ਮੁੰਬਈ (ਏਜੰਸੀ)। ਮੈਨ ਆਫ਼ ਦ ਮੈਚ ਸ਼ੇਨ ਵਾਟਸਨ ਦੀ ਤੂਫ਼ਾਨੀ ਸੈਂਕੜੇ ਵਾਲੀ ਨਾਬਾਦ ਪਾਰੀ (117) ਦੀ ਬਦੌਲਤ ਚੇਨਈ ਸੁਪਰਕਿੰਗਜ਼ ਨੇ ਆਈ.ਪੀ.ਐਲ. 11 ਦੇ ਫਾਈਨਲ ‘ਚ ਸਨਰਾਈਜ਼ਰਸ ਹੈਦਰਾਬਾਦ ਵਿਰੁੱਧ 8 ਵਿਕਟਾਂ ਨਾਲ ਜਿੱਤ ਹਾਸਲ ਕਰਦਿਆਂ ਤੀਸਰੀ ਵਾਰ ਆਈ.ਪੀ.ਐਲ. ਦਾ ਸਰਤਾਜ ਬਣਨ ਦਾ ਮਾਣ ਹਾਸਲ ਕਰ ਲਿਆ ਹੈਦਰਾਬਾਦ ਨੇ ਟਾਸ ਹਾਰ ਕੇ ਪਹਿਲਾਂ ਮਿਲੇ ਬੱਲੇਬਾਜ਼ੀ ਦੇ ਸੱਦੇ ‘ਤੇ 6 ਵਿਕਟਾਂ ਦੇ ਨੁਕਸਾਨ ‘ਤੇ 178 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿੱਚ ਸ਼ੇਨ ਵਾਟਸਨ ਨੇ ਮੈਦਾਨ ਦੇ ਚਾਰੇ ਪਾਸੇ ਚੌਕੇ ਛੱਕਿਆਂ ਦੀ ਵਾਛੜ ਕਰਦਿਆਂ ਚੇਨਈ ਨੂੰ ਇਸ ਚੁਣੌਤੀਪੂਰਨ ਸਕੋਰ ਨੂੰ ਸਿਰਫ਼ 18.3 ਓਵਰਾਂ ‘ਚ 181 ਦੌੜਾਂ ਤੱਕ ਪਹੁੰਚਾ ਕੇ ਇਸ ਸੀਜ਼ਨ ‘ਚ ਹੈਦਰਾਬਾਦ ਨੂੰ ਲਗਾਤਾਰ ਚੌਥੀ ਵਾਰ ਪਟਖਨੀ ਦੇ ਦਿੱਤੀ।
ਚੇਨਈ ਨੇ ਇਸ ਤੋਂ ਪਹਿਲਾਂ ਗਰੁੱਪ ਮੈਚਾਂ ‘ਚ 2 ਵਾਰ ਅਤੇ ਕੁਆਲੀਫਾਇਰ ‘ਚ ਵੀ ਹੈਦਰਾਬਾਦ ਨੂੰ ਹਰਾਇਆ ਸੀ ਅਤੇ ਫ਼ਾਈਨਲ ‘ਚ ਵੀ ਨਿਊਜ਼ੀਲੈਂਡ ਦੇ ਕੇਨ ਵਿਲਿਅਮਸਨ ਦੀ ਕਪਤਾਨੀ ਵਾਲੀ ਹੈਦਰਾਬਾਦ ਧੋਨੀ ਦੇ ਧੁਰੰਦਰਾਂ ਤੋਂ ਪਾਰ ਨਾ ਪਾ ਸਕੀ ਸ਼ੇਨ ਵਾਟਸਨ ਨੇ ਆਪਣੀ ਧੂੰਆਧਾਰ ਪਾਰੀ ਦੌਰਾਨ ਵਾਟਸਨ ਨੇ ਸੰਦੀਪ ਸ਼ਰਮਾ ਦੇ ਆਖ਼ਰੀ ਓਵਰ ‘ਚ ਲਗਾਤਾਰ ਪੰਜ ਗੇਂਦਾਂ ‘ਤੇ (4,6,6,6,4) ਗੇਂਦ ਨੂੰ ਬਾਊਂਡਰੀ ਪਾਰ ਕਰਦਿਆਂ ਮੈਚ ਦਾ ਪਾਸਾ ਪਲਟ ਦਿੱਤਾ ਅਤੇ ਚੇਨਈ ਤੋਂ ਵੱਡੇ ਸਕੋਰ ਦਾ ਸਾਰਾ ਦਬਾਅ ਵੀ ਚੁੱਕ ਦਿੱਤਾ ਵਾਟਸਨ ਨੇ ਆਪਣਾ ਮੈਰਾਥਨ ਸੈਂਕੜਾ 57 ਗੇਂਦਾਂ ‘ਚ 11 ਚੌਕੇ ਅਤੇ 8 ਛੱਕਿਆਂ ਦੀ ਮੱਦਦ ਨਾਲ ਨਾਬਾਦ 117 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : ਹਾਈਵੋਲਟੇਜ਼ ਤਾਰਾਂ ਘਰ ਦੀ ਕੰਧ ਨਾਲ ਛੂਹੀਆਂ
ਵਾਟਸਨ ਨੇ ਆਪਣਾ ਸੈਂਕੜਾ 51 ਗੇਂਦਾਂ ‘ਚ 7 ਚੌਕੇ ਅਤੇ 8 ਛੱਕਿਆਂ ਦੀ ਮੱਦਦ ਨਾਲ ਪੂਰਾ ਕੀਤਾ ਹੈਦਰਾਬਾਦ ਨੂੰ ਮੈਚ ਤੋਂ ਬਾਹਰ ਹੀ ਕਰ ਦਿੱਤਾ ਹਾਲਾਂਕਿ 179 ਦੌੜਾਂ ਦੇ ਟੀਚੇ ਨੂੰ ਪਾਉਣ ਲਈ ਚੇਨਈ ਦੀ ਸ਼ੁਰੂਆਤ ਧੀਮੀ ਰਹੀ ਅਤੇ ਚੇਨਈ ਭੁਵੀ ਅਤੇ ਸੰਦੀਪ ਸ਼ਰਮਾ ਦੀ ਗੇਂਦਬਾਜ਼ੀ ਸਾਹਮਣੇ 4 ਓਵਰਾਂ ‘ਚ ਸਿਰਫ਼ 16 ਦੌੜਾਂ ਹੀ ਜੋੜ ਸਕੀ ਐਨਾ ਹੀ ਨਹੀਂ ਚੇਨਈ ਦੀ ਜਿੱਤ ਦੇ ਹੀਰੋ ਰਹੇ ਵਾਟਸਨ ਨੇ ਆਪਣਾ ਖਾਤਾ ਖੋਲ੍ਹਣ ਲਈ 10 ਗੇਂਦਾਂ ਤੱਕ ਸੰਘਰਸ਼ ਕੀਤਾ ਵਾਟਸਨ ਨੇ 11ਵੀਂ ਗੇਂਦ ‘ਤੇ ਆਪਣਾ ਖ਼ਾਤਾ ਖੋਲਿਆ ਅਤੇ ਇਸ ਤੋਂ ਬਾਅਦ ਜੋ ਹੋਇਆ ਉਹ ਆਈ.ਪੀ.ਐਲ. ਦੇ ਇਤਿਹਾਸ ‘ਚ ਦਰਜ ਹੋ ਗਿਆ।
36 ਸਾਲਾ ਵਾਟਸਨ ਦੀ ਇਹ ਪਾਰੀ ਆਈ.ਪੀ.ਐਲ. ਫਾਈਨਲਲ ਵਿੱਚ ਕਿਸੇ ਵੀ ਬੱਲੇਬਾਜ਼ ਵੱਲੋਂ ਬਣਾਇਆ ਗਿਆ ਆਈ.ਪੀ.ਐਲ. ਦਾ ਸਭ ਤੋਂ ਵੱਧ ਸਕੋਰ ਹੈ ਪਾਰੀ ਦੀ ਸ਼ੁਰੂਆਤ ‘ਚ ਡੁ ਪਲੇਸਿਸ ਦੀ ਵਿਕਟ ਗੁਆਉਣ ਤੋਂ ਬਾਅਦ ਵਾਟਸਨ ਨੇ ਸੁਰੇਸ਼ ਰੈਨਾ (32) ਦੇ ਨਾਲ ਦੂਸਰੀ ਵਿਕਟ ਲਈ 117 ਦੌੜਾਂ ਦੀ ਭਾਈਵਾਲੀ ਕੀਤੀ ਜੋ ਚੇਨਈ ਦੀ ਜਿੱਤ ‘ਚ ਫੈਸਲਾਕੁੰਨ ਸਾਬਤ ਹੋਈ ਚੇਨਈ ਦੀ ਪਾਰੀ ਦੀ ਸ਼ੁਰੂਆਤ ‘ਚ ਭੁਵਨੇਸ਼ਵਰ ਨੇ ਆਪਣੇ ਦੋ ਓਵਰਾਂ ‘ਚ ਇੱਕ ਮੇਡਨ ਸਮੇਤ ਪਹਿਲੀਆਂ 10 ਗੇਂਦਾਂ ਤੱਕ ਕੋਈ ਦੌੜ ਖ਼ਰਚ ਨਹੀਂ ਕੀਤੀ ਸੀ।
ਉਸ ਸਮੇਂ ਲੱਗ ਰਿਹਾ ਸੀ ਕਿ ਧਾਰਦਾਰ ਗੇਂਦਬਾਜ਼ੀ ਲਈ ਜਾਣੀ ਜਾਣ ਵਾਲੀ ਹੈਦਰਾਬਾਦ ਦੇ ਸਾਹਮਣੇ ਚੇਨਈ ਸੁਪਰ ਕਿੰਗਜ਼ ਲਈ ਇਹ ਟੀਚਾ ਸੌਖਾ ਨਹੀਂ ਹੋਵੇਗਾ ਪਰ ਇੱਕ ਵਾਰ ਜਦੋਂ ਵਾਟਸਨ ਦਾ ਦੌੜਾਂ ਦਾ ਤੂਫ਼ਾਨ ਸ਼ੁਰੂ ਹੋਇਆ ਤਾਂ ਫਿਰ ਉਹਨਾਂ ਕਿਸੇ ਵੀ ਗੇਂਦਬਾਜ਼ ਦੇ ਪੈਰ ਨਹੀਂ ਟਿਕਣ ਦਿੱਤੇ। ਇਸ ਤੋਂ ਪਹਿਲਾਂ ਫ਼ੈਸਲਾਕੁੰਨ ਮੁਕਾਬਲੇ ‘ਚ ਯੂਸਫ ਪਠਾਨ ਦੀ ਉਮਦਾ ਪਾਰੀ ਦੀ ਬਦੌਲਤ ਸਨਰਾਈਜ਼ਰਸ ਨੇ 179 ਦੌੜਾਂ ਦਾ ਟੀਚਾ ਦਿੱਤਾ ਪਾਰੀ ਦੇ 13ਵੇਂ ਓਵਰ ‘ਚ ਬੱਲੇਬਾਜ਼ੀ ਲਈ ਆਏ ਯੂਸਫ ਨੇ ਆਪਣੀ ਟੀਮ ਲਈ ਇਸ ਅਹਿਮ ਮੁਕਾਬਲੇ ‘ਚ 25 ਗੇਂਦਾਂ ‘ਚ 2 ਛੱਕੇ ਅਤੇ 4 ਚੌਕੇ ਲਗਾਉਂਦਿਆਂ 45 ਦੌੜਾਂ ਦੀ ਉਮਦਾ ਪਾਰੀ ਖੇਡੀ।