ਕੇਂਦਰ ਦੇ ਰਾਹਤ ਪੈਕੇਜ਼ ਮਗਰੋਂ ਸੁਖਬੀਰ ਨੇ ਕੈਪਟਨ ਨੂੰ ਦਿੱਤੀ ਸਲਾਹ

Akali dal

ਕਿਹਾ : ਮੁੱਖ ਮੰਤਰੀ ਕਰੇ ਪ੍ਰਧਾਨ ਮੰਤਰੀ ਦੇ ਬਰਾਬਰ ਦੀ ਰਾਹਤ ਦਾ ਐਲਾਨ

ਬਿਨ੍ਹਾਂ ਕਿਸੇ ਸਿਆਸੀ ਭੇਦਭਾਵ ਤੋਂ ਵਰਤਿਆ ਜਾਵੇ ਕੇਂਦਰ ਦਾ ਪੈਸਾ : ਸੁਖਬੀਰ

ਬਠਿੰਡਾ, (ਸੁਖਜੀਤ ਮਾਨ) ਕੇਂਦਰ ਦੀ ਐਨਡੀਏ ਸਰਕਾਰ ਵੱਲੋਂ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ 1.75 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ਼ ਦੇ ਐਲਾਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸ ਦੇ ਬਰਾਬਰ ਦੀ ਰਾਹਤ ਐਲਾਨਣ ਲਈ ਕਿਹਾ ਹੈ ਉਨ੍ਹਾਂ ਮੁੱਖ ਮੰਤਰੀ ਨੂੰ ਕੇਂਦਰ ਵੱਲੋਂ ਆਇਆ ਪੈਸਾ ਕਿਸੇ ਸਿਆਸੀ ਭੇਦਭਾਵ ਤੋਂ ਬਿਨ੍ਹਾਂ ਵਰਤਣ ਦੀ ਸਲਾਹ ਵੀ ਦਿੱਤੀ ਹੈ

ਸੁਖਬੀਰ ਬਾਦਲ ਨੇ ਕੇਂਦਰ ਦੇ ਇਸ ਰਾਹਤ ਪੈਕਜ ਦਾ ਸਵਾਗਤ ਕਰਦਿਆਂ ਇਸ ਨੂੰ ਸੰਕਟ ਦੀ ਸਥਿਤੀ ਨਾਲ ਨਜਿੱਠਣ ਲਈ ਸਮੇਂ ਸਿਰ ਅਤੇ ਪਹਿਲਾ ਪ੍ਰਭਾਵਸ਼ਾਲੀ ਉਪਰਾਲਾ ਕਰਾਰ ਦਿੰਦਿਆਂ ਆਖਿਆ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਉਹ (ਪ੍ਰਧਾਨ ਮੰਤਰੀ) ਆਉਣ ਵਾਲੇ ਦਿਨਾਂ ਵਿਚ ਕਿਸਾਨਾਂ, ਖੇਤ ਮਜ਼ਦੂਰਾਂ, ਹੋਰ ਹੇਠਲੇ ਤਬਕੇ ਦੇ ਲੋਕਾਂ ਲਈ ਅਜਿਹੇ ਹੋਰ ਕਦਮਾਂ ਦਾ ਐਲਾਨ ਕਰਨਗੇ ਉਨ੍ਹਾਂ ਉਮੀਦ ਪ੍ਰਗਟਾਈ ਕਿ ਪ੍ਰਸਾਸ਼ਨ ਵੀ ਪ੍ਰਧਾਨ ਮੰਤਰੀ ਵਰਗੀ ਸੰਵੇਦਨਸ਼ੀਲਤਾ ਅਤੇ ਫੁਰਤੀ ਵਿਖਾਉਂਦੇ ਹੋਏ ਇਹ ਰਾਹਤ ਨੂੰ ਜਲਦੀ ਲੋੜਵੰਦਾਂ ਤੱਕ ਪੁੱਜਦੀ ਕਰੇਗਾ

ਸਾਬਕਾ ਉਪ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਕਿ ਉਹਨਾਂ ਦੀ ਸਰਕਾਰ ਜਾਂ ਪ੍ਰਸਾਸ਼ਨ ਸਿਆਸੀ ਆਧਾਰ ਉੱਤੇ ਕਿਸੇ ਵੀ ਪੰਜਾਬੀ ਨਾਲ ਵਿਤਕਰਾ ਕਰਨ ਦੀ ਕੋਸ਼ਿਸ਼ ਨਾ ਕਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਮੁੱਖ ਮੰਤਰੀ ਆਪਣੇ ਸਾਥੀਆਂ ਨੂੰ ਜਨਤਕ ਤੌਰ ਤੇ ਇਹ ਗੱਲ ਕਹਿਣਗੇ ਕਿ ਉਹ ਭਾਰਤ ਸਰਕਾਰ ਦੁਆਰਾ ਦਿੱਤੀ ਇਸ ਮਨੁੱਖੀ ਰਾਹਤ ਨੂੰ ਵੰਡਣ ਸਮੇਂ ਕਿਸੇ ਕਿਸਮ ਦੀ ਸਿਆਸਤ ਨਾ ਕਰਨ ਬਾਦਲ ਨੇ ਮੁੱਖ ਮੰਤਰੀ ਨੂੰ ਇਸ ਮੁਸ਼ਕਿਲ ਦੀ ਘੜੀ ਵਿਚ ਪੰਜਾਬੀਆਂ ਦੀ ਮੱਦਦ ਲਈ ਬਰਾਬਰ ਦੀ ਰਾਹਤ ਦਾ ਐਲਾਨ ਕਰਨ ਲਈ ਵੀ ਆਖਿਆ ਉਹਨਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਲਈ ਰਾਹਤ ਵਿਚ ਵੱਡਾ ਵਾਧਾ ਕਰਨ ਕਿਉਂਕਿ ਕਣਕ ਦੀ ਵਾਢੀ ਰੁਕ ਗਈ ਹੈ ਅਤੇ ਸਰਕਾਰ ਦੀ ਮੱਦਦ ਤੋਂ ਬਿਨਾ ਕਿਸਾਨਾਂ ਲਈ ਦੋ ਡੰਗ ਦੀ ਰੋਟੀ ਦਾ ਪ੍ਰਬੰਧ ਕਰਨਾ ਵੀ ਮੁਸ਼ਕਿਲ ਹੋ ਜਾਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।