ਹਾਸ ਕਲਾਕਾਰੀ ਹੁਣ ਪਹਿਲਾਂ ਵਰਗੀ ਨਹੀਂ ਰਹੀ

Laughter, Art, Longer,

ਰਮੇਸ਼ ਠਾਕੁਰ

ਰੰਗਮੰਚ ਦੀ ਦੁਨੀਆ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਾਸ ਕਲਾਕਾਰ ਸੰਜੈ ਮਿਸ਼ਰਾ ਦੀ ਪਹਿਚਾਣ ਅੱਜ ਠੇਠ ਜ਼ਮੀਨੀ ਐਕਟਰ ਦੇ ਤੌਰ ‘ਤੇ ਹੁੰਦੀ ਹੈ ਉਨ੍ਹਾਂ ਦੀ ਕਲਾਕਾਰੀ ਵਿੱਚ ਅਸਲ ਜੀਵਨ ਦੀ ਸੱਚਾਈ ਝਲਕਦੀ ਹੈ ਫਿਲਮੀ ਪਰਦਿਆਂ ‘ਤੇ ਬੋਲੇ ਜਾਣ ਵਾਲੇ ਉਨ੍ਹਾਂ ਦੇ ਬੋਲ ਦਰਸ਼ਕਾਂ ਨੂੰ ਆਪਣੇ ਜਿਹੇ ਲੱਗਦੇ ਹਨ। ਹਾਲ ਹੀ ਵਿੱਚ ਉਨ੍ਹਾਂ ਦੀ ਫਿਲਮ ‘ਜਬਰੀਆ ਜੋੜੀ’ ਰਿਲੀਜ਼ ਹੋਈ ਜਿਸ ਵਿੱਚ ਉਨ੍ਹਾਂ ਨੇ ਦਮਦਾਰ ਐਕਟਿੰਗ ਕੀਤੀ ਹੈ। ਫਿਲਮ ਪ੍ਰਮੋਸ਼ਨ ਦੇ ਸਿਲਸਿਲੇ ‘ਚ ਉਨ੍ਹਾਂ ਦਾ ਦਿੱਲੀ ਆਉਣਾ ਹੋਇਆ। ਉਸੇ ਦੌਰਾਨ ਸੰਜੈ ਮਿਸ਼ਰਾ ਨਾਲ ਪੱਤਰਕਾਰ ਰਮੇਸ਼ ਠਾਕੁਰ ਨੇ ਉਨ੍ਹਾਂ ਦੇ ਸਿਨੇਮਾਈ ਯਾਤਰਾ ‘ਤੇ ਵਿਸਥਾਰ ਨਾਲ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਹਿੱਸੇ:-

ਤੁਸੀਂ ਬਹੁਪੱਖੀ ਕਲਾਕਾਰ ਹੋ, ਪਰ ਤੁਹਾਡੀ ਪਛਾਣ ਹਾਸ ਕਲਾਕਾਰ ਵਜੋਂ ਹੁੰਦੀ ਹੈ?

ਜੋ ਵੀ ਕੁੱਝ ਹਾਂ, ਦਰਸ਼ਕਾਂ ਦੇ ਪਿਆਰ ਨਾਲ ਹਾਂ। ਪਰ ਫਿਰ ਵੀ ਮੈਂ ਖੁਦ ਨੂੰ ਅੱਜ ਵੀ ਐਕਟਿੰਗ ਦਾ ਵਿਦਿਆਰਥੀ ਮੰਨਦਾ ਹਾਂ। ਇਸ ਐਕਟਿੰਗ ਦੀ ਯਾਤਰਾ ਵਿੱਚ ਸਾਨੂੰ ਜੋ ਵੀ ਕਿਰਦਾਰ ਮਿਲਦਾ ਹੈ, ਮੈਂ ਉਸ ਨੂੰ ਇਮਾਨਦਾਰੀ ਨਾਲ ਨਿਭਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹਾਂ। ਮੇਰੀ ਵਿਚਾਰਧਾਰਾ ਨਾਲ ਦਰਸ਼ਕਾਂ ਦਾ ਮਨੋਰੰਜਨ ਹੁੰਦਾ ਹੈ, ਇਸ ਲਈ ਮੈਂ ਐਕਟਿੰਗ ਨੂੰ ਹਾਸ ਜਾਂ ਕਿਸੇ ਹੋਰ ਸ਼੍ਰੇਣੀ ਵਿੱਚ ਰੱਖਣ ‘ਚ ਵਿਸ਼ਵਾਸ ਨਹੀਂ ਕਰਦਾ। ਮੈਂ ਕਿਤੇ ਵੀ ਜਾਂਦਾ ਹਾਂ ਤਾਂ ਲੋਕ ਮੈਨੂੰ ਵੇਖ ਕੇ ਹੱਸ ਪੈਂਦੇ ਹਨ। ਮੇਰਾ ਚਿਹਰਾ ਹੀ ਹਸਾਉਣ ਵਾਲਾ ਦਿਸਦਾ ਹੈ। ਤਾਂ ਦੱਸੋ ਮੈਂ ਕੀ ਕਰਾਂ।

ਹਾਸ ਇੱਕ ਕਲਾ ਹੈ, ਪਰ ਹੁਣ ਇਸ ਕਲਾ ‘ਚ ਲੱਚਰਦਾ ਭਰਦੀ ਜਾ ਰਹੀ ਹੈ?

ਦੁੱਖ ਹੁੰਦਾ ਅਜੋਕੇ ਹਾਸ ਕਲਾਕਾਰਾਂ ਨੂੰ ਅਜਿਹਾ ਕਰਦਿਆਂ ਵੇਖ ਕੇ। ਹਾਸ ਇੱਕ ਵੱਖਰੀ ਵਿਧਾ ਹੈ, ਇਸ ਵਿੱਚ ਹੁਣ ਗਲੈਮਰ ਦਾ ਤੜਕਾ ਲੱਗ ਚੁੱਕਾ ਹੈ। ਇਸ ਕਾਰਨ ਹਾਸ ਦੇ ਮਾਅਨੇ ਬਦਲ ਗਏ ਹਨ। ਇਸ ਵਿੱਚ ਨੰਗੇਜ਼, ਲੱਚਰਤਾ, ਅਸ਼ਲੀਲਤਾ, ਗਾਲ੍ਹੀ-ਗਲੌਚ ਅਤੇ ਅਪਸ਼ਬਦਾਂ ਦੀ ਬੇਲਗਾਮ ਵਰਤੋਂ ਹੋਣ ਲੱਗੀ ਹੈ। ਇਸ ਨਾਲ ਇਸ ਵਿਧਾ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਪਰ ਦਰਸ਼ਕ ਅੱਜ ਵੀ ਇੱਕ-ਅੱਧਾ ਦਹਾਕਾ ਪੁਰਾਣੇ ਸਾਡੇ ਵਰਗਿਆਂ ਨੂੰ ਅੱਜ ਵੀ ਪਸੰਦ ਕਰਦੇ ਹਨ। ਇਸ ਕਾਰਨ ਸਾਡੀ ਯਾਤਰਾ ਅੱਜ ਵੀ ਬੇਰੋਕ ਜਾਰੀ ਹੈ। ਤੁਸੀਂ ਵੇਖਿਆ ਹੋਵੇਗਾ, ਜਬਰਦਸਤੀ ਹਸਾਉਣ ਦੀ ਕੋਸ਼ਿਸ਼ ਕਰਨ ਵਾਲੇ ਕਲਾਕਾਰ ਬਹੁਤ ਛੇਤੀ ਗਾਇਬ ਵੀ ਹੁੰਦੇ ਜਾ ਰਹੇ ਹਨ।

ਸਮਾਜਿਕ ਬਦਲਾਵਾਂ ਲਈ ਇੱਕ ਕਲਾਕਾਰ ਆਪਣੀ ਕਿਸ ਤਰ੍ਹਾਂ ਦੀ ਭੂਮਿਕਾ ਨਿਭਾ ਸਕਦਾ ਹੈ?

ਵੇਖੋ, ਕਲਾਕਾਰ ਹੁਣ ਇੱਕ ਮਜ਼ਦੂਰ ਵਾਂਗ ਹੋ ਗਿਆ ਹੈ। ਜਿਵੇਂ ਉਸਨੂੰ ਕਿਹਾ ਜਾਂਦਾ ਹੈ, ਉਵੇਂ ਉਸਨੂੰ ਕਰਨਾ ਪੈਂਦਾ ਹੈ। ਹੁਕਮ ਨਾ ਮੰਨਣ ‘ਤੇ ਕਤਾਰ ਵਿੱਚ ਲੱਗੇ ਦੂਜੇ ਲੋਕਾਂ ਨੂੰ ਮੌਕਾ ਦੇ ਦਿੱਤਾ ਜਾਂਦਾ ਹੈ। ਇੱਕ ਸਮਾਂ ਸੀ ਜਦੋਂ ਦੂਰਦਰਸ਼ਨ ਦੇ ਪ੍ਰੋਗਰਾਮਾਂ ਜ਼ਰੀਏ ਹੀ ਸਮਾਜ ਵਿੱਚ ਵੱਡਾ ਬਦਲਾਅ ਵੇਖਣ ਨੂੰ ਮਿਲਦਾ ਸੀ। ਸਿਨੇਮਾਈ ਯੁੱਗ ਤੇਜੀ ਨਾਲ ਬਦਲ ਰਿਹਾ ਹੈ। ਦਰਸ਼ਕਾਂ ਦਾ ਮਿਜ਼ਾਜ ਅਤੇ ਟੇਸਟ ਵੀ ਬਦਲ ਰਿਹਾ ਹੈ। ਇਹੀ ਕਾਰਨ ਹੈ ਕਿ ਕਲਾਕਾਰ ਦੇ ਅੰਦਰ ਵੱਸਣ ਵਾਲੀ ਕਲਾਕਾਰੀ ਨੂੰ ਖ਼ਤਮ ਕਰਨ ਦੀ ਸਾਜਿਸ਼ ਹੋ ਰਹੀ ਹੈ। ਸੱਚ ਕਹਾਂ ਤਾਂ ਅੱਜ ਕਲਾਕਾਰ ਮੁਕੰਮਲ ਇੱਜਤ ਦਾ ਵੀ ਮੁਥਾਜ ਹੋ ਗਿਆ ਹੈ।

ਸਿਨੇਮਾ ਨੂੰ ਤੁਸੀਂ ਜ਼ਮੀਨ ਤੋਂ ਅਸਮਾਨ ਤੱਕ ਆਉਂਦੇ ਵੇਖਿਆ ਹੈ?

ਹੱਸਦੇ ਹੋਏ…! ਸਾਢੇ ਸੱਤ ਰੁਪਏ ਲੀਟਰ ਪੈਟਰੋਲ ਸੀ ਜਦੋਂ ਮੈਂ ਮੋਟਰਸਾਈਕਲ ਚਲਾਉਂਦਾ ਸੀ। ਮੈਨੂੰ ਯਾਦ ਹੈ ਮੇਰੇ ਦਾਦਾ ਦੀ ਜੀ ਤਨਖਾਹ ਹੋਇਆ ਕਰਦੀ ਸੀ ਕੋਈ ਤਿੰਨ ਰੁਪਏ। ਦਾਦੀ ਜੀ ਦੱਸਦੇ ਸਨ ਕਿ ਦੋ ਆਨੇ ਵਿੱਚ ਇੱਕ ਤੋਲ਼ਾ ਸੋਨਾ ਆ ਜਾਂਦਾ ਸੀ। ਅਸੀਂ ਕਹਿੰਦੇ ਵੀ ਸੀ ਕਿ ਕਿਉਂ ਨਹੀਂ ਰੱਖ ਲਏ ਤੁਸੀਂ ਦੋ ਆਨੇ। ਤਾਂ ਦਾਦੀ ਕਹਿੰਦੇ ਸਨ ਕਿ ਉਸ ਸਮੇਂ ਤੁਹਾਡੇ ਦਾਦਾ ਦੀਆਂ ਨੌਂ-ਨੌਂ ਭੈਣਾਂ ਸਨ, ਉਨ੍ਹਾਂ ਦੇ ਵਿਆਹ ਕਰਨੇ ਸਨ। ਖਾਣਾ ਸੀ, ਪੀਣਾ ਸੀ, ਫਿਰ ਵੀ ਇੱਕ ਜਿੰਦਗੀ ਵੱਖ ਸੀ ਉਹ। ਕੱਲ੍ਹ ਨੂੰ ਮੇਰਾ ਬੇਟਾ ਪੁੱਛੇਗਾ ਕਿ ਪਾਪਾ ਜਦੋਂ ਤੁਹਾਨੂੰ ਪਤਾ ਸੀ ਕਿ 75,000 ਰੁਪਏ ਤੋਲਾ ਸੋਨਾ ਸੀ ਤਾਂ ਤੁਸੀਂ ਕਿਉਂ ਨਹੀਂ ਖਰੀਦ ਕੇ ਰੱਖ ਲਿਆ, ਇੰਨਾ ਸਸਤਾ ਸੀ। ਜਦੋਂ ਸਭ ਕੁੱਝ ਬਦਲ ਗਿਆ ਤਾਂ ਭਲਾ ਸਿਨੇਮਾ ਪਿੱਛੇ ਕਿਉਂ ਰਹੇ।

ਫਿਲਮਾਂ ਦਾ ਪਰਿਦ੍ਰਿਸ਼ ਬਹੁਤ ਬਦਲ ਗਿਆ ਹੈ ਕੀ ਵਜ੍ਹਾ ਹੈ?

ਜਦੋਂ ਸ਼ਤਰੂਘਨ ਸਿੰਨ੍ਹਾ ਅਤੇ ਅਮਿਤਾਭ ਬੱਚਨ ਸੰਘਰਸ਼ ਕਰਦੇ ਸਨ, ਤਦ ਕੋਈ ਪਿਕਚਰ ਧੜਾਧੜ ਨਹੀਂ ਬਣਦੀ ਸੀ। ਤਿੰਨ-ਚਾਰ ਸਾਲ ਵਿੱਚ ਇੱਕ ਫ਼ਿਲਮ ਬਣਦੀ ਸੀ। ਫਿਰ ਹੌਲੀ-ਹੌਲੀ ਛੋਟੀਆਂ ਫਿਲਮਾਂ ਦਾ ਦੌਰ ਆਇਆ। ਲੋਕ ਕਹਿਣ ਲੱਗੇ ਕਿ ਮੇਰੇ ਕੋਲ ਚੰਗੀ ਸਕਰਿਪਟ ਹੈ, ਮੈਨੂੰ ਚੰਗੇ ਐਕਟਰ ਚਾਹੀਦੇ ਹਨ। ਉਸ ਦੌਰ ਨੂੰ ਆਏ ਤਿੰਨ-ਚਾਰ ਸਾਲ ਹੋਏ ਹਨ। ਡਾਕੂ ਦੀ ਫਿਲਮ ਚੱਲ ਗਈ ਤਾਂ ਡਾਕੂ ਬਣ ਗਏ, ਪਿਆਰ ਦੀ ਫਿਲਮ ਚੱਲ ਗਈ ਤਾਂ ਬਣਾ ਲੈ ਬੇਟਾ ਧੜੱਲੇ ਨਾਲ। ਇੱਕ ਸਮਾਂ ‘ਚ ਪੂਰਬਲੇ ਜਨਮ ਦੀਆਂ ਕਹਾਣੀਆਂ ‘ਤੇ ਖੂਬ ਫਿਲਮਾਂ ਬਣੀਆਂ ਸਨ। ਪਰ ਹੁਣ ਉਹ ਦੌਰ ਖਤਮ ਹੋ ਚੁੱਕਾ ਹੈ। ਸਿਨੇਮਾਈ ਪਰਦਾ ਪੂਰੀ ਤਰ੍ਹਾਂ ਬਦਲ ਚੁੱਕਾ ਹੈ। ਮੌਜੂਦਾ ਸਮੇਂ ਦੀਆਂ ਫਿਲਮਾਂ ਵਿੱਚ ਇੰਟੀਮੈਂਟ ਸੀਨ ਦੇਖਣ ਵਾਲਿਆਂ ਦੀ ਤਾਦਾਦ ਵਧ ਗਈ ਹੈ। ਤਾਂ ਉਸੇ ਤਰ੍ਹਾਂ ਦੀਆਂ ਫਿਲਮਾਂ ਬਣਨ ਲੱਗੀਆਂ ਹਨ। ਕੁੱਲ ਮਿਲਾ ਕੇ ਫਿਲਮਾਂ ਦਾ ਨਿਰਮਾਣ ਦਰਸ਼ਕਾਂ ਦੀ ਚੁਆਇਸ ‘ਤੇ ਕੀਤਾ ਜਾਣ ਲੱਗਾ ਹੈ ।

ਤੁਸੀਂ ਕਈ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਹੈ?

ਮੈਂ ਦਿੱਲੀ ਦੇ ਐਨਐਸਡੀ ਤੋਂ ਪਾਸਆਊਟ ਹਾਂ। ਜਿੱਥੋਂ ਮੈਂ ਐਕਟਿੰਗ ਦੇ ਨਾਲ-ਨਾਲ ਨਿਰਦੇਸ਼ਨ ਦੀ ਵੀ ਸਿਖਲਾਈ ਪ੍ਰਾਪਤ ਕੀਤੀ ਹੈ। ਇਸ ਲਈ ਐਕਟਰ ਹੁੰਦੇ ਹਾਂ ਤਾਂ ਸਿਰਫ ਐਕਟਿੰਗ ਹੀ ਕਰਨਾ ਹੁੰਦਾ ਹੈ, ਡਾਇਰੈਕਸ਼ਨ ਵਿੱਚ ਆਉਂਦੇ ਹਾਂ ਤਾਂ ਹਰ ਚੀਜ ਵੇਖਣੀ ਪੈਂਦੀ ਹੈ। ਕਾਸਟਿਊਮ, ਐਕਟਰਸ ਦੀ ਡੇਟ, ਕੈਮਰਾ ਵਗੈਰਾ-ਵਗੈਰਾ ਸਭ ਕੁੱਝ ਤੁਸੀਂ ਹੀ ਵੇਖਣਾ ਹੁੰਦਾ ਹੈ। ਡਾਇਰੈਕਸ਼ਨ ਐਕਟਿੰਗ ਤੋਂ ਬਿਲਕੁਲ ਵੱਖ ਖੇਤਰ ਹੈ। ਇਸ ਵਿੱਚ ਉਤਸ਼ਾਹਿਤ ਵੀ ਹੋਣਾ ਪੈਂਦਾ ਹੈ ਜਾਂ ਨਿਰਉਤਸ਼ਾਹਿਤ ਵੀ? ਫਿਲਮ ਚੰਗੀ ਨਹੀਂ ਹੁੰਦੈ ਤਾਂ ਦਰਸ਼ਕਾਂ ਦੀਆਂ ਗਾਲ੍ਹਾਂ ਵੀ ਖਾਣੀਆਂ ਪੈਂਦੀਆਂ ਹਨ ।

ਅੱਜ ਦੀਆਂ ਫਿਲਮਾਂ ਜਨ-ਸਰੋਕਾਰੀ ਨਹੀਂ ਰਹੀਆਂ, ਸਾਰੀਆਂ ਪ੍ਰੋਫੈਸ਼ਨਲ ਹੋ ਗਈਆਂ ਹਨ?

ਕਲਾਕਾਰ ਵੀ ਹੁਣ ਪ੍ਰੋਫੈਸ਼ਨਲੀ ਕੰਮ ਕਰਦੇ ਹਨ। ਕਲਾਕਾਰ ਜਨ-ਪ੍ਰਚਾਰ ਵਰਗੇ ਮੁੱਦੇ ਭਾਵ ਪੋਲੀਓ ਆਦਿ ਦੇ ਇਸ਼ਤਿਹਾਰ ਦੇ ਵੀ ਪੈਸੇ ਲੈਂਦੇ ਹਨ। ਪੈਸੇ ਦੇ ਚਾਅ ਵਿੱਚ ਵੱਡੇ ਕਲਾਕਾਰ ਨਸ਼ਿਆਂ ਦਾ ਵੀ ਇਸ਼ਤਿਹਾਰ ਕਰਦੇ ਹਨ, ਜੋ ਸਰਾਸਰ ਗਲਤ ਹੈ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਹੁਣ ਲੋਕਾਂ ਦੇ ਅੰਦਰ ਜਨ-ਸਰੋਕਾਰ ਦਾ ਜ਼ਜ਼ਬਾ ਰਿਹਾ ਹੀ ਨਹੀਂ। ਸਭ ਲਈ ਪੈਸਾ ਹੀ ਮਾਈ-ਬਾਪ ਹੋ ਗਿਆ ਹੈ। ਇੱਕ ਜਿੰਦਗੀ ਮਿਲੀ ਹੈ ਅਤੇ ਇਸ ਵਿੱਚ ਕੁਝ ਪਲ ਮਿਲੇ ਹਨ। ਉੱਪਰ ਵਾਲੇ ਨੇ ਤੁਹਾਨੂੰ ਅਜਿਹੀ ਜੂਨੀ ਵਿੱਚ ਪੈਦਾ ਕੀਤਾ ਹੈ ਜਿਸ ਵਿੱਚ ਤੁਸੀਂ ਸੋਚ ਸਕਦੇ ਹੋ, ਵੇਖ ਸਕਦੇ ਹੋ। ਇਸਨੂੰ ਗਵਾਉਣਾ ਨਹੀਂ ਚਾਹੀਦਾ ਹੈ, ਜਿੰਨਾ ਹੋ ਸਕੇ ਦੂਸਰਿਆਂ ਦੀ ਮੱਦਦ ਕਰਨੀ ਚਾਹੀਦੀ ਹੈ। ਕਿਉਂਕਿ ਕਲਾਕਾਰ ਸਮਾਜ ਦਾ ਸ਼ੀਸ਼ਾ ਹੁੰਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।