ਸਿੰਝਣ ਵਿਚ ਮੱਦਦ ਮਿਲਦੀ ਹੈ ।

ਬੇਸ਼ੱਕ ਵਿਗਿਆਨ ਅਤੇ ਤਕਨਾਲੋਜੀ ਨੇ ਜੀਵਨ ਨੂੰ ਸੁਖਾਲਾ ਬਣਾ ਦਿੱਤਾ। ਪਰੰਤੂ ਲੋਕ ਅਨੈਤਿਕ ਉਦੇਸ਼ ਲਈ ਕਾਢਾਂ ਦੀ ਦੁਰਵਰਤੋਂ ਵੱਲ ਤੁਰ ਪਏ ਜਿਸ ਨੇ ਸ਼ਾਂਤੀ ਅਤੇ ਸਦਭਾਵਨਾ ਨਾਲ ਰਹਿਣ ਦੇ ਤਰੀਕਿਆਂ ਨੂੰ ਪਾਸੇ ਸੁੱਟਿਆ। ਹੋਰ ਅਨੇਕਾਂ ਵਸਤਾਂ ਹਨ, ਉਂਝ ਮੋਬਇਲ ਦੀ ਕਾਢ ਨੇ ਹੀ ਪੂਰੀ ਦੁਨੀਆ ਦੇ ਸਾਰੇ ਪੱਖਾਂ ਨੂੰ ਝੰਜੋੜ ਕੇ ਰੱਖ ਦਿੱਤਾ।

ਅਥਾਹ ਸ਼ਕਤੀ ਦੇ ਨਾਲ ਬਹੁਤ ਵੱਡੀ ਜ਼ਿੰਮੇਵਾਰੀ ਵੀ ਆਉਂਦੀ ਹੈ ਵਿਨਾਸ਼ਕਾਰੀ ਪੱਖ ਨਾਲੋਂ ਸਿੱਖਿਆ, ਸਿਹਤ ਅਤੇ ਉਤਪਾਦਕ ਸਾਧਨਾਂ ਦੀ ਮੁੱਢਲੀ ਲੋੜ ਹੈ। ਜੋ ਸ਼ਾਂਤ ਮਾਹੌਲ ਦੀਆਂ ਬੁਨਿਆਦਾਂ ਹਨ। ਇਹ ਰਾਹ ਕੁਦਰਤ ਨਾਲ ਜੁੜਨ ਦਾ ਸਰਲ ਮਾਰਗ ਹੈ, ਜਿਸ ਦੀਆਂ ਪਗਡੰਡੀਆਂ ਚੁੱਪ ਵਿੱਚੋਂ ਹੋ ਕੇ ਗੁਜ਼ਰਦੀਆਂ ਹਨ ਇਸ ਤੋਂ ਬਿਨਾ ਕੁਦਰਤ ਦੀਆਂ ਅਸੀਮ ਨਿਆਮਤਾਂ ਨੂੰ ਮਾਨਣ ਦਾ ਕੋਈ ਹੋਰ ਬਦਲ ਨਹੀਂ। ਸੋ ਆਓ! ਚੁੱਪ ਦੇ ਅਣਮੁੱਲੇ ਖਜ਼ਾਨੇ ਦੀ ਦਾਤ ਨਾਲ ਜੀਵਨ ਸਫਲ ਬਣਾਈਏ ਤੇ ਚੌਗਿਰਦੇ ਨੂੰ ਸ਼ਾਂਤ ਵਾਤਾਵਰਨ ਦੀ ਛੋਹ ਨਾਲ ਰੂਹਾਨੀ ਰੰਗ ਵਿੱਚ ਰੰਗੀਏ।
ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ
ਮੋ. 78374-90309
ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ