ਸੈਰ ਸਪਾਟਾ ਵਿਭਾਗ ਦੇ ਮੰਤਰੀ ਲੱਭ ਰਹੇ ਹਨ ਪਾਣੀ, ਜਿੱਥੇ ਦੌੜ ਸਕੇ ‘ਸੁਖਬੀਰ ਦੀ ਬੱਸ’
ਚੰਡੀਗੜ, (ਅਸ਼ਵਨੀ ਚਾਵਲਾ)। ਅਕਾਲੀ-ਭਾਜਪਾ ਸਰਕਾਰ ਦੌਰਾਨ ‘ਪਾਣੀ ਵਾਲੀ ਬੱਸ’ ਚਲਾਉਣ ਦਾ ਡ੍ਰੀਮ ਪ੍ਰੋਜੈਕਟ ਦੇਖਣ ਵਾਲੇ ਸੁਖਬੀਰ ਬਾਦਲ ਦੇ ਇਸ ਸੁਫਨੇ ਨੂੰ ਕਾਂਗਰਸ ਸਰਕਾਰ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੂਰਾ ਕਰਨ ਦਾ ਮਨ ਬਣਾ ਲਿਆ ਹੈ। ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਬਾਦਲ ਦੀ ਬੱਸ ਨੂੰ ‘ਸੇਲ’ ’ਤੇ ਲਗਾਉਂਦੇ ਹੋਏ ਸੁਖਬੀਰ ਦੇ ਸੁਫਨੇ ਨੂੰ ਵੇਚਣ ਦਾ ਪੂਰਾ ਇੰਤਜਾਮ ਕਰ ਦਿੱਤਾ ਸੀ ਪਰ ਮੌਜੂਦਾ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੁਖਬੀਰ ਬਾਦਲ ਦੇ ਸੁਫਨੇ ਨੂੰ ਸਾਕਾਰ ਕਰਨ ਲਈ ਤਿਆਰੀ ਵਿੱਢ ਲਈ ਹੈ, ਜਿਸ ਕਰਕੇ ਹੀ ਸਿੰਚਾਈ ਵਿਭਾਗ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਪਾਣੀ ਵਾਲੀ ਇਸ ਬੱਸ ਲਈ ਰੋਪੜ ਵਿਖੇ ਥਾਂ ਲੱਭੀ ਜਾਵੇ। ਹਾਲਾਂਕਿ ਵਿਭਾਗ ਦੇ ਉੱਚ ਅਧਿਕਾਰੀ ਚਰਨਜੀਤ ਸਿੰਘ ਚੰਨੀ ਦੇ ਇਸ ਫੈਸਲੇ ਤੋਂ ਖੁਸ਼ ਨਹੀਂ ਹਨ ਕਿਉਂਕਿ ਇਸ ਪਾਣੀ ਵਾਲੀ ਬੱਸ ਨੂੰ ਚਲਾਉਣ ਲਈ ਕਾਫ਼ੀ ਡੂੰਘਾਈ ਵਾਲੀ ਨਦੀ ਚਾਹੀਦੀ ਹੈ, ਉਹ ਪੰਜਾਬ ਵਿੱਚ ਕਿਤੇ ਜਿਆਦਾ ਦਿਖਾਈ ਨਹੀਂ ਦੇ ਰਹੀ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ 15 ਜਨਵਰੀ 2015 ਨੂੰ ਹਰੀਕੇ ਪਤਨ ਵਿਖੇ ਪਾਣੀ ਵਿੱਚ ਬੱਸ ਚਲਾਉਣ ਦਾ ਐਲਾਨ ਕੀਤਾ ਸੀ। ਸੁਖਬੀਰ ਬਾਦਲ ਦੇ ਇਸ ਬਿਆਨ ਤੋਂ ਬਾਅਦ ਜਿੱਥੇ ਵਿਰੋਧੀ ਧਿਰਾਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ ਸੀ ਤਾਂ ਆਮ ਜਨਤਾ ਨੇ ਵੀ ਸੁਖਬੀਰ ਬਾਦਲ ਦੇ ਇਸ ਬਿਆਨ ਦਾ ਜੰਮ ਕੇ ਮਜ਼ਾਕ ਬਣਾਇਆ ਸੀ। ਜਿਸ ਤੋਂ ਬਾਅਦ ਸੁਖਬੀਰ ਬਾਦਲ ਨੇ ਇਸ ਨੂੰ ਆਪਣਾ ਡ੍ਰੀਮ ਪ੍ਰੋਜੈਕਟ ਕਹਿੰਦੇ ਹੋਏ ਹਰ ਹਾਲਤ ਵਿੱਚ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਸੀ ਤਾਂ 13 ਦਸੰਬਰ 2016 ਨੂੰ ਸੁਖਬੀਰ ਬਾਦਲ ਨੇ ਇਸ ਪਾਣੀ ਵਾਲੀ ਬੱਸ ਨੂੰ ਹਰੀਕੇ ਪਤਨ ਵਿੱਚ ਉਤਾਰਦੇ ਹੋਏ ਚਲਾ ਦਿੱਤਾ ਸੀ।
ਸੁਖਬੀਰ ਬਾਦਲ ਦੀ ਇਸ ਬੱਸ ਨੂੰ ਖਰੀਦਣ ’ਤੇ 2 ਕਰੋੜ ਰੁਪਏ ਅਤੇ ਇਸ ਬੱਸ ਨੂੰ ਚਲਾਉਣ ਲਈ ਤਿਆਰ ਕੀਤੇ ਗਏ ਟੈ੍ਰਕ ’ਤੇ 8 ਕਰੋੜ ਰੁਪਏ ਦਾ ਖ਼ਰਚ ਕੀਤਾ ਗਿਆ ਸੀ। ਇਸ ਸੁਫਨੇ ’ਤੇ 10 ਕਰੋੜ ਰੁਪਏ ਖ਼ਰਚ ਕਰਨ ਤੋਂ ਬਾਅਦ ਕਮਾਈ ਸਿਰਫ਼ 64 ਹਜ਼ਾਰ ਰੁਪਏ ਹੀ ਹੋਈ ਸੀ। ਜਿਸ ਤੋਂ ਬਾਅਦ ਕਾਂਗਰਸ ਸਰਕਾਰ ਦੌਰਾਨ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਸ ਬੱਸ ਨੂੰ ਖਟਾਰਾ ਕਰਾਰ ਦਿੰਦੇ ਹੋਏ ‘ਸੇਲ’ ਤੇ ਲਗਾ ਦਿੱਤਾ ਸੀ।
ਨਵਜੋਤ ਸਿੱਧੂ ਵੱਲੋਂ ਵਿਭਾਗ ਛੱਡਣ ਤੋਂ ਬਾਅਦ ਮੌਜੂਦਾ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਬੱਸ ਨੂੰ ਵੇਚਣ ਦੀ ਥਾਂ ’ਤੇ ਦੋਬਾਰਾ ਚਲਾਉਣ ਦਾ ਫੈਸਲਾ ਕਰ ਲਿਆ ਹੈ। ਚਰਨਜੀਤ ਸਿੰਘ ਚੰਨੀ ਇਸ ਨੂੰ ਬੱਸ ਨੂੰ ਆਪਣੇ ਵਿਧਾਨ ਸਭਾ ਹਲਕੇ ਨੇੜੇ ਰੋਪੜ ਵਿਖੇ ਚਲਾਉਣਾ ਚਾਹੁੰਦੇ ਹਨ। ਇਸ ਲਈ ਸਿੰਚਾਈ ਵਿਭਾਗ ਤੋਂ ਪੁੱਛਿਆ ਗਿਆ ਹੈ ਕਿ ਇਹ ਬੱਸ ਰੋਪੜ ਵਿਖੇ ਚੱਲ ਵੀ ਸਕਦੀ ਹੈ ਜਾਂ ਫਿਰ ਨਹੀਂ। ਚਰਨਜੀਤ ਸਿੰਘ ਚੰਨੀ ਦੇ ਆਦੇਸ਼ਾਂ ਤੋਂ ਬਾਅਦ ਹੁਣ ਸਿੰਚਾਈ ਵਿਭਾਗ ਰੋਪੜ ਨਹਿਰ ਵਿੱਚੋਂ ਰੇਤ (ਸਿਲਟ) ਕੱਢਣ ਵਿੱਚ ਜੁਟ ਰਿਹਾ ਹੈ ਤਾਂ ਕਿ ਨਹਿਰ ਦੀ ਗਹਿਰਾਈ ਨੂੰ ਜਿਆਦਾ ਕਰਦੇ ਹੋਏ ਇਸ ਬੱਸ ਨੂੰ ਪਾਣੀ ਵਿੱਚ ਉਤਾਰਿਆਂ ਜਾ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.