ਸ਼ੰਭੂ ਬਾਰਡਰ ਸਮੇਤ ਕਪੂਰੀ ‘ਚ ਸਖ਼ਤ ਚੌਕਸੀ

Shambhu border

(ਖੁਸ਼ਵੀਰ ਸਿੰਘ ਤੂਰ) ਕਪੂਰੀ (ਪਟਿਆਲਾ)। ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵੱਲੋਂ 23 ਫਰਵਰੀ ਨੂੰ ਪੰਜਾਬ ‘ਚ ਦਾਖਲ ਹੋ ਕੇ ਐੱਸਵਾਈਐੱਲ ਨਹਿਰ ਦੀ ਖੁਦਾਈ ਕਰਨ ਸਬੰਧੀ ਦਿੱਤੀ ਚਿਤਾਵਨੀ ਨੂੰ ਦੇਖਦਿਆਂ ਪਟਿਆਲਾ ਪੁਲਿਸ ਪ੍ਰਸ਼ਾਸਨ ਨੇ ਸ਼ੰਭੂ ਬਾਰਡਰ (Shambhu border) ਸਮੇਤ ਕਪੂਰੀ ਨੂੰ ਜਾਣ ਵਾਲੇ ਸਾਰੇ ਰਸਤੇ ਪੂਰੀ ਤਰ੍ਹਾਂ ਸੀਲ ਕਰਨ ਦੀ ਤਿਆਰੀ ਕਰ ਲਈ ਹੈ ਇੱਥੋਂ ਤੱਕ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਖਤੀ ਵਰਤਦਿਆਂ ਵੱਡੇ ਬੈਰੀਕੇਟ ਸਮੇਤ ਸ਼ੰਭੂ ਬੈਰੀਅਰ ਨੇੜੇ ਘੱਗਰ ਦੇ ਪੁਰਾਣੇ ਪੁਲ ‘ਤੇ ਰਾਤੋਂ-ਰਾਤ ਕੰਧ ਕੱਢ ਦਿੱਤੀ ਗਈ ਹੈ। ਪਟਿਆਲਾ ਦੇ ਆਈਜੀ ਵੱਲੋਂ ਅੱਜ ਸ਼ੰਭੂ ਬਾਰਡਰ ਸਮੇਤ ਕਪੂਰੀ ਵਿਖੇ ਵੱਖ-ਵੱਖ ਐਂਟਰੀ ਪੁਆਇੰਟਾਂ ਦਾ ਦੌਰਾ ਕਰਕੇ ਸਰੁੱਖਿਆ ਪ੍ਰਬੰਧਾਂ ਦੀ ਜਾਂਚ ਕੀਤੀ ਗਈ।

ਜਾਣਕਾਰੀ ਅਨੁਸਾਰ ਅੱਜ ਪਟਿਆਲਾ ਪੁਲਿਸ ਪ੍ਰਸ਼ਾਸਨ ਸ਼ੰਭੂ ਬਾਰਡਰ (Shambhu border) ਸਮੇਤ ਕਪੂਰੀ ਨੂੰ ਆਉਣ ਵਾਲੇ ਸਾਰੇ ਰਸਤਿਆਂ ਨੂੰ ਸੀਲ ਕਰਨ ਪੱਖੋਂ ਪੂਰੀ ਤਰ੍ਹਾਂ ਪੱਬਾਂਭਾਰ ਰਿਹਾ ਤਾਂ ਜੋ ਇਨੈਲੋ ਦੇ ਆਗੂਆਂ ਤੇ ਵਰਕਰਾਂ ਨੂੰ ਪੰਜਾਬ ਅੰਦਰ ਦਾਖਲ ਹੋਣ ਤੋਂ ਰੋਕਿਆ ਜਾ ਸਕੇ। ਜਾਣਕਾਰੀ ਮਿਲੀ ਹੈ ਕਿ 23 ਫਰਵਰੀ ਨੂੰ ਇਨੈਲੋ ਕਾਰਕੁਨਾਂ ਦਾ ਪਹਿਲਾਂ ਸ਼ੰਭੂ ਬਾਰਡਰ ਦੇ ਨੇੜੇ ਅੰਬਾਲਾ ‘ਚ ਆਉਂਦੀ ਸਬਜ਼ੀ ਮੰਡੀ ਵਿਖੇ ਇਕੱਠੇ ਹੋਣ ਦਾ ਪ੍ਰੋਗਰਾਮ ਹੈ ਤੇ ਇਸ ਤੋਂ ਬਾਅਦ ਹਰਿਆਣਾ ਦੇ ਪਿੰਡ ਇੰਸਮਾਇਲ ਪੁਰ ਤੋਂ ਪੰਜਾਬ ਅੰਦਰ ਦਾਖਲ ਹੋਣ ਦਾ ਪ੍ਰੋਗਰਾਮ ਹੈ। ਇੰਸਮਾਇਲ ਪੁਰ ਕਪੂਰੀ ਤੋਂ ਦੋ ਕਿੱਲੋਮੀਟਰ ਦੂਰੀ ‘ਤੇ ਹੈ ਤੇ ਇਨ੍ਹਾਂ ਨੂੰ ਸਿੰਗਲ ਸੜਕ ਆਪਸ ‘ਚ ਮਿਲਾਉਂਦੀ ਹੈ।

ਸ਼ੰਭੂ ਬਾਰਡਰ ਨੇੜੇ ਪੁਲਿਸ ਵੱਲੋਂ ਹਰ ਥਾਂ ‘ਤੇ ਬੈਰੀਗੇਟਸ ਲਾ ਕੇ ਸੁਰੱਖਿਆ ਪ੍ਰਬੰਧਾਂ ਨੂੰ ਕਸ ਦਿੱਤਾ

ਪੁਲਿਸ ਵੱਲੋਂ ਇਨ੍ਹਾਂ ਰਸਤਿਆਂ ‘ਤੇ ਸਖਤ ਪਹਿਰਾ ਤੇ ਨਾਕਾਬੰਦੀ ਕਰ ਦਿੱਤੀ ਗਈ ਹੈ। ਅੱਜ ਦੇਖਿਆ ਗਿਆ ਕਿ ਸ਼ੰਭੂ ਬਾਰਡਰ ਨੇੜੇ ਪੁਲਿਸ ਵੱਲੋਂ ਹਰ ਥਾਂ ‘ਤੇ ਬੈਰੀਗੇਟਸ ਲਾ ਕੇ ਸੁਰੱਖਿਆ ਪ੍ਰਬੰਧਾਂ ਨੂੰ ਕਸ ਦਿੱਤਾ ਗਿਆ ਹੈ। ਜਦਕਿ ਸ਼ੰਭੂ ਨੇੜੇ ਘੱਗਰ ਦੇ ਪੁਰਾਣੇ ਪੁਲ ‘ਤੇ ਪਟਿਆਲਾ ਪ੍ਰਸ਼ਾਸਨ ਨੇ ਰਾਤੋਂ-ਰਾਤ 40-50 ਫੁੱਟ ਲੰਮੀ ਕੰਧ ਕਰ ਦਿੱਤੀ ਗਈ ਹੈ।

ਨਵੀਆਂ ਸੜਕਾਂ ਬਣਨ ਕਾਰਨ ਇਸ ਰਸਤੇ ਦੀ ਵਰਤੋਂ ਨਹੀਂ ਹੋ ਰਹੀ ਸੀ। ਪ੍ਰਸ਼ਾਸਨ ਨੂੰ ਡਰ ਹੈ ਕਿ ਕਿਤੇ ਇਸ ਰਸਤੇ ਰਾਹੀਂ ਇਨੈਲੋ ਦੇ ਵਰਕਰ ਪੰਜਾਬ ‘ਚ ਦਾਖਲ ਨਾ ਹੋ ਸਕਣ।  ਅੱਜ ਪਟਿਆਲਾ ਜੋਨ ਦੇ ਆਈਜੀ ਬੀ. ਚੰਦਰ ਸ਼ੇਖਰ ਵੱਲੋਂ ਸ਼ੰਭੂ ਬਾਰਡਰ ਸਮੇਤ ਕਪੂਰੀ ਵਿਖੇ ਐਂਟਰੀ ਪੁਆਇੰਟਾਂ ਦਾ ਜਾਇਜ਼ਾ ਲਿਆ ਅਤੇ ਉੱਥੇ ਸਰੁੱਖਿਆ ਪ੍ਰਬੰਧਾਂ ਨੂੰ ਜਾਂਚਿਆ ਗਿਆ। ਇਸ ਦੇ ਨਾਲ ਉਨ੍ਹਾਂ ਉੱਥੋਂ ਦੇ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਪ੍ਰਸ਼ਾਸਨ ਵੱਲੋਂ ਫਤਹਿਗੜ੍ਹ ਸਾਹਿਬ, ਸੰਗਰੂਰ ਤੇ ਪਟਿਆਲਾ ਜ਼ਿਲ੍ਹਿਆਂ ‘ਚੋਂ ਵੱਡੇ 8 ਫੁੱਟੇ ਬੈਰੀਕੇਟ ਮੰਗਵਾਏ ਗਏ ਹਨ।

ਦੱਸਣਯੋਗ ਹੈ ਕਿ ਬਾਰਡਰ ਨੇੜੇ ਐੱਸਵਾਈਐੱਲ ਨਹਿਰ ਦੀ ਸਥਿਤੀ ਜਿਉਂ ਦੀ ਤਿਉਂ ਹੈ ਜਦਕਿ ਬਨੂੰੜ ਤੇ ਕਪੂਰੀ ਨੇੜੇ ਪੰਜਾਬ ਦੇ ਕਿਸਾਨਾਂ ਵੱਲੋਂ ਇਹ ਨਹਿਰ ਪੂਰ ਦਿੱਤੀ ਗਈ ਸੀ। ਹਰਿਆਣਾ ਦੇ ਕਾਰਕੁਨਾਂ ਨੂੰ ਨਹਿਰ ਖੋਦਣ ਲਈ 15 ਕਿੱਲੋਮੀਟਰ ਪੰਜਾਬ ਅੰਦਰ ਦਾਖਲ ਹੋਣਾ ਪਵੇਗਾ, ਜੋ ਕਿ ਮੁਸ਼ਕਿਲ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਤੇ ਉੱਪ ਮੁੱਖ ਮੰਤਰੀ ਪੰਜਾਬ ਤੋਂ ਬਾਹਰ ਹਨ। ਇਸ ਲਈ ਪ੍ਰਸ਼ਾਸਨ ਅਧਿਕਾਰੀ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਉਠਾਉਣਾ ਚਾਹੁੰਦੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here