
ਡਾ. ਪਰਵਜੀਤ ਸਿੰਘ ਗੁਲਾਟੀ ਨੇ ਸਿਵਲ ਹਸਪਤਾਲ ਵਿਖੇ ਕੀਤੇ ਗੋਡਿਆਂ ਦੇ ਸਫ਼ਲ ਅਪ੍ਰੇਸ਼ਨ
Civil Hospital Faridkot: (ਗੁਰਪ੍ਰੀਤ ਪੱਕਾ) ਫਰੀਦਕੋਟ। ਸਿਹਤ ਵਿਭਾਗ ਫਰੀਦਕੋਟ ਵਿਖੇ ਬਤੌਰ ਸਹਾਇਕ ਸਿਵਲ ਸਰਜਨ ਆਪਣੀਆਂ ਸੇਵਾਵਾਂ ਨਿਭਾ ਰਹੇ ਪ੍ਰਸਿੱਧ ਹੱਡੀਆਂ ਦੇ ਮਾਹਿਰ ਡਾ. ਪਰਵਜੀਤ ਸਿੰਘ ਗੁਲਾਟੀ ਵੱਲੋਂ ਮਰੀਜ਼ਾਂ ਦੇ ਗੋਡਿਆਂ ਦੇ ਕਈ ਸਫਲ ਅਪ੍ਰੇਸ਼ਨ ਕਰਕੇ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਗਈ ਹੈ। ਸਿਵਲ ਹਸਪਤਾਲ ਫਰੀਦਕੋਟ ਵਿੱਚ ਗੋਡਿਆਂ ਦੇ ਅਪ੍ਰੇਸ਼ਨਾਂ ਦੀ ਸਫਲਤਾ ਦਰ ਵਿੱਚ ਵਾਧਾ ਹੋਣਾ ਜ਼ਿਲ੍ਹੇ ਦੇ ਲੋਕਾਂ ਲਈ ਇੱਕ ਵੱਡੀ ਰਾਹਤ ਦੀ ਖ਼ਬਰ ਹੈ।
ਡਾ. ਪਰਵਜੀਤ ਗੁਲਾਟੀ ਜੋ ਕਿ ਇਸ ਤੋਂ ਪਹਿਲਾਂ ਵੀ ਆਪਣੀਆਂ ਸ਼ਾਨਦਾਰ ਸੇਵਾਵਾਂ ਲਈ ਜਾਣੇ ਜਾਂਦੇ ਹਨ ਨੇ ਦੱਸਿਆ ਕਿ ਇਹ ਅਪ੍ਰੇਸ਼ਨ ਪੂਰੀ ਤਰ੍ਹਾਂ ਸਫਲ ਰਹੇ ਹਨ ਅਤੇ ਮਰੀਜ਼ ਹੁਣ ਤੇਜ਼ੀ ਨਾਲ ਸਿਹਤਯਾਬ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਵਧੀਆ ਸਹੂਲਤਾਂ ਉਪਲੱਬਧ ਹੋਣ ਕਾਰਨ ਗੋਡੇ ਬਦਲਣ ਵਰਗੇ ਗੁੰਝਲਦਾਰ ਅਪ੍ਰੇਸ਼ਨ ਵੀ ਆਸਾਨੀ ਨਾਲ ਅਤੇ ਬਹੁਤ ਘੱਟ ਖਰਚੇ ‘ਤੇ ਕੀਤੇ ਜਾ ਰਹੇ ਹਨ।
ਲੋਕ ਸਰਕਾਰੀ ਸਿਹਤ ਸੇਵਾਵਾਂ ਦਾ ਲਾਭ ਉਠਾਉਣ : ਡਾ. ਚੰਦਰ ਸ਼ੇਖਰ ਕੱਕੜ
ਇਸ ਮੌਕੇ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਨੇ ਡਾ. ਗੁਲਾਟੀ ਅਤੇ ਉਨ੍ਹਾਂ ਦੀ ਟੀਮ ਨੂੰ ਇਸ ਸਫਲਤਾ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਮ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣਾ ਉਨ੍ਹਾਂ ਦਾ ਮੁੱਖ ਮਕਸਦ ਹੈ। ਉਨ੍ਹਾਂ ਕਿਹਾ ਕਿ ਲੋਕ ਪ੍ਰਾਈਵੇਟ ਹਸਪਤਾਲਾਂ ਵਿੱਚ ਮਹਿੰਗੇ ਇਲਾਜ ਦੀ ਬਜਾਏ ਸਰਕਾਰੀ ਹਸਪਤਾਲਾਂ ਦੀਆਂ ਸੇਵਾਵਾਂ ਦਾ ਲਾਭ ਉਠਾ ਸਕਦੇ ਹਨ। ਜਿਨ੍ਹਾਂ ਮਰੀਜ਼ਾਂ ਦੇ ਅਪ੍ਰੇਸ਼ਨ ਹੋਏ ਹਨ, ਉਨ੍ਹਾਂ ਨੇ ਡਾ. ਪਰਵਜੀਤ ਸਿੰਘ ਗੁਲਾਟੀ ਅਤੇ ਸਮੁੱਚੇ ਹਸਪਤਾਲ ਸਟਾਫ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ: Bhakra Canal Bridge News: ਦੇਰ ਰਾਤ ਭਾਖੜਾ ਨਹਿਰ ਦਾ ਪੁਲ ਟੁੱਟਿਆ, ਵੱਡਾ ਹਾਦਸਾ ਟਲਿਆ
ਉਨ੍ਹਾਂ ਕਿਹਾ ਕਿ ਗੋਡਿਆਂ ਦੇ ਦਰਦ ਕਾਰਨ ਉਨ੍ਹਾਂ ਦਾ ਚੱਲਣਾ ਫਿਰਨਾ ਮੁਸ਼ਕਿਲ ਹੋ ਗਿਆ ਸੀ, ਪਰ ਸਫਲ ਅਪ੍ਰੇਸ਼ਨ ਤੋਂ ਬਾਅਦ ਹੁਣ ਉਹ ਆਸਾਨੀ ਨਾਲ ਤੁਰ ਫਿਰ ਸਕਦੇ ਹਨ। ਡਾ. ਗੁਲਾਟੀ ਦੀ ਇਸ ਪਹਿਲਕਦਮੀ ਨਾਲ ਹੁਣ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਮਹਿੰਗੇ ਇਲਾਜ ਲਈ ਦੂਰ-ਦੁਰਾਡੇ ਜਾਣ ਦੀ ਲੋੜ ਨਹੀਂ ਪਵੇਗੀ। ਇਸ ਮੌਕੇ ਡਾ. ਸਰਵਦੀਪ ਸਿੰਘ ਰੋਮਾਣਾ, ਡਿਪਟੀ ਮੀਡੀਆ ਅਫਸਰ ਸੁਧੀਰ ਧੀਰ, ਡਾ. ਪ੍ਰਭਦੀਪ ਸਿੰਘ ਚਾਵਲਾ, ਲਖਵਿੰਦਰ ਕੈਂਥ, ਸੀਨੀਅਰ ਫਾਰਮੇਸੀ ਅਫਸਰ ਸੁਨੀਲ ਸਿੰਗਲਾ ਆਦਿ ਹਾਜ਼ਰ ਸਨ।