ਮੰਗਾਂ ਪੂਰੀਆਂ ਨਾ ਹੋਈਆਂ ਤਾਂ ਨਵੇਂ ਬਣੇ ਮੁੱਖ ਮੰਤਰੀ ਖਿਲਾਫ ਵੀ ਲੱਗਣਗੇ ਮੋਰਚੇ
ਨਵਜੋਤ ਸਿੰਘ ਸਿੱਧੂ ਨਾਲ 24 ਸਤੰਬਰ ਦੀ ਮੀਟਿੰਗ ਤੈਅ ਹੋਣ ’ਤੇ ਕੀਤੀ ਘਿਰਾਓ ਦੀ ਸਮਾਪਤੀ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ‘ਮਾਣ-ਭੱਤਾ, ਕੱਚਾ ਤੇ ਕੰਟਰੈਕਟ ਮੁਲਾਜ਼ਮ ਮੋਰਚੇ’ ਵੱਲੋਂ ਪਟਿਆਲਾ ਵਿਖੇ ਲਗਾਏ ਗਏ ਤਿੰਨ ਦਿਨਾਂ ਧਰਨੇ ਦੇ ਆਖਰੀ ਦਿਨ ਅੱਜ ਪੰਜਾਬ ਭਰ ਵਿੱਚੋਂ ਪੁੱਜੇ ਕੱਚੇ ਮੁਲਾਜ਼ਮਾਂ ਅਤੇ ਮਾਣ-ਭੱਤਾ ਵਰਕਰਾਂ ਵੱਲੋਂ ਸਥਾਨਕ ਪੁੱਡਾ ਗਰਾਉਂਡ ਵਿਖੇ ਰੈਲੀ ਕਰਨ ਉਪਰੰਤ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਘਰ ਵੱਲ ਮਾਰਚ ਕਰਕੇ ਉਨ੍ਹਾਂ ਦੀ ਪਟਿਆਲਾ ਸਥਿਤ ਰਿਹਾਇਸ਼ ਦਾ ਘਿਰਾਓ ਕੀਤਾ ਗਿਆ। ਇਹ ਘਿਰਾਓ ਪਟਿਆਲਾ ਪ੍ਰਸਾਸ਼ਨ ਦੁਆਰਾ 24 ਸਤੰਬਰ ਨੂੰ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੋਰਚੇ ਦੇ ਆਗੂਆਂ ਦੀ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਤੈਅ ਕਰਵਾਉਣ ’ਤੇ ਸਮਾਪਤ ਕੀਤਾ ਗਿਆ।
ਜਿਕਰਯੋਗ ਹੈ ਕਿ ਇਨ੍ਹਾਂ ਮੁਲਾਜ਼ਮਾਂ ਵੱਲੋਂ ਅੱਜ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਣਾ ਸੀ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਮੁਲਾਜ਼ਮਾਂ ਨੇ ਆਪਣੇ ਸੰਘਰਸ਼ ਦੀ ਦਿਸ਼ਾ ਕਾਂਗਰਸ ਪ੍ਰਧਾਨ ਵੱਲ ਸੇਧਿਤ ਕਰ ਦਿੱਤੀ। ਇਸ ਮੌਕੇ ਮੁਲਾਜ਼ਮਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਆਗੂਆਂ ਲਖਵਿੰਦਰ ਕੌਰ ਫਰੀਦਕੋਟ, ਪਰਮਜੀਤ ਕੌਰ ਮਾਨ, ਰਛਪਾਲ ਸਿੰਘ ਜੋਧਾਨਗਰੀ, ਪ੍ਰਵੀਨ ਸ਼ਰਮਾਂ, ਜਸਵਿੰਦਰ ਕੌਰ, ਕਿਰਨਜੀਤ ਕੌਰ ਮੋਹਾਲੀ, ਗੁਰਪਿਆਰ ਸਿੰਘ, ਕਿਰਨਪਾਲ ਕੌਰ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕੀਤੇ ਜਾਣ ਅਤੇ ਮਾਣ-ਭੱਤਾ ਵਰਕਰਾਂ ’ਤੇ ਘੱਟੋ-ਘੱਟੋ ਉਜਰਤਾਂ ਕਾਨੂੰਨ ਲਾਗੂ ਨਾ ਕੀਤੇ ਜਾਣ ਕਾਰਨ ਅੱਜ ਪੰਜਾਬ ਦੇ
ਮੁਲਾਜ਼ਮਾਂ ਵਿੱਚ ਵੱਡੇ ਪੱਧਰ ’ਤੇ ਰੋਸ ਦੀ ਲਹਿਰ ਹੈ। ਮੁਲਾਜ਼ਮ ਆਗੂਆਂ ਨੇ ਆਖਿਆ ਕਿ ਕਾਂਗਰਸ ਪਾਰਟੀ ਵੱਲੋਂ ਆਪਣੀ ਸਰਕਾਰ ਦੀਆਂ ਨਾਕਾਮੀਆਂ ਛੁਪਾਉਣ ਲਈ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰ ਦਿੱਤਾ ਹੈ ਪਰ ਮੁਲਾਜ਼ਮਾਂ ਦਾ ਸੰਘਰਸ਼ ਆਪਣੀਆਂ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇਗਾ।
ਉਨ੍ਹਾਂ ਆਖਿਆ ਜੇਕਰ ਸਰਕਾਰ ਵੱਲੋਂ ਜੰਗਲਾਤ ਵਰਕਰਾਂ, ਐੱਨ.ਐੱਚ.ਐੱਮ. ਵਿੱਚ ਕੰਮ ਕਰਦੀਆਂ ਸਟਾਫ ਨਰਸਾਂ, ਕੰਟਰੈਕਟ ਮਲਟੀਪਰਪਜ ਹੈਲਥ ਵਰਕਰਾਂ, ਐਸਐਸਏ ਮਿਡ ਡੇਅ ਮੀਲ ਅਧੀਨ ਕੰਮ ਕਰਦੇ ਨਾਨ ਟੀਚਿੰਗ ਸਟਾਫ, ਕਸਤੂਰਬਾ ਗਾਂਧੀ ਹੋਸਟਲਾਂ ਦੇ ਮੁਲਾਜਮਾਂ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸਕੂਲਾਂ ਦੇ ਮੁਲਾਜਮਾਂ ਸਮੇਤ ਸਮੂਹ ਕੱਚੇ, ਠੇਕਾ ਆਧਾਰਿਤ ਤੇ ਆਊਟਸੋਰਸ ਮੁਲਾਜਮਾਂ ਨੂੰ ਪੱਕੇ ਨਹੀਂ ਕੀਤਾ ਜਾਂਦਾ ਅਤੇ ਮਾਣ-ਭੱਤੇ ਅਧੀਨ ਕੰਮ ਕਰਦੀਆਂ ਮਿਡ-ਡੇ-ਮੀਲ ਵਰਕਰਾਂ, ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਤੇ ਘੱਟੋ-ਘੱਟ ਉਜਰਤਾਂ ਕਾਨੂੰਨ ਲਾਗੂ ਨਹੀਂ ਕੀਤਾ ਜਾਂਦਾ ਤਾਂ ਜਲਦੀ ਹੀ ਨਵੇਂ ਚੁਣੇ ਜਾਣ ਵਾਲੇ ਮੁੱਖ ਮੰਤਰੀ ਖਿਲਾਫ ਆਰ-ਪਾਰ ਦਾ ਸੰਘਰਸ ਵਿੱਡਿਆ ਜਾਵੇਗਾ।
ਇਸ ਮੌਕੇ ਮੋਰਚੇ ਦੇ ਆਗੂਆਂ ਬਲਵੀਰ ਸਿੰਘ ਸੀਵੀਆ, ਮਮਤਾ ਸ਼ਰਮਾਂ, ਅਮਰਜੀਤ ਕੌਰ ਕੰਮੇਆਣਾ, ਸਰਬਜੀਤ ਕੌਰ ਜਲੰਧਰ, ਕਮਲਜੀਤ ਪੱਤੀ, ਸਰਬਜੀਤ ਕੌਰ ਮਚਾਕੀ, ਹਰਜੀਤ ਕੌਰ ਸਮਰਾਲਾ, ਪਿੰਕੀ ਰਾਣੀ ਖਰਾਬਗੜ, ਚਮਕੌਰ ਸਿੰਘ, ਸੰਜੂ ਸਿੰਘ ਮੂਣਕ, ਜਗਦੇਵ ਸਿੰਘ ਤੋਂ ਇਲਾਵਾ ਡੈਮੋਕ੍ਰੇਟਿਕ ਮੁਲਾਜਮ ਫੈਡਰੇਸਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਜਨਰਲ ਸਕੱਤਰ ਹਰਦੀਪ ਟੋਡਰਪੁਰ, ਵਿੱਤ ਸਕੱਤਰ ਹਰਿੰਦਰ ਦੁਸਾਂਝ, ਸੂਬਾ ਆਗੂ ਗੁਰਜੀਤ ਘੱਗਾ, ਡੈਮੋਕ੍ਰੇਟਿਕ ਟੀਚਰਜ ਫਰੰਟ ਦੇ ਵਿਕਰਮ ਦੇਵ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ