Student sucide | ਪ੍ਰਸ਼ਾਸਨ ਨੇ ਜਲਦਬਾਜ਼ੀ ‘ਚ ਕਰਵਾਇਆ ਵਿਦਿਆਰਥੀ ਦਾ ਸਸਕਾਰ
ਲੁਧਿਆਣਾ। 11ਵੀਂ ਜਮਾਤ ਦੇ ਵਿਦਿਆਰਥੀ ਨੇ ਘਰ ‘ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਵਿਦਿਆਰਥੀ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਸਕੂਲ ‘ਚ ਉੱਚੀ ਪੈਂਟ ਪਾ ਕੇ ਆਉਣ ‘ਤੇ ਕੁੱਟਿਆ ਗਿਆ ਤੇ ਪੂਰੀ ਕਲਾਸ ‘ਚ ਜ਼ਲੀਲ ਕੀਤਾ ਗਿਆ ਸੀ, ਜਿਸ ਕਾਰਨ ਉਸਨੇ ਖੁਦਕੁਸ਼ੀ ਕੀਤੀ ਹੈ। ਥਾਣਾ ਡਾਬਾ ਪੁਲਿਸ ਨੇ ਪਿਤਾ ਦੀ ਸ਼ਿਕਾਇਤ ‘ਤੇ ਸਕੂਲ ਪ੍ਰਿੰਸੀਪਲ ਤੇ ਅਧਿਆਪਕਾਂ ਖ਼ਿਲਾਫ਼ ਅਪਰਾਧਕ ਮਾਮਲਾ ਦਰਜ ਕਰ ਲਿਆ ਹੈ। ਪਿੱਪਲ ਚੌਂਕ ਵਾਸੀ ਬ੍ਰਿਜਰਾਮ ਤਿਵਾੜੀ ਮੁਤਾਬਕ ਉਸਦਾ ਬੇਟਾ ਧਨੰਜੇ ਤਿਵਾੜੀ ਢੰਡਾਰੀ ਕਲਾਂ ਦੇ ਐੱਸਜੀਡੀ ਗ੍ਰਾਮਰ ਸੀਨੀਅਰ ਸੈਕੰਡਰੀ ਸਕੂਲ ‘ਚ 11ਵੀਂ ਕਲਾਸ ਦਾ ਵਿਦਿਆਰਥੀ ਸੀ। ਵੀਰਵਾਰ ਨੂੰ ਸਕੂਲ ‘ਚ ਉੱਚੀ ਪੈਂਟ ਪਾ ਕੇ ਜਾਣ ‘ਤੇ ਅਧਿਆਪਕ ਨੇ ਉਸਨੂੰ ਡਾਂਟਿਆ। ਜਦੋਂ ਉਸ ਨੇ ਅਧਿਆਪਕ ਨੂੰ ਕਿਹਾ ਕਿ ਉਹ ਬੁੱਧਵਾਰ ਨੂੰ ਵੀ ਇਸੇ ਡਰੈੱਸ ‘ਚ ਆਇਆ ਸੀ ਉਦੋਂ ਤਾਂ ਕੁਝ ਨਹੀਂ ਕਿਹਾ ਗਿਆ ਤਾਂ ਅਧਿਆਪਕ ਨੇ ਉਸਨੁੰ ਕੁੱਟਣਾ ਸ਼ੁਰੂ ਕਰ ਦਿੱਤਾ।
ਪਿਤਾ ਬ੍ਰਿਜਰਾਮ ਨੇ ਦੱਸਿਆ ਕਿ ਵੀਰਵਾਰ ਰਾਤ ਸਾਢੇ ਤਿੰਨ ਵਜੇ ਧਨੰਜੇ ਘਰ ਦੀ ਪਹਿਲੀ ਮੰਜ਼ਿਲ ‘ਤੇ ਗਿਆ। 15 ਮਿੰਟ ਤਕ ਹੇਠਾਂ ਨਾ ਆਇਆ ਤਾਂ ਉਹ ਪਿੱਛੇ ਗਏ। ਉੱਪਰ ਜਾ ਕੇ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੇ ਪੁੱਤਰ ਨੇ ਪੱਖੇ ਨਾਲ ਫਾਹਾ ਲਿਆ ਹੋਇਆ ਸੀ। ਛੱਤ ਨਾਲੋਂ ਉਤਾਰ ਕੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਪੁਲਿਸ ਨੇ ਬਿਆਨ ਦਰਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਧਨੰਜੇ ਦੀ ਮ੍ਰਿਤਕ ਦੇਹ ਨੂੰ ਸਿੱਧਾ ਹਸਪਤਾਲ ਤੋਂ ਸ਼ਮਸ਼ਾਨਘਾਟ ਲਿਆਂਦਾ ਗਿਆ ਅਤੇ ਪ੍ਰਸ਼ਾਸਨ ਨੇ ਜਲਦਬਾਜ਼ੀ ‘ਚ ਉਸ ਦਾ ਸਸਕਾਰ ਕਰਵਾ ਦਿੱਤਾ। ਮੌਕੇ ‘ਤੇ ਪਹੁੰਚੇ ਇੱਕ ਰਾਜਨੀਤਿਕ ਆਗੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ‘ਚ ਟਵੀਟ ਕਰਕੇ ਕਿਹਾ ਹੈ ਕਿ ਦੋਸ਼ੀਆਂ ਨੂੰ ਕਿਸੇ ਵੀ ਹਾਲਤ ‘ਚ ਬਖਸ਼ਿਆ ਨਹੀਂ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।