ਪਿਛਲੇ ਦਿਨੀਂ ਕੋਟਾ ਸ਼ਹਿਰ ’ਚ ਪੜ੍ਹਾਈ ਕਰ ਰਹੀ ਵਿਦਿਆਰਥਣ ਵੱਲੋਂ ਖੁਦਕੁਸ਼ੀ ਕਰਨ ਦੀ ਖਬਰ ਸੁਣਨ ਨੂੰ ਮਿਲੀ। ਇਹ ਪਹਿਲੀ ਘਟਨਾ ਨਹੀਂ ਸਗੋਂ ਇਸ ਤੋਂ ਪਹਿਲਾਂ ਇਸੇ ਸਾਲ ਪੱਚੀ ਤੋਂ ਵੱਧ ਵਿਦਿਆਰਥੀਆਂ ਦੇ ਖੁਦਕੁਸ਼ੀ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਵਿਦਿਆਰਥਣ ਦੀ ਖੁਦਕੁਸ਼ੀ ਪਿੱਛੇ ਮੁੱਖ ਕਾਰਨ ਵਿਦਿਆਰਥਣ ਦੇ ਪਿਤਾ ਵੱਲੋਂ ਉਸ ਨਾਲ ਪਿਛਲੇ ਇੱਕ ਮਹੀਨੇ ਤੋਂ ਗੱਲ ਨਾ ਕਰਨਾ ਸੀ। ਪੜ੍ਹਾਈ ਦਾ ਤਣਾਅ ਨਾ ਸਹਿਣ ਕਰਦਿਆਂ ਮਜ਼ਬੂਰੀ ਵਿੱਚ ਵਿਦਿਆਰਥਣ ਨੂੰ ਇਹ ਕਦਮ ਚੁੱਕਣਾ ਪਿਆ। ਕੋਟਾ ਸ਼ਹਿਰ ਇੰਜੀਨੀਅਰ ਅਤੇ ਡਾਕਟਰੀ ਦੀ ਪੜ੍ਹਾਈ ਦੀ ਤਿਆਰੀ ਕਰਨ ਵਾਲਿਆਂ ਲਈ ਹੱਬ ਬਣ ਚੁੱਕਾ ਹੈ। (Suicide)
ਇਹ ਵੀ ਪੜ੍ਹੋ : ਖੇਤੀ ਮੇਲਿਆਂ ਦਾ ਅਸਲ ਮਕਸਦ
ਜਿੰਨੇ ਵੀ ਵਿਦਿਆਰਥੀ ਕੋਟੇ ਸ਼ਹਿਰ ਵਿੱਚ ਤਿਆਰੀ ਕਰਦੇ ਹਨ ਉਨ੍ਹਾਂ ਦੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਸਿਰਫ ਤੇ ਸਿਰਫ ਪੜ੍ਹਾਈ ਕਰਨ ਲਈ ਹੀ ਕਿਹਾ ਜਾਂਦਾ ਹੈ। ਕਿਸੇ ਵੀ ਤਰ੍ਹਾਂ ਦੇ ਦੋਸਤ ਬਣਾਉਣ ’ਤੇ ਪਾਬੰਦੀ ਲਾਈ ਜਾਂਦੀ ਹੈ। ਮਾਪਿਆਂ ਦੁਆਰਾ ਦੋਸਤ ਬਣਾਉਣ ਨੂੰ ਸਮੇਂ ਦੀ ਬਰਬਾਦੀ ਸਮਝਿਆ ਜਾਂਦਾ ਹੈ। ਇਹ ਕਿਹੋ-ਜਿਹੀ ਸਿੱਖਿਆ ਜੋ ਸਾਡੇ ਬੱਚਿਆਂ ਨੂੰ ਇੱਕ ਚੰਗਾ ਨਾਗਰਿਕ ਤੇ ਇਨਸਾਨ ਬਣਾਉਣ ਦੀ ਬਜਾਏ ਖੁਦਕੁਸ਼ੀਆਂ ਦੀ ਦਲਦਲ ਵਿੱਚ ਧੱਕ ਰਹੀ ਹੈ। ਮਾਪਿਆਂ ਦੁਆਰਾ ਬੱਚਿਆਂ ਨਾਲ ਕੀਤੀ ਜਾ ਰਹੀ ਬੇਰੁਖੀ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ। (Suicide)
ਮਾਪਿਆਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ਅਤੇ ਮਾਨਸਿਕਤਾ ਦਾ ਵੀ ਧਿਆਨ ਰੱਖਣਾ ਹੋਵੇਗਾ। ਬੱਚੇ ਦੇ ਸ਼ੌਂਕ ਅਤੇ ਉਸ ਦੇ ਦੋਸਤ ਸਮੇਂ ਨੂੰ ਬਰਬਾਦ ਕਰਨ ਦੀ ਬਜਾਏ ਉਸ ਦੀ ਕਾਬਲੀਅਤ ਨੂੰ ਹੋਰ ਨਿਖਾਰਨਗੇ। ਦੋਸਤ ਬਣਾ ਕੇ ਇਕੱਠੇ ਪੜ੍ਹਨ ਨਾਲ ਪੜ੍ਹਾਈ ਨੂੰ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ। ਕੋਚਿੰਗ ਸੰਸਥਾਨਾਂ ਦੇ ਨਾਲ-ਨਾਲ ਮਾਪਿਆਂ ਅਤੇ ਸਮਾਜਿਕ ਕਾਰਕੁੰਨਾਂ ਨੂੰ ਵੀ ਇਸ ਗੰਭੀਰ ਸਮੱਸਿਆ ਪ੍ਰਤੀ ਚਿੰਤਨ ਕਰਦੇ ਹੋਏ ਲੋੜੀਂਦੇ ਹੱਲ ਤਲਾਸ਼ਣੇ ਚਾਹੀਦੇ ਹਨ ਤਾਂ ਜੋ ਸਾਡੇ ਬੱਚੇ ਖੁਦਕੁਸ਼ੀਆਂ ਦੇ ਰਾਹ ਨੂੰ ਛੱਡ ਕੇ ਜ਼ਿੰਦਗੀ ਵਿੱਚ ਅੱਗੇ ਵਧ ਸਕਣ। (Suicide)