ਸੁਪਰੀਮ ਕੋਰਟ ਨੇ ਗਿਆਨਵਾਪੀ ਮਸਜਿਦ (Gianwapi Masjid) ਮਾਮਲੇ ’ਚ ਭਾਰਤੀ ਪੁਰਾਤੱਤਵ ਸਰਵੇ (ਏਐਸਆਈ) ਨੂੰ ਸਰਵੇ ਕਰਨ ਦੀ ਆਗਿਆ ਦੇ ਦਿੱਤੀ ਹੈ। ਇਹ ਮਾਮਲਾ ਸੰਵੇਦਨਸ਼ੀਲ ਹੈ ਪਰ ਅਦਾਲਤ ਨੇ ਸਰਵੇ ਦੀ ਗੱਲ ਕਹੀ ਹੈ ਜੋ ਵਿਗਿਆਨਕ ਤੇ ਤਰਕਪੂਰਨ ਹੈ। ਪੁਰਾਤੱਤਵ ਵਿਭਾਗ ਇਤਿਹਾਸ ਦੀਆਂ ਤਹਿਆਂ ਨੂੰ ਵਿਗਿਆਨਕ ਢੰਗ ਤਰੀਕੇ ਨਾਲ ਫਰੋਲਦਾ ਹੈ। ਸਰਵੇ ਨੂੰ ਕਿਸੇ ਵੀ ਵਰਗ ਦੀ ਜਿੱਤ ਜਾਂ ਹਾਰ ਦੇ ਰੂਪ ’ਚ ਨਹੀਂ ਵੇਖਿਆ ਜਾ ਸਕਦਾ। ਸਰਵੇ ਦੀ ਰਿਪੋਰਟ ਦਾ ਇੰਤਜਾਰ ਕਰਨਾ ਚਾਹੀਦਾ ਹੈ। ਪੁਰਾਤੱਤਵ ਵਿਭਾਗ ਸਰਕਾਰੀ ਅਦਾਰਾ ਹੈ ਜੋ ਤੱਥਾਂ ਨੂੰ ਡੂੰਘਾਈ ’ਚ ਵੇਖਦਾ ਹੈ। ਸਾਰੇ ਵਰਗਾਂ ਨੂੰ ਚਾਹੀਦਾ ਹੈ ਕਿ ਜਦੋਂ ਤੱਕ ਰਿਪੋਰਟ ਨਹੀਂ ਆ ਜਾਂਦੀ ਜਾਂ ਅਦਾਲਤ ਦਾ ਫੈਸਲਾ ਨਹੀਂ ਆ ਜਾਂਦਾ ਉਦੋਂ ਤੱਕ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਸ੍ਰੀ ਰਾਮ ਚੰਦਰ ਜਨਮਭੂਮੀ ਮਾਮਲੇ ’ਚ ਮੁਕੱਦਮੇ ਦੀ ਪੈਰਵੀ ਕਰਨ ਵਾਲੀਆਂ ਦੋਵਾਂ ਧਿਰਾਂ ਨੇ ਜਿਸ ਤਰ੍ਹਾਂ ਸਦਭਾਵਨਾ ਦਾ ਸਬੂਤ ਦਿੱਤਾ ਉਹ ਆਪਣੇ ਆਪ ’ਚ ਇੱਕ ਮਿਸਾਲ ਸੀ। ਮੁਕੱਦਮੇ ਨਾਲ ਸਬੰਧਿਤ ਦੋਵਾਂ ਧਿਰਾਂ ਦੇ ਆਗੂ ਇਕੱਠੇ ਅਦਾਲਤ ’ਚ ਜਾਂਦੇ ਸਨ ਤੇ ਅਦਾਲਤ ਦੇ ਬਾਹਰ ਚਾਹ ਦੀਆਂ ਦੁਕਾਨਾਂ ’ਤੇ ਇਕੱਠੇ ਬੈਠ ਕੇ ਚਾਹ ਵੀ ਪੀਂਦੇ ਸਨ, ਗਿਆਨਵਾਪੀ ਮਸਜਿਦ ਮਾਮਲੇ ’ਚ ਦੋਵਾਂ ਧਿਰਾਂ ਨੂੰ ਸ਼ਾਂਤੀ ਤੇ ਪ੍ਰੇਮ ਪਿਆਰ ਤੇ ਸਦਭਾਵਨਾ ਦਾ ਸਬੂਤ ਦੇਣਾ ਚਾਹੀਦਾ ਹੈ। ਫਾਲਤੂ ਦੀ ਬਿਆਨਬਾਜ਼ੀ ਤੋਂ ਗੁਰੇਜ਼ ਕਰਕੇ ਪੁਰਾਤੱਤਵ ਵਿਭਾਗ ਦੀ ਕਾਬਲੀਅਤ ਤੇ ਨਿਰਪੱਖਤਾ ’ਤੇ ਯਕੀਨ ਕਰਦਿਆਂ ਵਿਗਿਆਨਕ ਤੇ ਇਤਿਹਾਸਕ ਸੱਚਾਈ ਨੂੰ ਜਾਣਨ ਲਈ ਇੰਤਜਾਰ ਕਰਨਾ ਚਾਹੀਦਾ ਹੈ।
ਮੰਦਰ ਤੇ ਮਜਜਿਦ ਦੀ ਸਾਂਝ | Gianwapi Masjid
ਮੰਦਰ ਤੇ ਮਜਜਿਦ ਦੀ ਸਾਂਝ ਕੀ ਹੈ ਇਹ ਤਾਂ ਅਦਾਲਤ ਦਾ ਫੈਸਲਾ ਦੱਸੇਗਾ ਪਰ ਇਹ ਸੰਦੇਸ਼ ਤਾਂ ਜ਼ਰੂਰ ਜਾਂਦਾ ਹੈ ਕਿ ਪੁਰਾਣੇ ਸਮੇਂ ’ਚ ਵੱਖ-ਵੱਖ ਧਾਰਮਿਕ ਭਾਈਚਾਰਿਆਂ ’ਚ ਪ੍ਰੇਮ ਪਿਆਰ ਤੇ ਸਾਂਝ ਰਹੀ ਹੋਵੇਗੀ। ਅੱਜ ਵੀ ਚੰਦ ਲੋਕ ਹੀ ਸ਼ਰਾਰਤੀ ਹਨ ਜੋ ਕਿਸੇ ਸਾਜਿਸ਼ ਦਾ ਹਿੱਸਾ ਬਣ ਕੇ ਸਮਾਜ ’ਚ ਧਾਰਮਿਕ ਸਾਂਝ ਤੇ ਪ੍ਰੇਮ ਪਿਆਰ ’ਚ ਵਿਘਨ ਪਾਉਂਦੇ ਹਨ, ਨਹੀਂ ਤਾਂ ਮੁਸਲਮਾਨ ਵੱਲੋਂ ਕਾਂਵੜੀਆਂ ’ਤੇ ਫੁੋੱਲਾਂ ਦੀ ਵਰਖਾ ਕਰਨਾ ਅਤੇ ਜਨਮਅਸ਼ਟਮੀ ਦੀਆਂ ਝਾਂਕੀਆਂ ’ਚ ਮੁਸਲਮਾਨ ਵਿਅਕਤੀਆਂ ਦਾ ਵਾਹਨ ਚਲਾਉਣਾ ਅਜਿਹੀਆਂ ਮਿਸਾਲਾਂ ਹਨ ਜੋ ਸਥਾਨਕ ਪੱਧਰ ’ਤੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਨੂੰ ਪੇਸ਼ ਕਰਦੀਆਂ ਹਨ।
ਇਫਤਾਰ ਪਾਰਟੀਆਂ
ਇਸੇ ਤਰ੍ਹਾਂ ਹਿੰਦੂ ਭਾਈਚਾਰੇ ਦੇ ਲੋਕ ਮੁਸਲਮਾਨ ਗੁਆਂਢੀਆਂ ਲਈ ਇਫਤਾਰ ਪਾਰਟੀਆਂ ਕਰਵਾਉਂਦੇ ਹਨ ਤੇ ਈਦ ਦੀਆਂ ਵਧਾਈਆਂ ਦਿੰਦੇ ਹਨ। ਅਸਲ ’ਚ ਸਿਆਸਤ ਤੇ ਵਿਦੇਸ਼ੀ ਚਾਲਾਂ ਨੇ ਧਾਰਮਿਕ ਮੁੱਦਿਆਂ ਨੂੰ ਇੰਨਾ ਪੇਚਦਾਰ ਤੇ ਖਤਰਨਾਕ ਬਣਾ ਦਿੱਤਾ ਹੈ ਕਿ ਧਰਮ ਦੇ ਨਾਂਅ ’ਤੇ ਦੰਗੇ ਫਸਾਦ ਸੁਣ ਕੇ ਦੂਰ ਦੁਰਾਂਡੇ ਖੇਤਰਾਂ ’ਚ ਪ੍ਰੇਮ ਪਿਆਰ ਨਾਲ ਵੱਸਦੇ ਹਿੰਦੂ ਮੁਸਲਮਾਨ ਸਿਰ ਫੜ ਕੇ ਬੈਠ ਜਾਂਦੇ ਹਨ ਕਿ ਧਰਮਾਂ ਦੇ ਨਾਂਅ ’ਤੇ ਲੜਾਈ ਕਿੱਥੋਂ ਆ ਗਈ। ਸਿਆਸੀ ਆਗੂਆਂ ਤੇ ਸਮਾਜਿਕ ਤੇ ਧਾਰਮਿਕ ਸੰਗਠਨਾਂ ਦੇ ਆਗੂ ਦੇਸ਼ ਵਿਰੋਧੀ ਤਾਕਤਾਂ ਨੂੰ ਕਾਮਯਾਬ ਨਾ ਹੋਣ ਦੇਣ, ਇਸ ਵਾਸਤੇ ਆਪਸੀ ਪਿਆਰ ਤੇ ਭਾਈਚਾਰਾ ਹੀ ਸਭ ਤੋਂ ਵੱਡੀ ਤਾਕਤ ਹੈ।