ਪ੍ਰਸ਼ਾਸਨ ਦੀ ਅਗਵਾਈ ’ਚ ਸੈਨਾ ਦੇ ਜਵਾਨ ਤੇ ਸਥਾਨਕ ਲੋਕ ਬੰਨ ਦੀ ਮਜ਼ਬੂਤੀ ਲਈ ਨਿਰੰਤਰ ਯਤਨਸ਼ੀਲ
Sutlej River News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਡੈਮਾਂ ਤੋਂ ਛੱਡੇ ਗਏ ਪਾਣੀ ਅਤੇ ਮੀਂਹ ਕਰਕੇ ਪੰਜਾਬ ਅੰਦਰ ਹਾਲਾਤ ਬੇਹੱਦ ਨਾਜ਼ੁਕ ਬਣੇ ਹੋਏ ਹਨ। ਨਾਲੋ-ਨਾਲ ਭਾਵੇਂ ਰਾਹਤ ਕਾਰਜ਼ ਵੱਡੇ ਪੱਧਰ ’ਤੇ ਜਾਰੀ ਹਨ ਪਰ ਦਰਿਆਵਾਂ ਦੇ ਕਿਨਾਰਿਆਂ ਲਾਗੇ ਵਸਦੇ ਪਿੰਡਾਂ ਦੇ ਲੋਕਾਂ ਦੇ ਚਿਹਰਿਆਂ ’ਤੇ ਕੁੱਝ ਪਲ ਲਈ ਖੁਸ਼ੀ ਤੇ ਅਗਲੇ ਹੀ ਪਲ ਮਾਯੂਸੀ ਛਾ ਜਾਂਦੀ ਹੈ। ਜਦੋਂ ਉਨਾਂ ਨੂੰ ਰਾਹਤ ਦੀ ਖ਼ਬਰ ਤੋਂ ਬਾਅਦ ਦੂਜੇ ਪਾਸੇ ਤੋਂ ਆਫ਼ਤ ਦੇ ਆਉਣ ਦਾ ਸੁਨੇਹਾ ਮਿਲਦਾ ਹੈ।
ਹੋਰਨਾਂ ਜ਼ਿਲਿਆਂ ਵਾਂਗ ਹੀ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਜ਼ਿਲ੍ਹਾ ’ਤੇ ਵੀ ਲਗਾਤਾਰ ਹੜ੍ਹਾਂ ਦਾ ਖ਼ਤਰਾ ਮੰਡਰਾਅ ਰਿਹਾ ਹੈ। ਵੀਰਵਾਰ, ਸ਼ੁੱਕਰਵਾਰ ਤੇ ਸ਼ਨਿੱਚਰਵਾਰ ਨੂੰ ਜ਼ਿਲੇ ਦੇ ਪਿੰਡ ਸਸਰਾਲੀ ਕਲੋਨੀ ਲਾਗੇ ਸਥਿਤੀ ਡਾਵਾਂਡੋਲ ਸੀ ਪਰ ਐਤਵਾਰ ਦਿਨ ਚੜਦਿਆਂ ਹੀ ਜ਼ਿਲ੍ਹੇ ਦੇ ਪਿੰਡ ਮੱਤੇਵਾੜਾ ਲਾਗੇ ਗੜੀ ਫਾਜ਼ਿਲ ਨਜ਼ਦੀਕ ਬੰਨ ਦੀ ਮਜ਼ਬੂਤੀ ਲਈ ਲਗਾਏ ਪੱਥਰਾਂ ਦੇ ਖਿਸਕਣ ਅਤੇ ਪਿੰਡ ਕਾਸ਼ਾਬਾਦ ਨੇੜੇ ਬੰਨ ਦੇ ਤੇਜ਼ ਵਹਾਅ ਵਹਿ ਰਹੇ ਪਾਣੀ ਨਾਲ ਨੁਕਸਾਨੇ ਜਾਣ ਦੀ ਸੂਚਨਾ ਨੇ ਮੁੜ ਜ਼ਿਲੇ ਦੇ ਵਸਨੀਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ।

ਡਿਪਟੀ ਕਮਿਸ਼ਨਰ ਹਿਮਾਸ਼ੂੰ ਜੈਨ ਨੇ ਗੜੀ ਫਾਜ਼ਿਲ ਨੇੜੇ ਦਰਿਆ ਕਿਨਾਰੇ ਪੱਥਰਾਂ ਦੇ ਖਿਸਕਣ ਦੀ ਪੁਸ਼ਟੀ ਕਰਨ ਦੇ ਨਾਲ ਹੀ ਸਥਿਤੀ ਕੰਟਰੋਲ ਵਿੱਚ ਹੋਣ ਦਾ ਵੀ ਦਾਅਵਾ ਕੀਤਾ। ਜਿਸ ਤੋਂ ਸਾਬਤ ਹੁੰਦਾ ਹੈ ਕਿ ਲੁਧਿਆਣਾ ’ਤੇ ਹੜਾਂ ਦਾ ਖ਼ਤਰਾ ਹਾਲੇ ਪੂਰੀ ਤਰਾਂ ਟਲਿਆ ਨਹੀਂ। ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਦਿਆਂ ਹੀ ਹਾਲਾਤ ਮੁੜ ਚਿੰਤਾ ਦਾ ਕਾਰਨ ਬਣ ਸਕਦੇ ਹਨ। ਹਿਮਾਸ਼ੂੰ ਜੈਨ ਨੇ ਦੱਸਿਆ ਕਿ ਪਿੰਡ ਦੇ ਵਸਨੀਕਾਂ ਤੋਂ ਮਿਲੀ ਜਾਣਕਾਰੀ ’ਤੇ ਉਨਾਂ ਮੌਕੇ ’ਤੇ ਉਨਾਂ ਨੇ ਪਿੰਡ ਗੜੀ ਫਾਜ਼ਿਲ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਹੈ। ਜਿੱਥੇ ਬੰਨ ਦੇ ਕਿਨਾਰੇ ਦੀ ਮਜ਼ਬੂਤੀ ਲਈ ਲਗਾਏ ਗਏ ਕੁੱਝ ਪੱਥਰ ਪਾਣੀ ਦੇ ਤੇਜ਼ ਵਹਾਅ ਕਾਰਨ ਖਿਸਕ ਗਏ ਸਨ। ਜਿਸ ’ਤੇ ਕੰਮ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Punjab Government: ਹੜ੍ਹਾਂ ਨਾਲ ਟਾਕਰੇ ਲਈ ਪੰਜਾਬ ਸਰਕਾਰ ਨੇ ਦਿਨ-ਰਾਤ ਇੱਕ ਕੀਤਾ : ਬਰਿੰਦਰ ਗੋਇਲ
ਉਨਾਂ ਦਾਅਵਾ ਕੀਤਾ ਕਿ ਗੜੀ ਫਾਜ਼ਿਲ ਨੇੜੇ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ, ਜਿਸ ਤਹਿਤ ਜਲਦ ਹੀ ਸਥਿਤੀ ਨੂੰ ਕਾਬੂ ਹੇਠ ਕਰ ਲਿਆ ਜਾਵੇਗਾ। ਜਿਕਰਯੋਗ ਹੈ ਕਿ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਸਸਰਾਲੀ ਤੋਂ ਇਲਾਵਾ ਗੜੀ ਫਾਜ਼ਿਲ ਤੇ ਹੋਰ ਜੋਖ਼ਮ ਭਰੀਆਂ ਥਾਵਾਂ ’ਤੇ ਅਸਥਾਈ ਰਿੰਗ ਬੰਨ ਬਣਵਾਏ ਜਾ ਰਹੇ ਹਨ। ਬਾਵਜੂਦ ਇਸਦੇ ਸਤਲੁਜ ’ਚ ਵਹਿ ਰਿਹਾ ਤੇਜ਼ ਰਫ਼ਤਾਰ ਪਾਣੀ ਦਰਿਆ ਦੇ ਕਿਨਾਰਿਆਂ ਦੀ ਮਿੱਟੀ ਨੂੰ ਆਪਣੇ ਵਿੱਚ ਮਿਲਾ ਕੇ ਅੱਗੇ ਵਧ ਰਿਹਾ ਹੈ। ਜਿਸ ਕਰਕੇ ਦਰਿਆ ਦੇ ਮੋੜਾਂ ’ਤੇ ਬੰਨ ਦੀ ਮਿੱਟੀ ਦੀਆਂ ਡਿਗਾਂ ਲਗਾਤਾਰ ਡਿੱਗ ਰਹੀਆਂ ਹਨ। Sutlej River News