13 ਮਈ 2015 ਨੂੰ ਸੁਖਬੀਰ ਬਾਦਲ ਨੇ ਕੀਤਾ ਸੀ 1905 ਹੈਲਪਲਾਇਨ ਨੂੰ ਸ਼ੁਰੂ
- ਅਮਰਿੰਦਰ ਸਿੰਘ ਦੀ ਸਰਕਾਰ ਨੇ ਬੰਦ ਕੀਤੀ ਅਦਾਇਗੀ, ਆਪਣੇ ਆਪ ਭੱਜ ਗਈ ਕੰਪਨੀ
ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਲੋਂ ਸ਼ੁਰੂ ਕੀਤੀ ਗਈ 1905 ਹੈਲਪਲਾਈਨ ਦਾ ਕਾਂਗਰਸ ਸਰਕਾਰ ਵਿੱਚ ਭੋਗ ਪੈ ਗਿਆ ਹੈ। ਪੰਜਾਬ ਸਰਕਾਰ ਨੇ ਨਾ ਸਿਰਫ਼ ਇਸ ਹੈਲਪਲਾਇਨ ਨੂੰ ਜਾਅਲੀ ਅਤੇ ਨਿਕੰਮੀ ਕਰਾਰ ਦਿੰਦੇ ਹੋਏ ਬੰਦ ਕਰ ਦਿੱਤਾ ਹੈ, ਸਗੋਂ ਇਸ ਹੈਲਪਲਾਇਨ ਨੂੰ ਚਲਾਉਣ ਵਾਲੀ ਕੰਪਨੀ ਦੇ ਲੱਖਾਂ ਰੁਪਏ ਵੀ ਰੋਕ ਲਏ ਹਨ। ਜਿਸ ਕਾਰਨ ਤੰਗ ਆ ਕੇ ਖ਼ੁਦ ਪ੍ਰਾਈਵੇਟ ਕੰਪਨੀ ਹੀ ਭੱਜ ਗਈ ਹੈ।
ਜਾਣਕਾਰੀ ਅਨੁਸਾਰ ਅਕਾਲੀ-ਭਾਜਪਾ ਸਰਕਾਰ ਦੌਰਾਨ 13 ਮਈ 2015 ਨੂੰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਲੋਂ ਇੱਕ ਫੋਨ ਨੰਬਰ 1905 ਰਾਹੀਂ ਹੈਲਪ ਲਾਇਨ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਰਾਹੀਂ ਹਰ ਕੋਈ ਆਪਣੀ ਸ਼ਿਕਾਇਤ ਦਰਜ਼ ਕਰਵਾ ਕੇ ਉਸ ਦਾ ਹੱਲ ਕੱਢਵਾ ਸਕਦਾ ਸੀ। ਇਸ ਹੈਲਪ ਲਾਇਨ ਨੂੰ ਸੁਖ਼ਬੀਰ ਬਾਦਲ ਨੇ ਆਪਣੇ ਅਧੀਨ ਰੱਖਿਆ ਹੋਇਆ ਸੀ ਅਤੇ ਖ਼ੁਦ ਸੁਖਬੀਰ ਬਾਦਲ ਵੀ ਕਈ ਮਾਮਲੇ ਦੇਖਣ ਤੋਂ ਬਾਅਦ ਉਨਾਂ ਸ਼ਿਕਾਇਤਾਂ ਬਾਰੇ ਅਧਿਕਾਰੀਆਂ ਤੋਂ ਜਾਣਕਾਰੀ ਲੈਂਦੇ ਸਨ ਕਿ ਉਸ ਸ਼ਿਕਾਇਤ ਨੂੰ ਦੂਰ ਕੀਤਾ ਗਿਆ ਜਾਂ ਫਿਰ ਨਹੀਂ। ਇਥੇ ਹੀ ਸੁਖਬੀਰ ਬਾਦਲ ਵਲੋਂ ਸ਼ਿਕਾਇਤ ਕਰਨ ਵਾਲੇ ਕੁਝ ਲੋਕਾਂ ਨੂੰ ਵੀ ਫੋਨ ਕਰਕੇ ਪੁੱਛਿਆ ਜਾਂਦਾ ਸੀ ਕਿ ਉਨਾਂ ਦੀ ਸ਼ਿਕਾਇਤ ਦੂਰ ਹੋਈ ਹੈ ਜਾਂ ਫਿਰ ਨਹੀਂ।
ਇਸ ਹੈਲਪ ਲਾਈਨ ਨੂੰ ਸ਼ੁਰੂ ਕਰਨ ਤੋਂ ਬਾਅਦ ਸੁਖਬੀਰ ਬਾਦਲ ਵਲੋਂ ਲੱਖਾਂ ਕਰੋੜਾ ਰੁਪਏ ਖ਼ਰਚ ਕਰਕੇ ਸਾਰੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਵੀ ਦਿੱਤੇ ਗਏ ਸਨ ਸੱਤਾ ਵਿੱਚ ਬਦਲਾਓ ਹੋਣ ਤੋਂ ਬਾਅਦ ਕਾਂਗਰਸ ਸਰਕਾਰ ਨੇ ਸੁਖਬੀਰ ਬਾਦਲ ਦੀ ਇਸ ਹੈਲਪ ਲਾਈਨ ਨੂੰ ਨਾ ਸਿਰਫ਼ ਜਾਅਲੀ ਕਰਾਰ ਦੇ ਦਿੱਤਾ ਹੈ, ਸਗੋਂ ਇਸ ਨੂੰ ਫਜ਼ੂਲ ਖ਼ਰਚੀ ਦੱਸਦੇ ਹੋਏ ਬੰਦ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਇਸ ਹੈਲਪ ਲਾਇਨ 1905 ਨੂੰ ਚਲਾ ਰਹੀਂ ਪ੍ਰਾਈਵੇਟ ਕੰਪਨੀ ਦੀ ਪਿਛਲੇ ਕਈ ਮਹੀਨਿਆਂ ਤੋਂ ਅਦਾਇਗੀ ਕਰਨ ‘ਤੇ ਰੋਕ ਲਗਾ ਦਿੱਤੀ ਸੀ, ਜਿਸ ਨਾਲ ਖ਼ੁਦ ਬ ਖ਼ੁਦ ਹੀ ਕੰਪਨੀ ਨੇ ਕੰਮ ਬੰਦ ਕਰਦੇ ਹੋਏ ਆਪਣਾ ਬੋਰੀ ਬਿਸਤਰ ਸਮੇਟ ਲਿਆ ਹੈ।
ਜਾਅਲੀ ਕੰਮ ਹੋ ਰਿਹਾ ਸੀ ਹੈਲਪਲਾਈਨ ਰਾਹੀਂ ਤਾਂ ਕੀਤੀ ਬੰਦ : ਪਰਮਿੰਦਰ ਪਾਲ ਸਿੰਘ
ਜਨਤਕ ਸ਼ਿਕਾਇਤ ਵਿਭਾਗ ਦੇ ਡਾਇਰੈਕਟਰ ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਹੈਲਪਲਾਇਲ 1905 ਜਾਅਲੀ ਹੈਲਪਲਾਇਨ ਤੋਂ ਜਿਆਦਾ ਕੁਝ ਨਹੀਂ ਸੀ, ਕਿਉਂਕਿ ਇਸ ਨਾਲ ਕਿਸੇ ਨੂੰ ਵੀ ਫਾਇਦਾ ਨਹੀਂ ਹੋ ਰਿਹਾ ਸੀ, ਸਗੋਂ ਇਸ ਨਾਲ ਹੀ ਲੱਖਾਂ ਰੁਪਏ ਦਾ ਵਾਧੂ ਖ਼ਰਚ ਹੀ ਕੀਤਾ ਜਾ ਰਿਹਾ ਸੀ। ਉਨਾਂ ਕਿਹਾ ਕਿ ਕਿਸੇ ਕੰਮ ਦੀ ਆਉਟਪੁੱਟ ਤਾਂ ਆਉਣੀ ਚਾਹੀਦੀ ਹੈ ਪਰ ਇਸ ਵਿੱਚ ਕੋਈ ਆਉਟਪੁੱਟ ਨਹੀਂ ਸੀ। ਜਿਸ ਕਾਰਨ ਇਸ ਹੈਲਪਲਾਇਨ ਨੂੰ ਬੰਦ ਕਰ ਦਿੱਤਾ ਗਿਆ ਹੈ।
ਜੇਕਰ ਜਾਅਲੀ ਸੀ ਤਾਂ ਕਿਉਂ ਨਹੀਂ ਕੀਤਾ ਮਾਮਲਾ ਦਰਜ਼ : ਜੰਗਵੀਰ ਸਿੰਘ
ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ ਨੇ ਕਿਹਾ ਕਿ ਜੇਕਰ ਸੁਖਬੀਰ ਬਾਦਲ ਵਲੋਂ ਸ਼ੁਰੂ ਕੀਤੀ ਗਈ 1905 ਹੈਲਪਲਾਇਨ ਜਾਅਲੀ ਸੀ ਤਾਂ ਮੌਕੇ ਦੇ ਅਧਿਕਾਰੀਆਂ ਦੇ ਖ਼ਿਲਾਫ਼ ਮਾਮਲਾ ਦਰਜ਼ ਕਿਉਂ ਨਹੀਂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਸਰਕਾਰ ਨੂੰ ਆਏ ਡੇਢ ਸਾਲ ਹੋ ਗਿਆ ਹੈ ਅਤੇ ਹੁਣ ਤੱਕ ਕਾਂਗਰਸ ਸਰਕਾਰ ਦੇ ਅਧਿਕਾਰੀ ਕੀ ਕਰ ਰਹੇ ਸਨ। ਹੁਣ ਉਨਾਂ ਨੂੰ ਯਾਦ ਆਇਆ ਹੈ ਕਿ ਇਹ ਹੈਲਪਲਾਇਨ ਜਾਅਲੀ ਅਤੇ ਕਿਸੇ ਕੰਮ ਦੀ ਨਹੀਂ ਸੀ।