ਸੁਖਬੀਰ ਵੱਲੋਂ ਕੈਪਟਨ ਨੂੰ ‘ਝੂਠਾ, ਨਿਕੰਮਾ ਅਤੇ ਬੇਸ਼ਰਮ’ ਮੁੱਖ ਮੰਤਰੀ ਕਰਾਰ

Akali dal

ਕਿਹਾ, ਨਾ ਆਉਂਦਾ ਐ ਦਫ਼ਤਰ ਅਤੇ ਨਾ ਹੀ ਜਾਂਦਾ ਐ ਪੰਜਾਬ, ਕਿਹੋ ਜਿਹਾ ਚੁਣ ਲਿਆ ਪੰਜਾਬ ਨੇ ਮੁੱਖ ਮੰਤਰੀ

ਹੁਣ ਤਾਂ ਹੈਲੀਕਾਪਟਰ ਦਾ ਪਾਈਲੈਟ ਉਡਾਰੀ ਮਾਰਨਾ ਹੀ ਭੁੱਲ ਗਿਆ ਹੋਣਾ, ਜਦੋਂ ਘਰੋਂ ਹੀ ਨਹੀਂ ਨਿਕਲਦਾ ਮੁੱਖ ਮੰਤਰੀ

ਚੰਡੀਗੜ,(ਅਸ਼ਵਨੀ ਚਾਵਲਾ)। ਪੰਜਾਬ ਦੀ ਕਾਂਗਰਸ ਸਰਕਾਰ ਦੇ ਤਿੰਨ ਸਾਲ ਮੁਕੰਮਲ ਹੋਣ ਤੋਂ ਬਾਅਦ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਤਿੱਖਾ ਹਮਲਾ ਬੋਲਦੇ ਹੋਏ ਹੁਣ ਤੱਕ ਦਾ ਸਭ ਤੋਂ ‘ਝੂਠਾ, ਨਿਕੰਮਾ ਅਤੇ ਬੇਸ਼ਰਮ’ ਵਰਗੇ ਅਪਸ਼ਬਦ ਵੀ ਵਰਤਣ ਤੋਂ ਗੁਰੇਜ ਨਾ ਕੀਤਾ ਹੈ। ਸੁਖਬੀਰ ਬਾਦਲ ਵਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਲਈ ਇਹ ਸ਼ਬਦ ਇੱਕ ਵਾਰੀ ਨਹੀਂ ਸਗੋਂ ਪ੍ਰੈਸ ਕਾਨਫਰੰਸ ਦੌਰਾਨ ਕਈ ਵਾਰ ਵਰਤੋਂ ਕੀਤੇ ਗਏ। ਸੁਖਬੀਰ ਬਾਦਲ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਜਿਥੇ ਕਈ ਤਰਾਂ ਦੇ ਹਮਲੇ ਕੀਤੇ, ਉਥੇ ਹੀ ਆਪਣੀ ਸਰਕਾਰ ਦੇ 10 ਸਾਲ ਨੂੰ ਗੋਲਡਨ ਸਮਾਂ ਕਰਾਰ ਦੇ ਦਿੱਤਾ ਹੈ।

ਸੁਖਬੀਰ ਬਾਦਲ ਚੰਡੀਗੜ ਵਿਖੇ ਸਰਕਾਰ ਦੇ ਤਿੰਨ ਸਾਲ ਮੁਕੰਮਲ ਹੋਣ ‘ਤੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਿਵਾਏ ਝੂਠ ਤੋਂ ਕੁਝ ਵੀ ਨਹੀਂ ਬੋਲਿਆ ਹੈ। ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿਸਾਨਾਂ ਨੂੰ ਮੁਕੰਮਲ ਕਰਜ਼ਾ ਮੁਆਫ਼ ਕਰਨ ਦਾ ਝੂਠ ਤਾਂ ਨੌਜਵਾਨਾ ਨੂੰ ਮੋਬਾਇਲ ਦੇ ਨਾਲ ਹੀ ਸਰਕਾਰੀ ਨੌਕਰੀ ਦੇਣ ਦਾ ਝੂਠ ਬੋਲਿਆ।

ਪੰਜਾਬੀਆਂ ਨੂੰ ਨਸ਼ਾ ਮੁਕਤ ਕਰਨ ਦਾ ਝੂਠ ਬੋਲਿਆ ਤਾਂ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਝੂਠ ਬੋਲਦੇ ਹੋਏ ਆਪਣੀ ਸਰਕਾਰ ਬਣਾਈ। ਹੁਣ ਇਸ ਸਰਕਾਰ ਨੂੰ ਤਿੰਨ ਸਾਲ ਬੀਤ ਗਏ ਹਨ ਪਰ ਅਮਰਿੰਦਰ ਸਿੰਘ ਵਲੋਂ ਇਨਾਂ ਤਿੰਨ ਸਾਲਾਂ ਦੌਰਾਨ ਇੱਕ ਵੀ ਕੰਮ ਨਹੀਂ ਕੀਤਾ ਗਿਆ, ਸਗੋਂ ਮੁੜ ਤੋਂ ਝੂਠ ਬੋਲਦੇ ਹੋਏ ਤਿੰਨ ਸਾਲ ‘ਤੇ ਪ੍ਰੈਸ ਕਾਨਫਰੰਸ ਤੱਕ ਕਰ ਦਿੱਤੀ।

ਸੁਖਬੀਰ ਬਾਦਲ ਨੇ ਕਿਹਾ ਕਿ ਉਹ ਪ੍ਰੈਸ ਨੂੰ ਵਧਾਈ ਦੇਣਾ ਚਾਹੁੰਦੇ ਹਨ, ਜਿਹੜੇ 2-3 ਘੰਟੇ ਦੀ ਲੰਬੀ ਪ੍ਰੈਸ ਕਾਨਫਰੰਸ ਠਰ੍ਹੰਮੇਂ ਨਾਲ ਝੂਠ ਸੁਣ ਕੇ ਆਏ ਹਨ। ਉਨਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਨਾਂ ਦੀ ਸਰਕਾਰ ਨੇ 424 ਵਾਅਦੇ ਵਿੱਚੋਂ 200 ਤੋਂ ਜਿਆਦਾ ਵਾਅਦੇ ਪੂਰੇ ਕਰ ਦਿੱਤੇ ਹਨ ਤਾਂ ਉਨਾਂ ਆਪਣੇ ਪ੍ਰੈਸ ਕਾਨਫਰੰਸ ਦੌਰਾਨ ਇੱਕ ਵੀ ਵਾਅਦਾ ਪੂਰਾ ਕਰਨ ਬਾਰੇ ਜਿਕਰ ਕਿਉਂ ਨਹੀਂ ਕੀਤਾ।

ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਹੋ ਜਿਹਾ ਮੁੱਖ ਮੰਤਰੀ ਚੁਣ ਲਿਆ ਹੈ, ਜਿਹੜਾ ਨਾ ਹੀ ਦਫ਼ਤਰ ਆਉਂਦਾ ਹੈ ਅਤੇ ਹੀ ਆਮ ਲੋਕਾਂ ਲਈ ਤੇ ਵਿਕਾਸ ਕਾਰਜਾਂ ਲਈ ਪੰਜਾਬ ਦੇ ਦੌਰੇ ਲਈ ਜਾਂਦਾ ਹੈ। ਇਥੇ ਤੱਕ ਕਿ ਹੈਲੀਕਾਪਟਰ ਵੀ ਖਾਲੀ ਖੜਾ ਰਹਿੰਦਾ ਹੈ, ਜਿਸ ਕਾਰਨ ਪਾਇਲੈਟ ਹੁਣ ਹੈਲੀਕਾਪਟਰ ਨੂੰ ਉਡਾਉਣਾ ਹੀ ਭੁੱਲ ਗਿਆ ਹੋਣਾ।

ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ‘ਚ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਤੋਂ ਬਿਜਲੀ ਲਈ ਜਾ ਰਹੀਂ ਸੀ, ਉਨਾਂ ਥਰਮਲ ਪਲਾਂਟ ਤੋਂ ਹੀ ਬਿਜਲੀ ਹੁਣ ਵੀ ਲਈ ਜਾ ਰਹੀਂ ਹੈ ਤਾਂ ਸਾਡੇ ਵੇਲੇ ਕਿਵੇਂ ਆਮ ਲੋਕਾਂ ਨੂੰ 5-6 ਰੁਪਏ ਵਿੱਚ ਕਿਵੇਂ ਬਿਜਲੀ ਮਿਲ ਰਹੀਂ ਸੀ ਤੇ ਹੁਣ ਇਸ ਸਰਕਾਰ ਵਿੱਚ ਕਿਵੇਂ 9 ਰੁਪਏ ਤੋਂ ਬਿਜਲੀ ਪਾਰ ਜਾ ਚੁੱਕੀ ਹੈ।ਉਨਾਂ ਕਿਹਾ ਕਿ ਟੀਵੀ ਚੈਨਲਾਂ ‘ਤੇ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ‘ਤੇ ਜਿਹੜੇ ਇਸ਼ਤਿਹਾਰ ਚਲ ਰਹੇ ਹਨ। ਉਨਾਂ ਵਿੱਚ ਅਕਾਲੀ-ਭਾਜਪਾ ਸਰਕਾਰ ਦੌਰਾਨ ਕੀਤੇ ਗਏ ਕੰਮਾਂ ਦਾ ਹੀ ਵੇਰਵਾ ਦਿੱਤਾ ਜਾ ਰਿਹਾ ਹੈ।

ਉਨਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਉਹ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਦਾ ਸਾਰਾ ਕਰਜ਼ ਮੁਆਫ਼ ਕਰਨ ਦੇ ਨਾਲ ਹੀ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦੇਣਗੇ ਪਰ ਇੱਕ ਵੀ ਕਿਸਾਨ ਪਰਿਵਾਰ ਦਾ ਨਾਅ ਅਮਰਿੰਦਰ ਸਿੰਘ ਦੱਸ ਦੇਣ, ਜਿਸ ਦਾ ਸਾਰਾ ਕਰਜ਼ ਮੁਆਫ਼ ਕਰਦੇ ਹੋਏ ਸਰਕਾਰੀ ਨੌਕਰੀ ਦਿੱਤੀ ਗਈ ਹੈ ? ਸੁਖਬੀਰ ਬਾਦਲ ਨੇ ਕਿਹਾ ਕਿ ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਦੀ ਥਾਂ ‘ਤੇ ਉਨਾਂ ਨੂੰ ਡਾਂਗਾਂ ਨਾਲ ਕੁੱਟਿਆ ਜਾ ਰਿਹਾ ਹੈ।

ਜੇਕਰ ਅਕਾਲੀਆਂ ਨੇ ਕੀਤੀ ਸੀ ਬੇਅਦਬੀ ਤਾਂ ਡੱਕਦੇ ਕਿਉਂ ਨਹੀਂ ਜੇਲ ‘ਚ

ਸੁਖਬੀਰ ਬਾਦਲ ਨੇ ਕਿਹਾ ਕਿ ਬੇਅਦਬੀ ਕਰਨ ਦਾ ਸਭ ਤੋਂ ਮਾੜਾ ਦੋਸ਼ ਲਗਾਉਂਦੇ ਹੋਏ ਅਮਰਿੰਦਰ ਸਿੰਘ ਸੱਤਾ ਵਿੱਚ ਆਏ ਸਨ। ਇਸ ਲਈ ਜੇਕਰ ਅਕਾਲੀਆਂ ਨੇ ਹੀ ਬੇਅਦਬੀ ਕੀਤੀ ਸੀ ਤਾਂ ਉਨਾਂ ਖ਼ਿਲਾਫ਼ ਸਬੂਤ ਪੇਸ਼ ਕਰਕੇ ਉਨਾਂ ਨੂੰ ਜੇਲ ਵਿੱਚ ਕਿਉਂ ਨਹੀਂ ਡੱਕਿਆ ਜਾ ਰਿਹਾ ਹੈ। ਸੁਖਬੀਰ ਬਾਦਲ ਨੇ ਕਿਹਾ ਅਕਾਲੀ ਕਦੇ ਵੀ ਸੁਫਨੇ ਵਿੱਚ ਵੀ ਇਸ ਬਾਰੇ ਨਹੀਂ ਸੋਚ ਸਕਦੇ ਤਾਂ ਹੀ ਅਮਰਿੰਦਰ ਸਿੰਘ ਆਪਣੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਲੱਖ ਚਾਹੁੰਦੇ ਹੋਏ ਵੀ ਕੋਈ ਕਾਰਵਾਈ ਨਹੀਂ ਕਰ ਸਕੇ ਹਨ। ਉਨਾਂ ਕਿਹਾ ਕਿ ਸਾਨੂੰ ਅਕਾਲੀਆਂ ਨੂੰ ਨਸ਼ੇ ਦਾ ਵਪਾਰੀ ਕਹਿੰਦੇ ਹੋਏ ਬਦਨਾਮ ਕੀਤਾ ਗਿਆ, ਜੇਕਰ ਨਸ਼ਾ ਅਕਾਲੀ ਵੇਚਦੇ ਸਨ ਤਾਂ ਹੁਣ ਤੱਕ ਕਿੰਨੇ ਅਕਾਲੀ ਲੀਡਰ ਜੇਲ ਭੇਜੇ ਹਨ, ਇਸ ਬਾਰੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੱਸ ਸਕਦੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਹੁਣ ਕਾਂਗਰਸ ਦੇ ਮੰਤਰੀ ਅਤੇ ਵਿਧਾਇਕ ਹੀ ਨਸ਼ੇ ਦੀ ਗੋਲੀਆਂ ਵੇਚ ਰਹੇ ਹਨ

ਮੁੱਖ ਮੰਤਰੀ ਨੂੰ ਸੁਖਬੀਰ ਬਾਦਲ ਦੇ 4 ਸੁਆਲ

1 ਪਿਛਲੇ 3 ਸਾਲਾਂ ਵਿੱਚ ਕਿੰਨੇ ਘੰਟੇ ਆਪਣੇ ਦਫ਼ਤਰ ਆਏ ਹਨ ?
2 ਕਿੰਨੇ ਘੰਟੇ ਪੰਜਾਬ ਦੇ ਜਿਲ੍ਹਿਆਂ ਵਿੱਚ ਲੋਕਾਂ ਲਈ ਗੁਜ਼ਾਰੇ ਹਨ ?
3 ਕਿੰਨੀ ਵਾਰ ਧਾਰਮਿਕ ਥਾਂਵਾਂ ‘ਤੇ ਸਰਕਾਰ ਦੀ ਤਰੱਕੀ ਦੀ ਦੂਆ ਲਈ ਗਏ ਹਨ ?
4 ਕੋਈ ਇੱਕ ਸਕੀਮ ਦੱਸਣ, ਜਿਹੜੀ ਇਸ ਕਾਰਜਕਾਲ ‘ਚ ਕੀਤੀ ਐ ਸ਼ੁਰੂ ?

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।