ਸੁਵਿਧਾ ਕਰਮਚਾਰੀਆਂ ਨੇ ਆਪਣੀਆਂ ਸੇਵਾਵਾਂ ਦੀ ਬਹਾਲੀ ਲਈ ਹਲਕਾ ਵਿਧਾਇਕ ਰਣਬੀਰ ਭੁੱਲਰ ਨੂੰ ਦਿੱਤਾ ਮੰਗ ਪੱਤਰ
ਭੁੱਲਰ ਨੇ ਹਰ ਸੰਭਵ ਮੱਦਦ ਦਾ ਦਿਵਾਇਆ ਭਰੋਸਾ
(ਸਤਪਾਲ ਥਿੰਦ) ਫਿਰੋਜ਼ਪੁਰ। ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਸੁਵਿਧਾ ਕਰਚਾਰੀਆਂ ਵੱਲੋਂ ਆਪਣੀਆਂ ਸੇਵਾਵਾਂ ਦੀ ਬਹਾਲੀ ਨੂੰ ਲੈ ਕੇ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆ ਸੁਵਿਧਾ ਯੂਨੀਅਨ ਫਿਰੋਜ਼ਪੁਰ ਦੇ ਪ੍ਰਧਾਨ ਅਰੁਣ ਕੁਮਾਰ ਨੇ ਸੁਵਿਧਾ ਯੂਨੀਅਨ ਨਾਲ ਹੋਈਆਂ ਵਧੀਕੀਆਂ ਬਾਰੇ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਨੂੰ ਜਾਣੰੂ ਕਰਵਾਇਆ ਅਤੇ ਦੱਸਿਆ ਕਿ ਕਿਸ ਤਰ੍ਹਾਂ ਪਿਛਲੀਆਂ ਸਰਕਾਰਾਂ ਨੇ ਸੁਵਿਧਾ ਕਾਮਿਆਂ ਦਾ ਰੱਜ ਕੇ ਸ਼ੋਸ਼ਣ ਕੀਤਾ ਅਤੇ ਆਪਣੀ ਜਿੰਦਗੀ ਦੇ ਅਹਿਮ ਸਾਲ ਸੁਵਿਧਾ ਵਿਚ ਲਗਾਉਣ ਵਾਲੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੀ ਦਲ-ਦਲ ਵਿੱਚ ਧੱਕ ਦਿੱਤਾ। ਉਹਨਾਂ ਕਿਹਾ ਕਿ ਜੋ ਸੁਵਿਧਾ ਕਾਮਿਆਂ ਨਾਲ ਹੋਇਆ ਉਹ ਆਮ ਲੋਕਾਂ ਨੇ ਆਪਣੀ ਹੱਕੀ ਦੇਖਿਆ ਹੈ ਅਤੇ ਸੁਵਿਧਾ ਕਾਮਿਆਂ ਉਪਰ ਜਦੋਂ ਸਮੇਂ ਦੇ ਹਾਕਮਾਂ ਵੱਲੋਂ ਜੁਲਮ ਢਾਹਿਆ ਜਾ ਰਿਹਾ ਸੀ, ਉਦੋਂ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੇ ਆਪ ਦੇ ਆਗੂਆਂ ਨੇ ਸੁਵਿਧਾ ਕਾਮਿਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਸੀ, ਪਰ ਸਰਕਾਰਾਂ ਵੱਲੋਂ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਸੁਵਿਧਾ ਕਾਮਿਆਂ ਨਾਲ ਧ੍ਰੋਹ ਕਮਾਇਆ ਜਾਂਦਾ ਰਿਹਾ ਜੋ ਚਿੱਟੇ ਦਿਨ ਵਾਂਗ ਸਾਫ਼ ਹੈ।
ਹਲਕਾ ਫਿਰੋਜਪੁਰ ਸਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਦਿੰਦਿਆਂ ਸੁਵਿਧਾ ਕਾਮਿਆਂ ਨੇ ਦੱਸਿਆ ਕਿ ਕਿਸ ਤਰ੍ਹਾਂ ਜਾਬਰ ਹੁਕਮ ਜਾਰੀ ਕਰਕੇ ਸਾਡੀਆਂ ਸੇਵਾਵਾਂ ਖਤਮ ਕਰਕੇ ਸੁਵਿਧਾ ਕੇਂਦਰ ਬੰਦ ਕਰ ਦਿੱਤੇ ਗਏ ਅਤੇ ਸੁਵਿਧਾ ਦੀ ਜਗ੍ਹਾਂ ’ਤੇ ਨਵੇਂ ਸੇਵਾ ਕੇਂਦਰ ਬਣਾ ਦਿੱਤੇ ਗਏ, ਜਿਸ ਦਾ ਸੰਚਾਲਨ ਪ੍ਰਸਾਸਨ ਦੀ ਬਜਾਏ ਪ੍ਰਾਈਵੇਟ ਹੱਥਾਂ ਵਿਚ ਦਿੱਤਾ ਗਿਆ। ਸੁਵਿਧਾ ਕਰਮਚਾਰੀਆਂ ਨੇ ਹਲਕਾ ਵਿਧਾਇਕ ਨੂੰ ਬੇਨਤੀ ਕੀਤੀ ਕਿ ਉਹਨਾਂ ਦੀਆਂ ਸੇਵਾਵਾਂ ਬਹਾਲ ਕੀਤੀਆਂ ਜਾਣ ਅਤੇ ਉਹਨਾਂ ਨੂੰ ਪੰਜਾਬ ਸਰਕਾਰ ਦੇ ਕਿਸੇ ਵੀ ਵਿਭਾਗ ਵਿੱਚ ਤਰਸ ਦੇ ਆਧਾਰ ’ਤੇ ਅਡਜੈਸਟ ਕੀਤਾ ਜਾਵੇ ਤਾਂ ਜੋ ਸੁਵਿਧਾ ਕਾਮਿਆਂ ਦਾ ਭਵਿੱਖ ਵੀ ਸੁਰੱਖਿਅਤ ਹੋ ਸਕੇ।
ਇਸ ਮੌਕੇ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਸੁਵਿਧਾ ਕਾਮਿਆਂ ਦੀ ਗੱਲ ਬੜੇ ਧਿਆਨ ਨਾਲ ਸੁਣੀ ਅਤੇ ਵਿਸ਼ਵਾਸ਼ ਦਿਵਾਇਆ ਕਿ ਉਹ ਉਹਨਾਂ ਦੀ ਹਰ ਸੰਭਵ ਮੱਦਦ ਕਰਨਗੇ ਅਤੇ ਸਰਕਾਰ ਵਿਚ ਸੁਵਿਧਾ ਕਾਮਿਆਂ ਦੀ ਬਹਾਲੀ ਦਾ ਪ੍ਰਸਤਾਵ ਰੱਖਣਗੇ ਤਾਂ ਜੋ ਸੁਵਿਧਾ ਕਾਮਿਆਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਨਾਲ ਹੀ ਕਿਹਾ ਕਿ ਆਪ ਦੀ ਸਰਕਾਰ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਵੱਡੇ ਪੱਧਰ ’ਤੇ ਕੰਮ ਕਰ ਰਹੀਂ ਹੈ ਅਤੇ ਆਖਰੀ ਸਾਹ ਤੱਕ ਕੰਮ ਕਰਦੀ ਰਹੇਗੀ। ਇਸ ਮੌਕੇ ਵਿਜੈ ਕੁਮਾਰ, ਦਵਿੰਦਰ ਸਿੰਘ, ਜਰਨੈਲ ਸਿੰਘ ਭੁੱਲਰ, ਦੀਪਾਂਕਰ ਅਤੇ ਲੱਖਾ ਆਦਿ ਸੁਵਿਧਾ ਕਰਮਚਾਰੀ ਵੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ