ਕੌਮੀ ਪੱਧਰ ‘ਤੇ ਹਾਸਿਲ ਕੀਤਾ 79ਵਾਂ ਰੈਂਕ
ਬਠਿੰਡਾ, (ਸੁਖਜੀਤ ਮਾਨ) ਕੇਂਦਰ ਸਰਕਾਰ ਦੇ ਸਫ਼ਾਈ ਸਰਵੇਖਣ ‘ਚੋਂ ਬਠਿੰਡਾ ਬਾਜ਼ੀ ਮਾਰ ਗਿਆ ਲਗਾਤਾਰ ਤੀਜੀ ਵਾਰ ਪੰਜਾਬ ਭਰ ‘ਚੋਂ ਪਹਿਲੇ ਸਥਾਨ ‘ਤੇ ਆਉਣ ਨਾਲ ਇਸ ਮਾਣਮੱਤੀ ਪ੍ਰਾਪਤੀ ‘ਚ ਬਠਿੰਡਾ ਦੀ ਹੈਟ੍ਰਿਕ ਹੋ ਗਈ ਇਸ ਸਰਵੇਖਣ ‘ਚ ਬਠਿੰਡਾ ਨੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਨੂੰ ਪਛਾੜਿਆ ਹੈ ਕੌਮੀ ਪੱਧਰ ‘ਤੇ ਬਠਿੰਡਾ ਨੇ 3526. 68 ਅੰਕ ਹਾਸਿਲ ਕਰਕੇ 79ਵਾਂ ਰੈਂਕ ਹਾਸਿਲ ਕੀਤਾ ਹੈ ਪਟਿਆਲਾ 3467. 35 ਅੰਕਾਂ ਨਾਲ ਪੰਜਾਬ ‘ਚੋਂ ਦੂਜੇ ਅਤੇ ਕੌਮੀ ਪੱਧਰ ‘ਤੇ 86 ਵਾਂ ਰੈਂਕ ਅਤੇ 3389.71 ਅੰਕਾਂ ਨਾਲ ਕੌਮੀ ਪੱਧਰ ‘ਤੇ 96ਵੀਂ ਰੈਂਕ ਹਾਸਿਲ ਕਰਨ ਵਾਲਾ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ‘ਚੋਂ ਤੀਜੇ ਸਥਾਨ ‘ਤੇ ਆਉਣ ‘ਚ ਸਫ਼ਲ ਰਿਹਾ ਹੈ ਬਠਿੰਡਾ ਜ਼ਿਲ੍ਹੇ ਨੇ ਇਹ ਪ੍ਰਾਪਤੀ 1 ਤੋਂ 10 ਲੱਖ ਦੀ ਅਬਾਦੀ ਵਾਲੇ ਭਾਰਤ ਦੇ ਸ਼ਹਿਰਾਂ ‘ਚੋਂ ਹਾਸਿਲ ਕੀਤੀ ਹੈ
ਵੇਰਵਿਆਂ ਮੁਤਾਬਿਕ ਕੇਂਦਰ ਸਰਕਾਰ ਦੇ ਇਸ ਸਫ਼ਾਈ ਮੁਕਾਬਲੇ ‘ਚੋਂ ਬਿਹਤਰ ਸਥਾਨ ਹਾਸਿਲ ਕਰਨ ਲਈ ਨਗਰ ਨਿਗਮ ਬਠਿੰਡਾ ਨੇ ਵੱਡੇ ਪੱਧਰ ‘ਤੇ ਸਫ਼ਾਈ ਮੁਹਿੰਮ ਛੇੜੀ ਹੋਈ ਸੀ ਅੱਜ ਜਦੋਂ ਬਾਅਦ ਦੁਪਹਿਰ ਇਸ ਸਵੱਛ ਸਰਵੇਖਣ 2020 ਦੇ ਨਤੀਜੇ ਦਾ ਪਤਾ ਲੱਗਿਆ ਤਾਂ ਨਿਗਮ ਦੇ ਅਧਿਕਾਰੀਆਂ ਦੀ ਅੱਡੀ ਧਰਤੀ ‘ਤੇ ਨਾ ਲੱਗੀ ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ ਕਰਵਾਏ ਜਾਂਦੇ ਇਸ ਸਰਵੇਖਣ ‘ਚ ਜਦੋਂ ਸਾਲ 2016-17 ‘ਚ ਬਠਿੰਡਾ ਨੂੰ ਸ਼ਾਮਿਲ ਕੀਤਾ ਸੀ ਤਾਂ ਉਦੋਂ ਪੰਜਾਬ ‘ਚੋਂ ਦੂਜਾ ਸਥਾਨ ਮਿਲਿਆ ਸੀ
ਇਸ ਮਗਰੋਂ ਸਾਲ 2017-18 ‘ਚ ਪਹਿਲਾ, 2018-19 ‘ਚ ਵੀ ਪਹਿਲਾ ਤੇ ਹੁਣ ਸਾਲ 2019-20 ਦੇ ਸਰਵੇਖਣ ‘ਚੋਂ ਵੀ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਇਸ ਸਰਵੇਖਣ ਹਿੱਤ ਨਿਗਮ ਦੇ ਸਫ਼ਾਈ ਕਾਮਿਆਂ ਅਤੇ ਹੋਰ ਅਧਿਕਾਰੀਆਂ ਨਾਲ ਮਿਲਕੇ ਬਿਤਹਰ ਕੰਮ ਕੀਤਾ ਨਿਗਮ ਅਧਿਕਾਰੀਆਂ ਮੁਤਾਬਿਕ ਬਠਿੰਡਾ ਪੰਜਾਬ ਦਾ ਇਕਲੌਤਾ ਅਜਿਹਾ ਸ਼ਹਿਰ ਹੈ ਜਿੱਥੇ ਘਰਾਂ ‘ਚੋਂ ਕੂੜਾ ਸਿੱਧਾ ਪਲਾਂਟ ‘ਚ ਜਾਂਦਾ ਹੈ ਇਸ ਤੋਂ ਇਲਾਵਾ ਪੰਜਾਬ ‘ਚ ਅਜਿਹਾ ਕੋਈ ਹੋਰ ਸ਼ਹਿਰ ਨਹੀਂ ਜਿੱਥੇ ਇਸ ਤਰ੍ਹਾਂ ਦਾ ਕੂੜਾ ਪ੍ਰਬੰਧਨ ਪਲਾਂਟ ਲੱਗਿਆ ਹੋਵੇ
ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਿਲੀ ਪ੍ਰਾਪਤੀ : ਕਮਿਸ਼ਨਰ
ਬਠਿੰਡਾ ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦਾ ਕਹਿਣਾ ਹੈ ਕਿ ਇਹ ਪ੍ਰਾਪਤੀ ਸ਼ਹਿਰ ਵਾਸੀਆਂ ਦੇ ਸਹਿਯੋਗ ਸਦਕਾ ਹੀ ਸੰਭਵ ਹੋਈ ਹੈ ਉਨ੍ਹਾਂ ਇਸ ਪ੍ਰਾਪਤੀ ਲਈ ਸ਼ਹਿਰੀਆਂ ਤੋਂ ਇਲਾਵਾ ਨਿਗਮ ਦੇ ਹੋਰ ਅਧਿਕਾਰੀਆਂ, ਕਰਮਚਾਰੀਆਂ ਅਤੇ ਸਫ਼ਾਈ ਕਾਮਿਆਂ ਨੂੰ ਵਧਾਈ ਦਿੱਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.