ਰੰਗ ਹਰਜਿੰਦਰ ਅਤੇ ਅਮੋਲਕ ਸਿੱਧੂ ਵੱਲੋਂ ਇਕਾਂਗੀ ‘ਨਾਇਕ’ ਦੇ ਘਰਾਂ ਚ ਬੈਠਕੇ ਬੋਲੇ ਡਾਇਲਾਗ ਦੂਰਦਰਸ਼ਨ ‘ਤੇ ਛਾਏ
ਬਠਿੰਡਾ, (ਸੁਖਜੀਤ ਮਾਨ) ਆਮ ਦਿਨਾਂ ‘ਚ ਸਕੂਲਾਂ ‘ਚ ਬੋਰਡ ‘ਤੇ ਪੜ੍ਹਾਉਣ ਵਾਲੇ ਅਧਿਆਪਕ ਹੁਣ ਦੂਰਦਰਸ਼ਨ ‘ਤੇ ਛਾਏ ਹੋਏ ਨੇ ਕੋਰੋਨਾ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਦੂਰ ਕਰ ਦਿੱਤਾ ਸੀ ਪਰ ਦੂਰਦਰਸ਼ਨ ਇਹ ਦੂਰੀ ਮਿਟਾ ਰਿਹਾ ਹੈ ਸਮੇਂ ਦੀ ਨਜ਼ਾਕਤ ਅਤੇ ਤਕਨੀਕ ਦਾ ਸੁਮੇਲ ਹੀ ਮੰਨਿਆ ਜਾ ਸਕਦਾ ਹੈ ਕਿ ਜਿਹੜੇ ਨਾਟਕਾਂ ਆਦਿ ਨੂੰ ਟੀਮਾਂ ਵੱਖ-ਵੱਖ ਥਾਈਂ ਜਾ ਕੇ ਕਾਫ਼ੀ ਮਿਹਨਤ ਕਰਕੇ ਤਿਆਰ ਕਰਦੀਆਂ ਨੇ ਪਰ ਅਜਿਹੇ ਨਾਟਕ ਇਕਾਂਗੀਆਂ ਆਦਿ ਦੇ ਡਾਇਲਾਗਾਂ ਨੂੰ ਸਰਕਾਰੀ ਸਕੂਲਾਂ ਦੇ ਰੰਗਕਰਮੀ ਅਧਿਆਪਕ ਆਪੋ-ਆਪਣੇ ਘਰਾਂ ‘ਚ ਬੈਠੇ ਬੋਲਕੇ ਵੀ ਦੂਰਦਰਸ਼ਨ ਦੇ ਪ੍ਰਸਾਰਨ ਰਾਹੀਂ ਬੇਰੰਗ ਜ਼ਿੰਦਗੀ ‘ਚ ਰੰਗ ਭਰ ਰਹੇ ਹਨ ਅਧਿਆਪਕਾਂ ਦੀ ਇਹ ਕਲਾ ਵਿਦਿਆਰਥੀਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਚੰਗੀ ਲੱਗਣ ਲੱਗੀ ਹੈ
ਵੇਰਵਿਆਂ ਮੁਤਾਬਿਕ ਆਨਲਾਈਨ ਪੜ੍ਹਾਈ ਦੇ ਇਸ ਦੌਰ ਤੇ ਲਾਕਡਾਊਨ ਦੇ ਔਖੇ ਸਮੇਂ ‘ਚ ਰੰਗਮੰਚ ਅਤੇ ਫਿਲਮੀ ਨਿਰਦੇਸ਼ਕ ਅਧਿਆਪਕ ਰੰਗ ਹਰਜਿੰਦਰ ਨੇ ਆਪਣੇ ਅਧਿਆਪਕ ਸਾਥੀ ਅਦਾਕਾਰ ਅਮੋਲਕ ਸਿੱਧੂ ਨਾਲ ਆਪਣੇ-ਆਪਣੇ ਘਰਾਂ ਵਿੱਚੋਂ ਡਾਇਲਾਗ ਬੋਲਕੇ ਤਿਆਰ ਕੀਤੇ ਇਕਾਂਗੀ ‘ਨਾਇਕ’ ਦੇ ਨਾਟਕ ਫਿਲਮਾਂਕਣ ਨੂੰ ਦੂਰਦਰਸ਼ਨ ‘ਤੇ ਸਫਲਤਾ ਪੂਰਵਕ ਨਿਭਾਕੇ ਆਨਲਾਈਨ ਸਿੱਖਿਆ ਅਤੇ ਅਦਾਕਾਰੀ ਦੇ ਖੇਤਰ ਵਿੱਚ ਇੱਕ ਨਵੀਂ ਪਹਿਲ ਕਦਮੀਂ ਕੀਤੀ ਹੈ ਇਸ ਪਹਿਲ ਕਦਮੀ ਦਾ ਰੰਗਕਰਮੀਆਂ ਅਤੇ ਸਿੱਖਿਆ ਵਿਦਵਾਨਾਂ ਵੱਲ੍ਹੋਂ ਭਰਵਾਂ ਸਵਾਗਤ ਹੋ ਰਿਹਾ ਹੈ
ਇਨ੍ਹਾਂ ਦੋਵੇ ਰੰਗਕਰਮੀ ਅਧਿਆਪਕਾਂ ਨੇ ਆਪਣੇ ਵਿਦਿਆਰਥੀਆਂ ਨੂੰ ਨਾਇਕ ਕਹਾਣੀ ਦੇ ਅਸਲੀ ਸੰਦੇਸ਼ ਨੂੰ ਦੇਣ ਲਈ ਅੱਧੇ ਘੰਟੇ ਦੀ ਤਿਆਰੀ ਵਾਲੇ ਲੈਕਚਰ ਦੀ ਥਾਂ ਦਸ ਦਿਨਾਂ ਦੀ ਸਖਤ ਮਿਹਨਤ ਮੁਸ਼ੱਕਤ ਨਾਲ ਨਿਭਾਕੇ ਸਿੱਖਿਆ ਵਿਭਾਗ ਦੇ ਅਸਲ ਨਾਇਕ ਹੋਣ ਦਾ ਪ੍ਰਮਾਣ ਦਿੱਤਾ ਹੈ ਸਿੱਖਿਆ ਵਿਭਾਗ ਵੱਲ੍ਹੋਂ ਘਰ ਬੈਠੇ ਵਿਦਿਆਰਥੀਆਂ ਲਈ ਚਲ ਰਹੀ ਦੂਰਦਰਸ਼ਨ ‘ਤੇ ਆਨਲਾਈਨ ਸਿੱਖਿਆ ਪ੍ਰੋਗਰਾਮ ਦੌਰਾਨ ਦਸਵੀਂ ਦੇ ਵਿਦਿਆਰਥੀਆਂ ਲਈ ‘ਨਾਇਕ’ ਇਕਾਂਗੀ ਨੂੰ ਜਿਸ ਰੂਪ ਵਿੱਚ ਰੰਗ ਹਰਜਿੰਦਰ ਅਤੇ ਅਮੋਲਕ ਸਿੱਧੂ ਨੇ ਨਿਭਾਇਆ ਹੈ ਉਹ ਸੱਚਮੁੱਚ ਹੀ ਰੰਗਮੰਚ ਅਤੇ ਸਿੱਖਿਆ ਵਿਭਾਗ ਦੇ ਖੇਤਰ ਵੀ ਨਿਵੇਕਲਾ ਕਾਰਜ ਹੈ
ਇਨ੍ਹਾਂ ਕਲਾਕਾਰਾਂ ਦੇ ਅੰਦਰਲੇ ਜਨੂੰਨ ਨੇ ਇੱਕ ਅਧਿਆਪਕ ਔਖੇ ਸਮੇਂ ਆਪਣੇ ਵਿਦਿਆਰਥੀਆਂ ਲਈ ਕਿਹੋ ਜਿਹੀ ਘਾਲਣਾ ਕਰ ਸਕਦਾ, ਉਸ ਦੀ ਨਿਵੇਕਲੀ ਉਦਾਹਰਣ ਪੇਸ਼ ਕੀਤੀ ਇਨ੍ਹਾਂ ਦੋਵੇਂ ਅਧਿਆਪਕਾਂ ਨੇ ਪਹਿਲਾ ਆਪਣੇ-ਆਪਣੇ ਡਾਇਲਾਗ ਦੀ ਵੰਡ ਕੀਤੀ, ਫਿਰ ਅਪਣੇ ਅਪਣੇ ਘਰਾਂ ਚ ਨਾਟਕ ਦੀ ਦਿਸ਼ਾ ਨਿਰਦੇਸ਼ਨਾ ਅਨੁਸਾਰ 200 ਤੋਂ ਵੱਧ ਡਾਇਲਾਗ ਬੋਲੇ, ਫਿਰ ਦੋਵਾਂ ਨੇ ਡਾਇਲਾਗ ਦੀਆਂ ਸਕਿੰਟਾਂ ਦੇ ਰੂਪ ਵਿੱਚ ਬਣੀਆਂ ਦੋ ਸੌ ਦੇ ਕਰੀਬ ਵੀਡੀਓਜ਼ ਨੂੰ ਜੋੜਨ ਦਾ ਸਭ ਤੋ ਔਖਾ ਤੇ ਤਕਨੀਕੀ ਕਾਰਜ ਨੇਪਰੇ ਚਾੜ੍ਹਿਆ ਇਹੋ ਕਾਰਨ ਹੈ ਕਿ ਇਸ ਸਾਰੇ ਪ੍ਰੋਜੈਕਟ ਲਈ ਦਸ ਦਿਨਾਂ ਦਾ ਸਮਾਂ ਲੱਗਿਆ
ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ ਦੂਰਦਰਸ਼ਨ ਦੇ ਡੀਡੀ ਪੰਜਾਬੀ ਚੈੱਨਲ ਤੇ ਦਸਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਲ ਗੁਰਸ਼ਰਨ ਸਿੰਘ ਦੁਆਰਾ ਲਿਖੀ ਇਕਾਂਗੀ ‘ਨਾਇਕ’ ਬਾਰੇ ਵਿਦਿਆਰਥੀਆਂ ਨੂੰ ਪਾਠ ਪੜ੍ਹਾਉਣਾ ਸੀ, ਜਿਸ ਨੂੰ ਜੇਕਰ ਰੰਗ ਹਰਜਿੰਦਰ ਚਾਹੁੰਦਾ ਤਾਂ ਇਕਾਂਗੀ ਨੂੰ ਡਾਇਲਾਗ ਸ਼ੈਲੀ ਵਿੱਚ ਬੋਲਕੇ ਮਿਥੇ ਸਮੇਂ ‘ਚ ਆਪਣੀ ਵਧੀਆ ਡਿਊਟੀ ਨਿਭਾਉਂਦਾ ਤੇ ਚਲਾ ਜਾਂਦਾ ਪਰ ਉਸ ਦਾ ਅੰਦਰਲਾ ਕਲਾਕਾਰ ਹਮੇਸ਼ਾਂ ਹੀ ਵਿਦਿਆਰਥੀਆਂ ਲਈ ਕੁੱਝ ਨਵਾਂ-ਨਿਵੇਕਲਾ ਕਰਨ ਲਈ ਉਕਸਾਉਂਦਾ ਹੈ
ਰੰਗਮੰਚ ਨਾਲ ਜੁੜੇ ਹੋਏ ਰੰਗਕਰਮੀ ਵੀ ਰੰਗ ਹਰਜਿੰਦਰ ਪੰਜਾਬੀ ਮਾਸਟਰ ਸਰਕਾਰੀ ਸੈਕੰਡਰੀ ਸਕੂਲ ਕੋਟਸੁਖੀਆ ਅਤੇ ਅਮੋਲਕ ਸਿੱਧੂ ਐੱਸ ਐੱਸ ਮਾਸਟਰ ਸਰਕਾਰੀ ਮਿਡਲ ਸਕੂਲ ਰਣ ਸਿੰਘ ਵਾਲਾ ਫਰੀਦਕੋਟ ਦੀ ਆਪਣੇ ਵਿਦਿਆਰਥੀਆਂ ਪ੍ਰਤੀ ਸਮਰਪਿਤ ਦੀ ਭਾਵਨਾ ਤੇ ਰੰਗਮੰਚ ਨਾਲ ਜੁੜੀ ਪ੍ਰਤੀਬੱਧਤਾ ਲਈ ਉਸ ਨੂੰ ਸਲਾਮ ਕਰ ਰਹੇ ਹਨ ਦੂਰਦਰਸ਼ਨ ਤੇ ਨਾਟਕ ਦੇ ਰੂਪ ਵਿੱਚ ਪੇਸ਼ ਕੀਤੀ ਗਈ
ਗੁਰਸ਼ਰਨ ਸਿੰਘ ਦੀ ਇਕਾਂਗੀ ਦਾ ਵਿਸ਼ਾ ਵੀ ਕਮਾਲ ਦਾ ਸੀ ਜਿਸ ਮੁਤਾਬਿਕ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਪੀੜੀ ਦਰ ਪੀੜੀ ਸੋਚ ਦਾ ਪਾੜਾ ਵਧ ਰਿਹਾ ਜਿੱਥੇ ਪੁਰਾਣੀ ਪੀੜੀ ਕੋਲ਼ ਤਜਰਬਾ ਹੈ ਉੱਥੇ ਨਵੀਂ ਪੀੜੀ ਕੋਲ਼ ਤਰਕ ਹੈ ਇਹ ਪੀੜੀਆਂ ਦੀ ਆਪਸੀ ਤਕਰਾਰ ਘਰਾਂ ਵਿੱਚ ਕਲੇਸ਼ ਦਾ ਕਾਰਨ ਬਣਦੀ ਹੈ ਜਦੋਂਕਿ ਹਰ ਤਰਾਂ ਦੀ ਮੰਜ਼ਿਲ ਸਰ ਕਰਨ ਲਈ, ਹਰ ਤਰਾਂ ਦੇ ਸੰਘਰਸ਼ ਨੂੰ ਜਿੱਤਣ ਲਈ ਸਾਰੀਆਂ ਪੀੜੀਆਂ ਨੂੰ ਮੋਢੇ ਨਾਲ਼ ਮੋਢਾ ਜੋੜ ਕੇ ਖੜ੍ਹਣਾ ਪੈਣਾ ਹੈ
ਅਜਿਹਾ ਤਜਰਬਾ ਪਹਿਲਾ ਕਦੇ ਵੀ ਵੇਖਣ ਨੂੰ ਨਹੀਂ ਮਿਲਿਆ : ਸਿੱਧੂ
ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ ਰੰਗਮੰਚ ਨੂੰ ਸਮਰਪਿਤ ਰਿਹਾ ਰੰਗ ਹਰਜਿੰਦਰ ਕਲਾਕਾਰ ਆਪਣੇ ਹੀ ਵਿਦਿਆਰਥੀਆਂ ਨਾਲ ਕਿਸ ਤਰ੍ਹਾਂ ਬੇਇਨਸਾਫ਼ੀ ਕਰਦਾ, ਜਿਸ ਕਰਕੇ ਉਨ੍ਹਾਂ ਨੇ ਦੋ ਨਵੇਂ ਤਜਰਬੇ ਕੀਤੇ,ਪਹਿਲਾਂ ਵਿਦਿਆਰਥੀਆਂ ਤੋਂ ਪੇਸ਼ਕਾਰੀ ਕਰਵਾਈ ਫਿਰ ਖੁਦ ਆਪਣੇ ਸਾਥੀ ਅਮੋਲਕ ਸਿੱਧੂ ਨਾਲ ਘਰੋਂ ‘ਚੋਂ ਡਾਇਲਾਗ ਬੋਲਕੇ ਤਿਆਰ ਕੀਤੇ ਸੈਂਕੜੇ ਵੀਡੀਓ ਸ਼ਾਟ ਇਕੱਠੇ ਕਰਕੇ ਇੱਕੋ ਵੀਡੀਓ ਬਣਾਈ ਤੇ ਫਿਰ ਦੂਰਦਰਸ਼ਨ ਤੇ ਫਿਲਮਾਈ ਅਜਿਹਾ ਤਜਰਬਾ ਰੰਗਮੰਚ ਦੇ ਖੇਤਰ ਵਿੱਚ ਪਹਿਲਾ ਕਦੇ ਵੀ ਵੇਖਣ ਨੂੰ ਨਹੀਂ ਮਿਲਿਆ ਜਿਸ ਕਾਰਨ ਕਈ ਰੰਗਕਰਮੀ ਵੀ ਹੈਰਾਨ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ