24 ਜਨਵਰੀ ਨੂੰ ਜਾਰੀ ਕੀਤਾ ਗਿਆ ਸੀ ਨੋਟਿਸ, 6 ਨੂੰ ਹੋਣਾ ਐ ਪੇਸ਼
- ਪਿਛਲੇ ਸਾਲ 23 ਜੂਨ ਨੂੰ ਵਿਧਾਨ ਸਭਾ ਵਿੱਚ ਪਾਸ ਹੋਇਆ ਸੀ ਸੁਖਬੀਰ ਬਾਦਲ ਖ਼ਿਲਾਫ਼ ਪ੍ਰਸਤਾਵ
- ਸੁਖਬੀਰ ਬਾਦਲ ਦੇ ਨਾਲ ਹੀ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਬੈਂਸ ਨੂੰ ਵੀ ਕੀਤਾ ਹੋਇਆ ਐ ਤਲਬ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਸਾਬਕਾ ਮੁੱਖ ਮੰਤਰੀ ਸੁਖਬੀਰ ਬਾਦਲ ਭਲਕੇ ਹੋਣ ਵਾਲੀ ਵਿਸ਼ੇਸ਼ ਅਧਿਕਾਰ ਕਮੇਟੀ ਦੀ ਮੀਟਿੰਗ ਵਿੱਚ ਪੇਸ਼ ਨਹੀਂ ਹੋਣਗੇ। ਇਸ ਸਬੰਧੀ ਲਗਭਗ ਫੈਸਲਾ ਕਰ ਲਿਆ ਗਿਆ ਹੈ ਪਰ ਇਸ ਕੋਈ ਵੀ ਜਾਣਕਾਰੀ ਦੇਣ ਲਈ ਤਿਆਰ ਨਹੀਂ ਹੈ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੂਤਰ ਇਸ ਸਬੰਧੀ ਪੁਸ਼ਟੀ ਕਰ ਰਹੇ ਹਨ। ਇਥੇ ਹੀ ਜੇਕਰ ਸੁਖਬੀਰ ਬਾਦਲ ਪੇਸ਼ ਨਹੀਂ ਹੋਏ ਤਾਂ ਕਮੇਟੀ ਵਲੋਂ ਜਿਆਦਾ ਸਖ਼ਤੀ ਨਾ ਦਿਖਾਉਂਦੇ ਹੋਏ ਇੱਕ ਹੋਰ ਨੋਟਿਸ ਜਾਰੀ ਕਰਦੇ ਹੋਏ ਮੁੜ ਤੋਂ ਪੇਸ਼ ਹੋਣ ਲਈ ਸਮਾਂ ਦਿੱਤਾ ਜਾ ਸਕਦਾ ਹੈ।
ਜਾਣਕਾਰੀ ਅਨੁਸਾਰ ਬੀਤੀ 24 ਜਨਵਰੀ ਨੂੰ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਵੱਡਾ ਝਟਕਾ ਦਿੰਦੇ ਹੋਏ 6 ਫਰਵਰੀ ਲਈ ਨੋਟਿਸ ਜਾਰੀ ਕਰਦੇ ਹੋਏ ਪੇਸ਼ ਹੋਣ ਦੇ ਆਦੇਸ਼ ਦਿੱਤੇ ਸਨ। ਸੁਖਬੀਰ ਬਾਦਲ ਵਲੋਂ ਬੀਤੇ ਸਾਲ 23 ਜੂਨ ਨੂੰ ਵਿਧਾਨ ਸਭਾ ਦੇ ਸੈਸ਼ਨ ਦਰਮਿਆਨ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਖ਼ਿਲਾਫ਼ ਅਪਸ਼ਬਦਾਂ ਦੀ ਵਰਤੋਂ ਕਰਦੇ ਹੋਏ ਸਦਨ ਦੀ ਮਰਿਆਦਾ ਤੋੜੀ ਸੀ। ਜਿਸ ਤੋਂ ਬਾਅਦ ਸੁਖਬੀਰ ਬਾਦਲ ਖ਼ਿਲਾਫ਼ ਪ੍ਰਸਤਾਵ ਪਾਸ ਕਰਦੇ ਹੋਏ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਮਾਮਲਾ ਭੇਜ ਦਿੱਤਾ ਗਿਆ ਸੀ।
ਵਿਸ਼ੇਸ਼ ਅਧਿਕਾਰ ਕਮੇਟੀ ਵੱਲੋਂ ਬੀਤੀ 24 ਜਨਵਰੀ ਨੂੰ ਮੀਟਿੰਗ ਦਰਮਿਆਨ ਸੁਖਬੀਰ ਬਾਦਲ ਨੂੰ ਨੋਟਿਸ ਜਾਰੀ ਕਰਦੇ ਹੋਏ ਤਲਬ ਕੀਤੀ ਸੀ ਤਾਂ ਕਿ ਉਹ ਇਸ ਮਾਮਲੇ ਵਿੱਚ ਕਮੇਟੀ ਅੱਗੇ ਆਪਣਾ ਪੱਖ ਪੇਸ਼ ਕਰ ਸਕਣ।ਜਿਸ ਤੋਂ ਬਾਅਦ ਹੀ ਕਮੇਟੀ ਅਗਲੀ ਕਾਰਵਾਈ ਕਰੇਗੀ। ਸੁਖਬੀਰ ਬਾਦਲ ਦੇ ਨਾਲ ਹੀ ਵਿਸ਼ੇਸ਼ ਅਧਿਕਾਰੀ ਕਮੇਟੀ ਵੱਲੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਵੀ ਤਲਬ ਕੀਤਾ ਹੈ। ਸਿਮਰਜੀਤ ਸਿੰਘ ਬੈਂਸ ‘ਤੇ ਵੀ ਸੁਖਬੀਰ ਬਾਦਲ ਵਾਂਗ ਸਪੀਕਰ ਖ਼ਿਲਾਫ਼ ਗਲਤ ਸ਼ਬਦਾਂ ਦੀ ਵਰਤੋਂ ਕਰਨ ਅਤੇ ਸਦਨ ਦੀ ਕਾਰਵਾਈ ਵਿੱਚ ਵਿਘਨ ਪਾਉਣ ਦਾ ਦੋਸ਼ ਹੈ।