ਨਾਗਰਿਕਤਾ ਦਾ ਸੇਕ ਝੱਲ ਚੁੱਕੇ ਕੌਮਾਂਤਰੀ ਖਿਡਾਰੀ ਦੀ ਸਫ਼ਲ ਵਾਪਸੀ

Successful, Return , International Player , Citizenship

ਨਾਗਰਿਕਤਾ ਦਾ ਸੇਕ ਝੱਲ ਚੁੱਕੇ ਕੌਮਾਂਤਰੀ ਖਿਡਾਰੀ ਦੀ ਸਫ਼ਲ ਵਾਪਸੀ

ਗੁਰਸੇਵਕ ਅੰਮ੍ਰਿਤਰਾਜ ਨੇ ਜਿੱਤਿਆ ਸਾਲ ਦਾ ਪਹਿਲਾ ਡਬਲਜ਼ ਖਿਤਾਬ

ਸੁਖਜੀਤ ਮਾਨ(ਬਠਿੰਡਾ) ਬੇਸ਼ੱਕ ਮੋਦੀ ਕੈਬਨਿਟ ਨੇ ਨਾਗਰਿਕਤਾ ਸਬੰਧੀ ਕਾਨੂੰਨ ਹੁਣੇ-ਹੁਣੇ ਪਾਸ ਕੀਤਾ ਹੈ ਪਰ ਕੌਮਾਂਤਰੀ ਟੈਨਿਸ ਖਿਡਾਰੀ ਗੁਰਸੇਵਕ ਅੰਮ੍ਰਿਤਰਾਜ ਬਿਨਾ ਕਸੂਰੋਂ ਪਹਿਲਾਂ ਹੀ ਇਹ ਸਜ਼ਾ ਭੁਗਤ ਚੁੱਕਾ ਹੈ। ਨਾਗਰਿਕਤਾ ਦੀ ਇਸ ਤਕਨੀਕੀ ਗਲਤੀ ਸਦਕਾ ਖਿਡਾਰੀ ਨੇ ਕਈ ਸਾਲ ਦੀ ਨਾ ਖੇਡ ਸਕਣ ਦੀ ਪਾਬੰਦੀ ਵੀ ਝੱਲੀ। ਹੁਣ ਜਦੋਂ ਨਾਗਰਿਕਤਾ ਦਾ ਰੌਲਾ ਪੂਰੇ ਦੇਸ਼ ‘ਚ ਪੈ ਰਿਹਾ ਹੈ ਤਾਂ ਗੁਰਸੇਵਕ ਦਾ ਪੁਰਾਣਾ ਦੁੱਖ ਹਰਾ ਹੋ ਗਿਆ।  ਇਸ ਕੌਮਾਂਤਰੀ ਖਿਡਾਰੀ ਲਈ ਸੁਖਦ ਪਹਿਲੂ ਇਹੋ ਹੈ ਕਿ ਸਭ ਪਾਬੰਦੀਆਂ ਦੇ ਬਾਵਜੂਦ ਉਸਨੇ ਇਸ ਨਵੇਂ ਵਰ੍ਹੇ ਦੀ ਸ਼ੁਰੂਆਤ ਜਿੱਤਾਂ ਨਾਲ ਕੀਤੀ ਹੈ।ਵੇਰਵਿਆਂ ਮੁਤਾਬਿਕ ਕੌਮਾਂਤਰੀ ਟੈਨਿਸ ਖਿਡਾਰੀ ਗੁਰਸੇਵਕ ਅੰਮ੍ਰਿਤਰਾਜ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਅਮਰੀਕਾ ਟੈਨਿਸ ਫੈਡਰੇਸ਼ਨ ਵੱਲੋਂ ਉਸਨੂੰ ਕਈ ਵਰ੍ਹੇ ਪਹਿਲਾਂ ਵੀਜ਼ਾ ਪੱਤਰ ਸਮੇਂ ਸਿਰ ਨਾ ਭੇਜਣ ਕਰਕੇ ਉਹ ਅਮਰੀਕਾ ਨਹੀਂ ਸੀ ਜਾ ਸਕਿਆ ਤਾਂ ਕੌਮਾਂਤਰੀ ਟੈਨਿਸ ਫੈਡਰੇਸ਼ਨ ਨੇ ਉਸ ‘ਤੇ ਜੁਰਮਾਨਾ ਅਤੇ ਖੇਡਣ ‘ਤੇ ਪਾਬੰਦੀ ਲਾ ਦਿੱਤੀ ਸੀ। ਕੌਮਾਂਤਰੀ ਟੈਨਿਸ ਸੰਘ ਦੇ ਇੱਕ ਅਧਿਕਾਰੀ ਨੇ ਜਦੋਂ ਗੁਰਸੇਵਕ ਨੂੰ ਦੱਸਿਆ ਕਿ ਸੰਘ ਨੂੰ ਹਾਲੇ ਇਹ ਨਹਂੀ ਪਤਾ ਕਿ ਉਹ ਭਾਰਤ ਲਈ ਖੇਡਦਾ ਹੈ ਜਾਂ ਅਮਰੀਕਾ ਲਈ ਤਾਂ ਉਸਦੇ ਪੈਰਾ ਹੇਠਾਂ ਜ਼ਮੀਨ ਨਿੱਕਲ ਗਈ ਸੀ। ਖੇਡ ਫੈਡਰੇਸ਼ਨਾਂ ਆਦਿ ਦੀਆਂ ਵੈਬਸਾਈਟਾਂ ‘ਤੇ ਉਸਦੀ ਨਾਗਰਿਕਤਾ ਭਾਰਤੀ ਦੀ ਥਾਂ ਅਮਰੀਕਾ ਹੋ ਗਈ ਸੀ।

ਜਿਸਦਾ ਉਸਨੂੰ ਮਾਨਸਿਕ ਤੌਰ ‘ਤੇ ਕਾਫੀ ਹਰਜ਼ਾਨਾ ਝੱਲਣਾ ਪਿਆ। ਸਿਆਸੀ ਅਤੇ ਖੇਡ ਪ੍ਰਮੋਟਰਾਂ ਦੀ ਦਖਲਅੰਦਾਜ਼ੀ ਤੋਂ ਬਾਅਦ ਹੀ ਉਹ ਇਸ ਝੰਜਟ ‘ਚੋਂ ਬਾਹਰ ਨਿੱਕਲ ਸਕਿਆ।  ਲੰਮੇ ਸਮੇਂ ਦੀ ਵਾਪਸੀ ਮਗਰੋਂ ਹੁਣ ਗੁਰਸੇਵਕ ਨੇ ਗੁੜਗਾਓ ਵਿਖੇ ਹੋਏ ਪੁਰਸ਼ ਡਬਲਜ ਟੈਨਿਸ ਟੂਰਨਾਮੈਂਟ ਦਾ ਖਿਤਾਬ ਹਾਸਲ ਕੀਤਾ ਹੈ। ਆਲ ਇਡੀਆ ਟੈਨਿਸ ਫੈਡਰੇਸ਼ਨ ਵੱਲੋਂ ਕਰਵਾਏ ਗਏ ਇੱਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਸਾਲ ਦੇ ਇਸ ਪਹਿਲੇ ਟੂਰਨਾਮੈਂਟ ਵਿੱਚ ਪੂਰੇ ਭਾਰਤ ਦੇ ਮੋਹਰੀ ਖਿਡਾਰੀਆਂ ਨੇ ਹਿੱਸਾ ਲਿਆ ਸੀ। ਅੰਮ੍ਰਿਤਰਾਜ ਨੇ ਇਸ ਸਫ਼ਲ ਵਾਪਸੀ ਮਗਰੋਂ ਆਪਣੇ ਜੋੜੀਦਾਰ ਅਭਿਸੇਕ ਗ਼ੌਰ ਨਾਲ ਬਿਹਤਰ ਤਾਲਮੇਲ ਬਿਠਾਉਂਦਿਆਂ ਮਨਦੀਪ ਸਿੰਘ ਤੇ ਕਰਨ ਵਸਿਸਟ ਦੀ ਜੋੜੀ ਨੂੰ ਸਿੱਧੇ ਸੈੱਟਾਂ ‘ਚ 6-1 , 6-0 ਨਾਲ ਹਰਾ ਕੇ ਸਾਲ ਦਾ ਪਹਿਲਾ ਡਬਲਜ ਖਿਤਾਬ ਆਪਣੇ ਨਾਂਅ ਕੀਤਾ।

ਤਕਨੀਕੀ ਗਲਤੀ ਨਾਲ ਰੈਕਿੰਗ ਵੀ ਹੋਈ ਜ਼ੀਰੋ

ਜ਼ਿਲ੍ਹਾ ਸੰਗਰੂਰ ਦੇ ਪਿੰਡ ਢੰਡਿਆਲ ਦੇ ਖਿਡਾਰੀ ਗੁਰਸੇਵਕ ਅੰਮ੍ਰਿਤਰਾਜ  ਨੇ ਦੱਸਿਆ ਕਿ ਉਸ ਵੇਲੇ ਦੀ ਗਲਤੀ ਨੇ ਉਸਦੇ ਖੇਡ ਕੈਰੀਅਰ ਨੂੰ ਭਾਰੀ ਢਾਹ ਲਈ। ਇਸ ਤੋਂ ਪਹਿਲਾਂ ਉਹ ਵਿਸ਼ਵ ਦੇ 500 ਚੋਟੀ ਦੇ ਖਿਡਾਰੀਆਂ ਦੀ ਰੈਕਿੰਗ ‘ਚ ਸ਼ਾਮਲ ਸੀ ਪਰ ਪਾਬੰਦੀ ਸਦਕਾ ਜੀਰੋ ਹੋ ਗਿਆ ਸੀ। ਤਾਜ਼ਾ ਜਿੱਤ ‘ਤੇ ਖੁਸ਼ੀ ਪ੍ਰਗਟਾਉਂਦਿਆਂ ਉਸਨੇ ਦੱਸਿਆ ਕਿ  ਉਹ ਹੁਣ ਕੌਮਾਂਤਰੀ ਪੱਧਰ ਦੇ ਡਬਲਜ ਮੁਕਾਬਲਿਆਂ ਲਈ ਜੋੜੀਦਾਰ ਦੀ ਭਾਲ ਵਿੱਚ ਹੈ ਤਾਂ ਜੋ ਵੱਡੇ ਪੱਧਰ ਦੇ ਟੂਰਨਾਮੈਂਟ ‘ਚ ਭਾਰਤ ਦਾ ਨਾਂਅ ਰੋਸ਼ਨ ਕਰ ਸਕੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here