ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home ਵਿਚਾਰ ਲੇਖ ਪੰਜਾਬ ਨੂੰ ਸਿੱ...

    ਪੰਜਾਬ ਨੂੰ ਸਿੱਖਿਆ ’ਚ ਪਹਿਲੇ ਨੰਬਰ ’ਤੇ ਲਿਆਉਣ ਲਈ ਸੁਝਾਅ

    Education

    ਪੰਜਾਬ ਨੂੰ ਸਿੱਖਿਆ ’ਚ ਪਹਿਲੇ ਨੰਬਰ ’ਤੇ ਲਿਆਉਣ ਲਈ ਸੁਝਾਅ

    ਕੋਈ ਵੀ ਸੁਧਾਰ ਤਬਦੀਲੀ ਜੀਵਨ ਵਿੱਚ ਸੁਧਾਰ ਕਰਨ ਲਈ ਜ਼ਰੂਰੀ ਹੈ ਪੰਜਾਬ ਵਿਚ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲਈ ਕੌੜੇ ਘੁੱਟ ਭਰਨੇ ਪੈਣਗੇ। ਉਨ੍ਹਾਂ ਸੁਧਾਰਾਂ ਨੂੰ ਲਾਗੂ ਕਰਵਾਉਣ ਲਈ ਪੂਰੀ ਵਾਹ ਵੀ ਲਾਉਣੀ ਹੋਵੇਗੀ। ਸਭ ਤੋਂ ਵੱਧ ਕੋਸ਼ਿਸ਼ ਪ੍ਰਾਇਮਰੀ ਸਿੱਖਿਆ ਵਿੱਚ ਸੁਧਾਰ ਲਈ ਕਰਨੀ ਚਾਹੀਦੀ ਹੈ। ਸਾਰੇ ਪ੍ਰਾਇਮਰੀ ਸਕੂਲ, ਜਿੱਥੇ ਮਿਡਲ ਸਕੂਲ ਹੈ, ਉਹ ਮਿਡਲ ਸਕੂਲ ਦੇ ਮੁੱਖ ਅਧਿਆਪਕ ਦੇ ਅਧੀਨ ਕੀਤੇ ਜਾਣ। ਜਿੱਥੇ ਹਾਈ ਜਾਂ ਸੀਨੀਅਰ ਸੈਕੰਡਰੀ ਸਕੂਲ ਹੈ, ਉੱਥੇ ਹਾਈ ਸਕੂਲ ਦੇ ਮੁੱਖ ਅਧਿਆਪਕ ਜਾਂ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ਰੰਸੀਪਲ ਦੇ ਅਧੀਨ ਇਹ ਕੀਤੇ ਜਾਣ। ਜਿਹੜੇ ਪ੍ਰਾਇਮਰੀ ਸਕੂਲ ਇਕੱਲੇ ਹਨ, ਉਨ੍ਹਾਂ ਨੂੰ ਨੇੜੇ ਦੇ ਮਿਡਲ, ਹਾਈ ਜਾਂ ਸੀਨੀਅਰ ਸੈਕੰਡਰੀ ਸਕੂਲ ਨਾਲ ਜੋੜਿਆ ਜਾਵੇ। ਇੰਜ ਪ੍ਰਾਇਮਰੀ ਡਾਇਰੈਕਟੋਰੇਟ ਖ਼ਤਮ ਕੀਤਾ ਜਾਵੇ। ਸਾਰੇ ਸਕੂਲ ਇੱਕ ਡਾਇਰੈਕਟੋਰੇਟ ਦੇ ਅਧੀਨ ਹੋਣ ਨਾਲ ਬਹੁਤ ਸਾਰੀਆਂ ਪ੍ਰਬੰਧਕੀ ਪੋਸਟਾਂ ਵੀ ਬਚਣਗੀਆਂ।

    ਸਾਂਝੇ ਸਕੂਲਾਂ ਵਿੱਚ ਚੌਥੀ ਜਮਾਤ ਤੋਂ ਪੀਰੀਅਡ ਸ਼ੁਰੂ ਕੀਤੇ ਜਾਣ। ਪੰਜਾਹ ਵਿਦਿਆਰਥੀਆਂ ਤੋਂ ਘੱਟ ਵਾਲੇ ਮਿਡਲ ਸਕੂਲ ਤੇ 80 ਤੋਂ ਘੱਟ ਵਾਲੇ ਹਾਈ ਸਕੂਲ ਬੰਦ ਕੀਤੇ ਜਾਣ। ਉਨ੍ਹਾਂ ਦਾ ਨੇੜੇ ਦੇ ਸਕੂਲਾਂ ਵਿੱਚ ਰਲੇਵਾਂ ਕੀਤਾ ਜਾਵੇ। ਵਿਦਿਆਰਥੀਆਂ ਦੀ ਇੱਕ ਪਿੰਡ ਤੋਂ ਦੂਸਰੇ ਪਿੰਡ ਜਾਂ ਸ਼ਹਿਰ ਜਾਣ ਦੀ ਸਮੱਸਿਆ ਦੇ ਹੱਲ ਲਈ ਸਰਕਾਰ ਬੱਸਾਂ ਦਾ ਪ੍ਰਬੰਧ ਕਰੇ। ਸੀਨੀਅਰ ਸੈਕੰਡਰੀ ਸਕੂਲਾਂ ਦੀ ਗਿਣਤੀ ਵੱਧ ਕੀਤੀ ਜਾਵੇ। ਲੜਕੇ ਅਤੇ ਲੜਕੀਆਂ ਨੂੰ ਸਕੂਲ ਪਹੁੰਚਾਉਣ ਲਈ ਵੱਖੋ-ਵੱਖਰਾ ਪ੍ਰਬੰਧ ਕੀਤਾ ਜਾਵੇ। ਜੇ ਹੋ ਸਕੇ ਤਾਂ ਹਰ ਇੱਕ ਸਕੂਲ ਵਿੱਚ ਆਰਟਸ ਗਰੁੱਪ, ਸਾਇੰਸ ਗਰੁੱਪ, ਕਾਮਰਸ ਗਰੁੱਪ ਦਿੱਤਾ ਜਾਵੇ।

    ਸ਼ਹਿਰਾਂ ਤੇ ਬਹੁਤ ਸਾਰੇ ਪਿੰਡਾਂ, ਜਿੱਥੇ ਲੜਕੀਆਂ-ਲੜਕਿਆਂ ਦੇ ਅਲੱਗ-ਅਲੱਗ ਸਕੂਲ ਹਨ, ਉਨ੍ਹਾਂ ਸਕੂਲਾਂ ਦੇ ਅਧਿਆਪਕਾਂ ਨੂੰ ਉਸੇ ਪਿੰਡ ਜਾਂ ਸ਼ਹਿਰ ਵਿੱਚ ਹੀ ਅਡਜਸਟ ਕੀਤਾ ਜਾਵੇ। ਜੋ ਅਡਜਸਟ ਨਾ ਹੋ ਸਕਣ, ਉਨ੍ਹਾਂ ਨੂੰ ਨੇੜਲੇ ਸਕੂਲ ਵਿੱਚ ਭੇਜਿਆ ਜਾਵੇ। ਜਿੱਥੇ ਅਧਿਆਪਕ ਵੱਧ ਹਨ, ਉਨ੍ਹਾਂ ਨੂੰ ਘੱਟ ਅਧਿਆਪਕਾਂ ਵਾਲੇ ਸਕੂਲ ਵਿੱਚ ਭੇਜਿਆ ਜਾਵੇ।

    ਪੰਜਾਬ ਨੂੰ ਸਿੱਖਿਆ ’ਚ ਪਹਿਲੇ ਨੰਬਰ ’ਤੇ ਲਿਆਉਣ ਲਈ ਸੁਝਾਅ

    ਸਕੂਲ ਲੈਕਚਰਾਰ ਲਈ 24 ਪੀਰੀਅਡ, ਮਾਸਟਰ ਕਾਡਰ ਲਈ 33 ਪੀਰੀਅਡ ਤੇ ਸੀ. ਐੱਡ. ਵੀ. ਅਤੇ ਹੋਰ ਅਧਿਆਪਕਾਂ ਲਈ ਹਫਤੇ ਵਿੱਚ 36 ਪੀਰੀਅਡ ਲੈਣੇ ਲਾਜ਼ਮੀ ਕੀਤੇ ਜਾਣ। ਸਾਰੇ ਡੈਪੂਟੇਸ਼ਨ ਖਤਮ ਕੀਤੇ ਜਾਣ। ਅਧਿਆਪਕ ਜਾਂ ਕਰਮਚਾਰੀ ਜਿੱਥੋਂ ਆਪਣੀ ਤਨਖਾਹ ਪ੍ਰਾਪਤ ਕਰਦਾ ਹੈ, ਉਸ ਦੀ ਨਿਯੁਕਤੀ ਉਸ ਥਾਂ ’ਤੇ ਹੀ ਕੀਤੀ ਜਾਵੇ। ਸਾਰੇ ਸਕੂਲਾਂ ਵਿੱਚ ਦਫਤਰੀ ਅਮਲਾ ਪੂਰਾ ਕਰਕੇ ਅਧਿਆਪਕਾਂ ਤੋਂ ਦਫਤਰੀ ਜਾਂ ਗੈਰ-ਅਧਿਆਪਨ ਕੰਮ ਲੈਣੇ ਬੰਦ ਕੀਤੇ ਜਾਣ।

    ਵਿਦਿਆਰਥੀਆਂ ਤੋਂ ਲੈਣ ਵਾਲੇ ਸਾਰੇ ਫੰਡ ਇਕੱਠੇ ਕਰਕੇ ਸਿਰਫ ਸਕੂਲ ਵਿਕਾਸ ਫੰਡ ਹੀ ਲਿਆ ਜਾਵੇ। ਸਕੂਲ ਮੁਖੀ ਆਪਣੀ ਲੋੜ ਅਨੁਸਾਰ ਉਸ ਫੰਡ ਵਿੱਚੋਂ ਖਰਚ ਕਰ ਸਕਣ। ਇਸ ਨਾਲ ਬੇਲੋੜੇ ਇਤਰਾਜ਼ ਲੱਗਣੇ ਬੰਦ ਹੋਣਗੇ ਅਤੇ ਸਾਰੇ ਫੰਡਾਂ ਦੀ ਥਾਂ ਇੱਕ ਫੰਡ ਦਾ ਹਿਸਾਬ-ਕਿਤਾਬ ਰੱਖਣਾ ਤੇ ਚੈੱਕ ਕਰਨਾ ਵੀ ਸੌਖਾ ਹੋਵੇਗਾ। ਇਸ ਫੰਡ ਦੇ ਹਿਸਾਬ-ਕਿਤਾਬ ਦੀ ਜ਼ਿੰਮੇਵਾਰੀ ਦਫਤਰੀ ਅਮਲੇ ਨੂੰ ਦਿੱਤੀ ਜਾਵੇ। ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਫੇਲ੍ਹ ਨਾ ਕਰਨ ਬਾਰੇ, ਜੋ ਸਰਕਾਰੀ ਫਰਮਾਨ ਹੈ, ਉਹ ਵਾਪਸ ਲਿਆ ਜਾਵੇ। 5ਵੀਂ ਜਮਾਤ ਦਾ ਇਮਤਿਹਾਨ ਉਸ ਮਿਡਲ, ਹਾਈ, ਸੀਨੀਅਰ ਸੈਕੰਡਰੀ ਸਕੂਲ ਦੇ ਮੁਖੀ ਹੀ ਲੈਣ, ਜਿਸ ਦੇ ਉਹ ਅਧੀਨ ਹਨ ਤੇ ਜਿੱਥੇ ਉਨ੍ਹਾਂ ਨੇ 5ਵੀਂ ਜਮਾਤ ਪਾਸ ਕਰਨ ਤੋਂ ਬਾਅਦ ਦਾਖਲ ਹੋਣਾ ਹੈ। 8ਵੀਂ ਤੇ 10+2 ਦੇ ਇਮਤਿਹਾਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਏ ਜਾਣ। ਸਕੂਲ ਦੇ ਸੈਂਟਰ ਬਦਲੇ ਜਾਣ। ਸੈਂਟਰਾਂ ਦੀ ਗਿਣਤੀ ਘੱਟ ਕੀਤੀ ਜਾਵੇ। ਜਿਹੜੇ ਵੱਡੇ ਸਕੂਲ ਹਨ, ਉੱਥੇ ਇੱਕ ਤੋਂ ਵੱਧ ਸੈਂਟਰ ਬਣਾਏ ਜਾਣ ਤਾਂ ਜੋ ਚੈਕਿੰਗ ਸਹੀ ਢੰਗ ਨਾਲ ਹੋ ਸਕੇ।

    ਸਕੂਲ ਕੈਲੰਡਰ ਛਾਪਿਆ ਜਾਵੇ

    ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਸਕੂਲ ਕੈਲੰਡਰ ਛਾਪਿਆ ਜਾਵੇ ਤੇ ਪੜ੍ਹਾਈ ਦੇ ਦਿਨ ਨਿਸ਼ਚਿਤ ਕੀਤੇ ਜਾਣ। ਸਾਰਾ ਕੰਮ ਉਸ ਕੈਲੰਡਰ ਅਨੁਸਾਰ ਹੀ ਕੀਤਾ ਜਾਵੇ। ਉਸ ਵਿਚ ਪੂਰਾ ਸਾਲ ਬਦਲਾਅ ਨਹੀਂ ਹੋਣਾ ਚਾਹੀਦਾ। 10ਵੀਂ ਤੇ 10+2 ਜਮਾਤ ਦੇ ਇਮਤਿਹਾਨ ਫਰਵਰੀ ਵਿੱਚ ਲੈ ਲਏ ਜਾਣ ਤੇ ਸਾਰੀਆਂ ਜਮਾਤਾਂ ਦੇ ਨਤੀਜੇ 31 ਮਾਰਚ ਤੋਂ ਪਹਿਲਾਂ ਕੱਢੇ ਜਾਣ। ਲੈਕਚਰਾਰ ਉਸ ਵਿਸ਼ੇ ਵਿੱਚ ਹੀ ਪ੍ਰਮੋਟ ਕੀਤੇ ਜਾਣ ਜੋ ਵਿਸ਼ਾ ਉਨ੍ਹਾਂ ਨੇ ਬੀ.ਏ./ਬੀ.ਐਸ.ਸੀ. ਵਿੱਚ ਪੜ੍ਹਿਆ ਹੋਵੇ ਜਾਂ ਸਕੂਲ ਵਿੱਚ ਪੜ੍ਹਾਇਆ ਹੋਵੇ। ਹਰ ਸਕੂਲ ਵਿੱਚ ਲੈਕਚਰਾਰ ਵਿਸ਼ਿਆਂ ਮੁਤਾਬਕ ਪੂਰੇ ਕੀਤੇ ਜਾਣੇ ਚਾਹੀਦੇ ਹਨ। ਮਾਸਟਰ ਕਾਡਰ ਤੋਂ ਲੈਕਚਰਾਰ ਦੀ ਪ੍ਰਮੋਸ਼ਨ ਸਮੇਂ ਅਧਿਆਪਕਾਂ ਦੀ ਮਾਸਟਰ ਕਾਡਰ ਦੀ ਸੀਨੀਆਰਟੀ ਦੀ ਬਜਾਏ ਉਨ੍ਹਾਂ ਦੀ ਪ੍ਰਮੋਸ਼ਨ ਐਮ.ਏ./ ਐਮ.ਐਸ.ਸੀ. ਪਾਸ ਕਰਨ ਦੀ ਮਿਤੀ ਦੇ ਆਧਾਰ ’ਤੇ ਕੀਤੀ ਜਾਵੇ।

    ਵਧੀਆ ਖਿਡਾਰੀਆਂ ਦੀ ਪਨੀਰੀ ਤਿਆਰ ਕਰਨ ਲਈ ਸਕੂਲੀ ਖੇਡਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਸਮੇਂ-ਸਮੇਂ ਏ. ਈ. ਓ. ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਉਨ੍ਹਾਂ ਦੀ ਚੈਕਿੰਗ ਕਰਨ। ਸਕੂਲਾਂ ਵਿੱਚ ਖੇਡਾਂ ਦਾ ਸਾਮਾਨ ਖਰੀਦਣ ਲਈ ਸਕੂਲ ਵਿਕਾਸ ਫੰਡ ਵਿੱਚੋਂ ਰਕਮ ਫਿਕਸ ਕੀਤੀ ਜਾਵੇ। ਹੈਂਡੀਕੈਪਡ ਵਿਦਿਆਰਥੀਆਂ ਤੋਂ ਬਿਨਾਂ ਹਰ ਵਿਦਿਆਰਥੀ ਲਈ ਜਿਮਨਾਸਟਿਕ ਜ਼ਰੂਰੀ ਹੋਵੇ। ਸਰੀਰਕ ਸਿੱਖਿਆ ਅਧਿਆਪਕਾਂ ਦੀ ਏ. ਸੀ. ਆਰ. ਸਕੂਲ ਦੀਆਂ ਖੇਡਾਂ ਵਿੱਚ ਪ੍ਰਾਪਤੀ ਦੇ ਆਧਾਰ ’ਤੇ ਲਿਖੀ ਜਾਵੇ। ਬਲਾਕ, ਜ਼ਿਲ੍ਹਾ, ਸਟੇਟ ਪੱਧਰ ਅਤੇ ਨੈਸ਼ਨਲ ਪੱਧਰ ’ਚ ਸਕੂਲ ਵੱਲੋਂ ਕੀਤੀਆਂ ਪ੍ਰਾਪਤੀਆਂ ਦੇ ਆਧਾਰ ’ਤੇ ਏ. ਸੀ. ਆਰ. ਦੇ ਅੰਕ ਲਾਏ ਜਾਣ। ਅਧਿਆਪਕਾਂ ਦੀਆਂ ਵੱਖ-ਵੱਖ ਕੈਟਾਗਰੀਆਂ ਖਤਮ ਕਰਕੇ ਸਿਰਫ ਰੈਗੂਲਰ ਤੌਰ ’ਤੇ ਹੀ ਅਧਿਆਪਕ ਭਰਤੀ ਕੀਤੇ ਜਾਣ। ਠੇਕਾ ਪ੍ਰਣਾਲੀ ਬੰਦ ਕੀਤੀ ਜਾਵੇ। ਹਰ ਅਧਿਆਪਕ ਨੂੰ ਪੂਰਾ ਗਰੇਡ ਦਿੱਤਾ ਜਾਵੇ। ਅਦਾਲਤਾਂ ਦੇ ਫੈਸਲਿਆਂ ਦੀ ਕਦਰ ਕਰਦਿਆਂ ਬਰਾਬਰ ਕੰਮ ਅਤੇ ਬਰਾਬਰ ਤਨਖਾਹ ਦਾ ਫਾਰਮੂਲਾ ਅਪਣਾਇਆ ਜਾਵੇ।

    Education

    ਕੂਲ ਪਿ੍ਰੰਸੀਪਲਾਂ/ਮੁੱਖ ਅਧਿਆਪਕਾਂ ਨੂੰ ਕਨਫਰਮੇਸ਼ਨ, ਉਚੇਰੀ ਪੜ੍ਹਾਈ ਦੀ ਮਨਜ਼ੂਰੀ, ਪ੍ਰੋਵੇਸ਼ਨ ਪੀਰੀਅਡ ਪਾਰ ਕਰਨ, ਏ. ਸੀ. ਪੀ. ਕੇਸ ਪਾਸ ਕਰਨ ਦੇ ਅਧਿਕਾਰ ਸਕੂਲ ਪਿ੍ਰੰਸੀਪਲਾਂ/ਮੁੱਖ ਅਧਿਆਪਕਾਂ ਨੂੰ ਦਿੱਤੇ ਜਾਣ। ਜੀ.ਪੀ.ਐਫ. ਫੰਡ ਦਾ ਹਿਸਾਬ-ਕਿਤਾਬ ਰੱਖਣ, ਜੀ. ਪੀ. ਫੰਡ ਵਿੱਚੋਂ ਐਡਵਾਂਸ ਲੈਣ ਅਤੇ ਹੋਰ ਛੋਟੇ-ਮੋਟੇ ਕੰਮਾਂ ਦੇ ਅਧਿਕਾਰ ਵੀ ਸਕੂਲ ਮੁਖੀ ਨੂੰ ਦਿੱਤੇ ਜਾਣ। ਸਿੱਖਿਆ ਵਿਭਾਗ ਪੰਜਾਬ ਨੇ ਇੱਕ ਵਧੀਆ ਫੈਸਲਾ ਕੀਤਾ ਹੈ ਕਿ ਹਰ ਜ਼ਿਲ੍ਹੇ ਵਿੱਚ ਕਲਸਟਰ ਸਕੂਲ ਬਣਾਏ ਗਏ ਹਨ, ਜਿਸ ਨਾਲ ਨੇੜੇ ਲੱਗਦੇ ਸਕੂਲ ਜੋੜੇ ਗਏ ਹਨ।

    ਇਸ ਨਾਲ ਇਨਫਰਮੇਸ਼ਨ ਭੇਜਣ, ਇਨਫਰਮੇਸ਼ਨ ਇਕੱਠੀ ਕਰਨ ਜਾਂ ਹੋਰ ਕੰਮਾਂ ਲਈ ਟਾਈਮ ਤੇ ਐਨਰਜੀ ਦੀ ਬਹੁਤ ਬੱਚਤ ਹੁੰਦੀ ਹੈ ਪਰ ਜਿਨ੍ਹਾਂ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਕਲਸਟਰ ਸਕੂਲ ਬਣਾਇਆ ਗਿਆ ਹੈ, ਉਨ੍ਹਾਂ ਬਹੁਤ ਸਾਰੇ ਸਕੂਲਾਂ ਵਿੱਚ ਪਿ੍ਰੰਸੀਪਲਾਂ ਦੀਆਂ ਅਸਾਮੀਆਂ ਖਾਲੀ ਹਨ। ਸਕੂਲ ਦਾ ਸੀਨੀਅਰ ਲੈਕਚਰਾਰ ਹੀ ਪਿ੍ਰੰਸੀਪਲ ਹੁੰਦਾ ਹੈ ਜਦੋਂਕਿ ਕਲਸਟਰ ਸਕੂਲ ਦੇ ਅਧੀਨ ਆਉਂਦੇ ਸਕੂਲਾਂ ਦੀ ਮੀਟਿੰਗ ਹੁੰਦੀ ਹੈ ਜਾਂ ਕੋਈ ਇਨਫਰਮੇਸ਼ਨ ਕੁਲੈਕਟ ਕਰਨੀ ਹੁੰਦੀ ਹੈ ਤਾਂ ਕਲਸਟਰ ਨਾਲ ਜੋੜੇ ਗਏ ਸੀਨੀਅਰ ਸੈਕੰਡਰੀ ਸਕੂਲਾਂ ਦੇ ਰੈਗੂਲਰ ਪਿ੍ਰੰਸੀਪਲ, ਜੋ ਉਸ ਲੈਕਚਰਾਰ ਤੋਂ ਸੀਨੀਅਰ ਹੁੰਦੇ ਹਨ, ਉਹ ਹੀਣਤਾ ਮਹਿਸੂਸ ਕਰਦੇ ਹਨ।

    ਪੜਾਈ ਦਾ ਮਾਹੌਲ ਤਿਆਰ ਕੀਤਾ ਜਾਵੇ

    ਅਸਾਮੀਆਂ ਭਰਨ ਤੋਂ ਪਹਿਲਾਂ ਕਲਸਟਰ ਸਕੂਲਾਂ ਵਿੱਚ ਪਿ੍ਰੰਸੀਪਲ ਲਾਏ ਜਾਣ ਜਾਂ ਉਸ ਕਲਸਟਰ ਦਾ ਚਾਰਜ ਕਿਸੇ ਰੈਗੂਲਰ ਪਿ੍ਰੰਸੀਪਲ ਨੂੰ ਦਿੱਤਾ ਜਾਵੇ। ਸਾਇੰਸ ਅਤੇ ਮੈਥ ਵਿਸ਼ੇ ਦੇ ਛੇਵੀਂ ਤੋਂ ਦਸਵੀਂ ਜਮਾਤ ਤੱਕ ਦਾ ਸਿਲੇਬਸ ਐਨ. ਸੀ. ਈ. ਆਰ. ਟੀ. ਤੋਂ ਲਿਆ ਗਿਆ ਹੈ। ਇਨ੍ਹਾਂ ਵਿਸ਼ਿਆਂ ਦੀਆਂ ਕਿਤਾਬਾਂ ਵੀ ਐਨ. ਸੀ. ਈ. ਆਰ. ਟੀ. ਦੀਆਂ ਕਿਤਾਬਾਂ ਦੀ ਹੂ-ਬ-ਹੂ ਨਕਲ ਹਨ। ਇਨ੍ਹਾਂ ਵਿੱਚ ਪੰਜਾਬੀ ਵਿੱਚ ਟਰਾਂਸਲੇਸ਼ਨ ਕਰਨ ਸਮੇਂ ਦੂਜੀਆਂ ਭਾਸ਼ਾਵਾਂ ਦੇ ਬਹੁਤ ਔਖੇ ਸ਼ਬਦ ਵਰਤੇ ਗਏ ਹਨ ਜੋ ਬੱਚਿਆਂ ਦੀ ਸਮਝ ਤੋਂ ਬਾਹਰ ਹਨ। ਸਿਲੇਬਸ ਐਨ. ਸੀ. ਈ. ਆਰ. ਟੀ. ਵਾਲਾ ਹੀ ਹੋਵੇ ਪਰ ਕਿਤਾਬਾਂ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਅਧਿਆਪਕਾਂ ਤੋਂ ਲਿਖਵਾਈਆਂ ਜਾਣ। ਯੋਗ ਅਧਿਆਪਕਾਂ ਤੋਂ ਪੰਜਾਬੀ ਵਿੱਚ ਅਨੁਵਾਦ ਕਰਾ ਲਿਆ ਜਾਵੇ।

    ਸਾਇੰਸ ਵਿਸ਼ੇ ਵਿੱਚ ਫਿਜ਼ਿਕਸ, ਕਮਿਸਟਰੀ, ਬਾਇਓ ਤੇ ਐਗਰੀਕਲਚਰ ਦੇ ਚੈਪਟਰ ਹਨ। ਉਹ ਇਨ੍ਹਾਂ ਵਿਸ਼ਿਆਂ ਦੇ ਮਾਹਿਰ ਅਧਿਆਪਕਾਂ ਤੋਂ ਲਿਖਵਾਏ ਜਾਣ। ਇਸੇ ਤਰ੍ਹਾਂ ਦੂਜੇ ਵਿਸ਼ਿਆਂ ਦੀਆਂ ਕਿਤਾਬਾਂ ਤਿਆਰ ਕੀਤੀਆਂ ਜਾਣ। ਕਿਤਾਬਾਂ ਸਕੂਲ ਵਿੱਚ ਇੱਕ ਮਾਰਚ ਤੱਕ ਪਹੁੰਚ ਜਾਣ, ਵਰਦੀਆਂ ਵੀ ਸਮੇਂ ਸਿਰ ਬੱਚਿਆਂ ਨੂੰ ਮਿਲ ਜਾਣ ਸਕੂਲਾਂ ਵਿੱਚ ਪੜਾਈ ਦਾ ਮਾਹੌਲ ਤਿਆਰ ਕੀਤਾ ਜਾਵੇ ਤਾਂ ਜੋ ਬੱਚਿਆਂ ਦਾ ਸਕੂਲ ਵਿੱਚ ਜੀਅ ਲੱਗ ਸਕੇ। ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇਣ ਲਈ ਜੇਕਰ ਅੰਗਰੇਜੀ ਮਾਧਿਅਮ ਸ਼ੁਰੂ ਕੀਤੇ ਹਨ ਤਾਂ ਉਨ੍ਹਾਂ ਦੀ ਬਰਾਂਚ ਅਲੱਗ ਬਣਾਈ ਜਾਵੇ। ਸਕੂਲ ਵਿੱਚ ਛੁੱਟੀਆਂ, ਸਮਾਂ ਤਬਦੀਲੀ ਦਾ ਪ੍ਰਬੰਧ ਜਿਲ੍ਹਾ-ਪੱਧਰੀ ਹੋਵੇ। ਸਕੂਲ ਵਿੱਚ ਕੋਈ ਵੀ ਐਕਟੀਵਿਟੀ, ਮੇਲੇ, ਟੂਰ ਪ੍ਰੋਗਰਾਮ, ਪੇਪਰ, ਟੈਸਟ, ਪੀ ਟੀ ਐਮ, ਆਦਿ ਲਈ ਸਕੂਲ ਮੁਖੀ ਕੋਲ ਅਧਿਕਾਰ ਹੋਣ।

    ਬੁਢਲਾਡਾ, ਮਾਨਸਾ
    ਡਾ. ਵਨੀਤ ਸਿੰਗਲਾ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here