ਪੰਜਾਬ ‘ਤੇ ਚੰਡੀਗੜ੍ਹ ਵਿੱਚ ਹੁਣ 31 ਮਾਰਚ ਤਕ ‘ਲਾਕ ਡਾਊਨ’, ਸਾਰੇ ਉਦਯੋਗ ਬੰਦ ਕਰਨ ਦੇ ਆਦੇਸ਼, ਜਰੂਰੀ ਸਮਾਨ ਹੀ ਮਿਲ ਪਾਏਗਾ

ਪੰਜਾਬ ‘ਚ ਬੱਸਾਂ ਮੁਕੰਮਲ ਬੰਦ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਲਗਾਤਾਰ ਵੱਧ ਰਹੇ ਕਰੋਨਾ ਵਾਇਰਸ ਦੇ ਮਾਮਲੇ ਨੂੰ ਦੇਖਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ 31 ਮਾਰਚ ਤੱਕ ਮੁਕੰਮਲ ਪੰਜਾਬ ਨੂੰ ‘ਲਾਕ ਡਾਊਨ’ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਇਸ ਸਬੰਧੀ ਮੁੱਖ ਸਕੱਤਰ ਕਰਨ ਅਵਤਾਰ ਵਲੋਂ ਜਰੂਰੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਤੋਂ ਬਾਅਦ ਚੰਡੀਗੜ ਨੇ ਵੀ ਅੱਗੇ ਆਉਂਦੇ ਹੋਏ ਇਸ ਮਾਮਲੇ ਵਿੱਚ ਫੈਸਲਾ ਲੈਂਦੇ ਹੋਏ ਜਨਤਾ ਕਰਫਿਊ ਨੂੰ 31 ਮਾਰਚ ਤੱਕ ਵਧਾ ਦਿੱਤਾ ਹੈ। ਜਿਸ ਕਾਰਨ ਹੁਣ ਪੰਜਾਬ ਭਰ ਸਣੇ ਚੰਡੀਗੜ ਵਿਖੇ ਸਿਰਫ਼ ਉਨਾਂ ਦੁਕਾਨਾਂ ਨੂੰ ਹੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਏਗੀ, ਜਿਹੜੀਆਂ ਕਿ ਰੋਜ਼ਾਨਾ ਜਰੂਰਤਾਂ ਨੂੰ ਪੂਰਾ ਕਰਨ ਦੇ ਨਾਲ ਹੀ ਐਮਰਜੈਂਸੀ ਸੇਵਾਵਾਂ ਵਿੱਚ ਆਮ ਲੋਕਾਂ ਦੀ ਮਦਦ ਕਰਦੇ ਹਨ। ਪੰਜਾਬ ਅਤੇ ਚੰਡੀਗੜ ਵਿਖੇ ਹੁਣ 31 ਮਾਰਚ ਤੱਕ ਐਮਰਜੈਂਸੀ ਸੇਵਾਵਾਂ ਵੱਲ ਹੀ ਧਿਆਨ ਦਿੱਤਾ ਜਾਏਗਾ।

ਪੰਜਾਬ ਵਿੱਚ ਸੋਮਵਾਰ ਤੋਂ 50 ਰੂਟਾਂ ‘ਤੇ ਚੱਲਣ ਵਾਲੀਆਂ ਬੱਸਾਂ ਨੂੰ ਵੀ ਬੰਦ ਰਹਿਣਗੀਆਂ, ਕਿਉਂਕਿ ਸਰਕਾਰ ਵਲੋਂ ਜਾਰੀ ਕੀਤੇ ਗਏ ਆਦੇਸ਼ਾਂ ਵਿੱਚ ਸਰਕਾਰੀ ਟਰਾਂਸਪੋਰਟ ਨੂੰ ਛੂਟ ਦੇਣ ਸਬੰਧੀ ਕਿਥੇ ਵੀ ਜਿਕਰ ਨਹੀਂ ਕੀਤਾ ਗਿਆ ਹੈ ਅਤੇ ਪੰਜਾਬ ਵਿੱਚ ਹਰ ਥਾਂਈਂ 10 ਤੋਂ ਜਿਆਦਾ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਰੋਕ ਲਗਾ ਦਿੱਤੀ ਗਈ ਹੈ, ਜਿਸ ਤੋਂ ਸਾਫ਼ ਹੈ ਕਿ ਹੁਣ ਕੋਈ ਵੀ ਪਬਲਿਕ ਟਰਾਂਸਪੋਰਟ ਸੜਕ ‘ਤੇ ਨਹੀਂ ਉੱਤਰੇਗੀ। ਪੰਜਾਬ ਸਰਕਾਰ ਵਲੋਂ ਇਥੇ ਹੀ ਉਨਾਂ ਸਾਰੇ ਉਦਯੋਗ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਨਾਂ ਵਲੋਂ ਰੋਜ਼ਾਨਾ ਦੀ ਜਰੂਰਤ ਸਮਾਨ ਨਹੀਂ ਤਿਆਰ ਕੀਤਾ ਜਾ ਰਿਹਾ ਹੈ।

ਪੰਜਾਬ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ 21 ਪਾਰ

ਪੰਜਾਬ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ 21 ਨੂੰ ਪਾਰ ਕਰ ਗਈ ਹੈ। ਬੀਤੇ ਦਿਨ ਤੱਕ ਇਨਾਂ ਪੀੜਤਾਂ ਦੀ ਗਿਣਤੀ 14 ਹੀ ਦੱਸੀ ਜਾ ਰਹੀਂ ਸੀ ਪਰ ਐਤਵਾਰ ਨੂੰ ਇਹ ਗਿਣਤੀ ਵੱਧ ਕੇ 21 ਹੋ ਗਈ ਹੈ। ਇਸ ਗਿਣਤੀ ਵਿੱਚ ਸਭ ਤੋਂ ਵੱਧ ਵਾਧਾ ਨਵਾਂ ਸ਼ਹਿਰ ਵਿਖੇ ਹੀ ਹੋਇਆ ਹੈ। ਇਸ ਸਮੇਂ ਸਿਰਫ਼ ਨਵਾਂ ਸ਼ਹਿਰ ਵਿਖੇ ਹੀ 14 ਕਰੋਨਾ ਪੀੜਤਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਜਦੋਂ ਕਿ ਐਤਵਾਰ ਨੂੰ 21 ਕਰੋਨਾ ਪੀੜਤਾਂ ਦੀ ਪੁਸ਼ਟੀ ਸਰਕਾਰ ਵਲੋਂ ਕਰ ਦਿੱਤੀ ਗਈ ਹੈ। ਹਾਲਾਂਕਿ ਸਰਕਾਰੀ ਅੰਕੜੇ ਅਨੁਸਾਰ ਸ਼ਨਿੱਚਰਵਾਰ ਤੱਕ 13 ਕਰੋਨਾ ਪੀੜਤ ਐਲਾਨੇ ਗਏ ਸਨ ਅਤੇ ਐਤਵਾਰ ਨੂੰ ਇਸ ਵਿੱਚ 8 ਦਾ ਵਾਧਾ ਹੋਣ ਕਰਕੇ 21 ਐਲਾਨੇ ਗਏ।

ਕਿਥੇ ਕਿੰਨੇ ਕਰੋਨਾ ਪੀੜਤਾਂ ਦੀ ਹੋਈ ਐ ਪੁਸ਼ਟੀ ?

ਨਵਾਂ ਸ਼ਹਿਰ  14
ਮੁਹਾਲੀ     4
ਹੁਸ਼ਿਆਰਪੁਰ   2
ਅੰਮ੍ਰਿਤਸਰ   1
ਕੁਲ    21

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।