ਤਣਾਅ ਦੇ ਸ਼ਿਕਾਰ ਵਿਦਿਆਰਥੀ

Students

ਕੋਟਾ ’ਚ ਦੋ ਹੋਰ ਵਿਦਿਆਰਥੀਆਂ (Students) ਨੇ ਖੁਦਕੁਸ਼ੀ ਕਰ ਲਈ ਹੈ। ਇਹ ਘਟਨਾ ਬੜੀ ਹੀ ਦੁਖਦਾਈ ਹੈ। ਦੇਸ਼ ਦੇ ਕਈ ਵਡੇ ਸ਼ਹਿਰਾਂ ’ਚ ਕੋਚਿੰਗ ਲੈ ਰਹੇ ਵਿਦਿਆਰਥੀਆਂ ਵੱਲੋਂ ਪਹਿਲਾਂ ਵੀ ਖੁਦਕੁਸ਼ੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਮਾਮਲੇ ਦੀ ਅਸਲੀਅਤ ਕੀ ਹੈ ਇਸ ਬਾਰੇ ਪੂਰੀ ਸੱਚਾਈ ਜਾਂਚ ਤੋਂ ਬਾਅਦ ਸਾਹਮਣੇ ਆ ਸਕਦੀ ਹੈ ਪਰ ਇਹ ਸਮੱਸਿਆ ਬੜੀ ਗੰਭੀਰ ਹੈ ਕਿ ਸਾਡੇ ਦੇਸ਼ ਦਾ ਬਚਪਨ, ਅੱਲ੍ਹੜਪੁਣਾ ਤੇ ਜਵਾਨੀ ਸੁੁਰੱਖਿਅਤ ਨਹੀਂ। ਅੱਠਵੀਂ-ਦਸਵੀਂ ’ਚ ਪੜ੍ਹਦੇ ਵਿਦਿਆਰਥੀ ਹੀ ਅੰਕਾਂ ਦੇ ਬੋਝ ਹੇਠਾਂ ਇੰਨੇ ਜ਼ਿਆਦਾ ਆ ਜਾਂਦੇ ਹਨ ਕਿ ਪ੍ਰੀਖਿਆ ’ਚ ਚੰਗੇ ਅੰਕ ਆਉਣੇ, ਵੱਡੇ ਪੈਕੇਜ ਵਾਲੀ ਨੌਕਰੀ ਮਿਲਣੀ ਹੀ ਉਹਨਾਂ ਦੇ ਦਿਮਾਗ ’ਤੇ ਅਜਿਹੀ ਸਵਾਰ ਹੋ ਜਾਂਦੀ ਹੈ ਕਿ ਉਹ ਜ਼ਿੰਦਗੀ ਦੇ ਅਸਲ ਅਰਥ, ਘਰ-ਪਰਿਵਾਰ, ਮਾਂ-ਬਾਪ ਦੀਆਂ ਭਾਵਨਾਵਾਂ ਸਭ ਕੁਝ ਭੁੱਲ ਕੇ ਖੁਦਕੁਸ਼ੀ ਦਾ ਖਤਰਨਾਕ ਰਾਹ ਫੜ੍ਹ ਲੈਂਦੇ ਹਨ।

ਇਹ ਸਮੱਸਿਆ ਇੰਨੀ ਜ਼ਿਆਦਾ ਗੰਭੀਰ ਹੈ ਕਿ ਕਿਸੇ ਸੰਸਥਾਨ ਖਿਲਾਫ਼ ਸਿਰਫ ਕਾਰਵਾਈ ਨਾਲ ਮਸਲਾ ਹੱਲ ਨਹੀਂ ਹੋਣਾ, ਸਗੋਂ ਇਸ ਮਸਲੇ ਦੀਆਂ ਅਸਲ ਜੜ੍ਹਾਂ ਨੂੰ ਹੱਥ ਪਾਉਣਾ ਪਵੇਗਾ। ਇਹ ਕਿਸੇ ਘਟਨਾ ਦੀ ਰੋਕਥਾਮ ਦਾ ਮਸਲਾ ਨਹੀਂ ਸਗੋਂ ਸਿਸਟਮ ’ਚ ਸੁਧਾਰ ਦਾ ਮਸਲਾ ਹੈ। ਬੱਚਿਆਂ ਦੇ ਮਾਂ-ਬਾਪ ਤੋਂ ਲੈ ਕੇ ਸਮਾਜ ਤੇ ਸਰਕਾਰ ਨੂੰ ਆਪਣੀ ਜਿੰਮੇਵਾਰੀ ਨਿਭਾਉਣੀ ਪਵੇਗੀ। ਸਿੱਖਿਆ ਸ਼ਾਸਤਰੀਆਂ, ਮਨੋਵਿਗਿਆਨੀਆਂ ਤੇ ਸਮਾਜ ਸ਼ਾਸਤਰੀਆਂ ਦੀ ਸਾਂਝੀ ਰਾਏ ਨਾਲ ਵਿੱਦਿਅਕ ਸਿਸਟਮ ਬਣਾਉਣਾ ਪਵੇਗਾ। ਅਸਲ ’ਚ ਪੈਸਾ ਪ੍ਰਧਾਨ ਤੇ ਵਿਖਾਵੇ ਦੀ ਪ੍ਰਵਿਰਤੀ ਵਾਲੇ ਸਮਾਜ ’ਚ ਮਾਂ-ਬਾਪ ਬੱਚੇ ’ਤੇ ਕੈਰੀਅਰ ਦਾ ਅਜਿਹਾ ਬੋਝ ਲੱਦ ਰਹੇ ਹਨ ਕਿ ਉਹ ਚਾਹੁੰਦੇ ਹਨ ਕਿ ਬੱਚਾ ਵੱਧ ਤੋਂ ਵੱਧ ਪੈਸਾ ਕਮਾਉਣ ਵਾਲੀ ਨੌਕਰੀ ਹਾਸਲ ਕਰੇ।

ਇਹ ਵੀ ਪੜ੍ਹੋ : ਖਰੜ ਥਾਣੇ ’ਚ ਤਾਇਨਾਤ ਪੁਲਿਸ ਮੁਲਾਜ਼ਮ ਵਿਰੁੱਧ ਰਿਸ਼ਵਤ ਮੰਗਣ ’ਤੇ ਮਾਮਲਾ ਦਰਜ

ਦੂਜੇ ਪਾਸੇ ਕੋਚਿੰਗ ਸੰਸਥਾਨਾਂ ’ਚ ਸਿਰਫ ਪੜ੍ਹਾਈ ਹੋਣ ਕਰਕੇ ਬੱਚਾ ਮਸ਼ੀਨ ਬਣ ਜਾਂਦਾ ਹੈ। ਕੋਚਿੰਗ ਸੈਂਟਰਾਂ ’ਚ ਬੱਚੇ ਦੀ ਮਾਨਸਿਕ, ਸਮਾਜਿਕ ਤੇ ਸੱਭਿਆਚਾਰਕ ਜ਼ਿੰਦਗੀ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਰਕਾਰ ਨੇ ਬੱਚਿਆਂ ਦੇ ਇਸ ਮਸਲੇ ਨੂੰ ਮਾਪਿਆਂ ਤੇ ਕੋਚਿੰਗ ਸੰਸਥਾਨਾਂ ਦੇ ਹਾਲ ’ਤੇ ਛੱਡ ਦਿੱਤਾ ਹੈ। ਕੋਚਿੰਗ ਸੈਂਟਰਾਂ ’ਚ ਅਜਿਹਾ ਮਾਹੌਲ ਪੈਦਾ ਕੀਤੇ ਜਾਣ ਦੀ ਜ਼ਰੂਰਤ ਹੈ ਜਿੱਥੇ ਬੱਚਾ ਆਪਣੀ ਅਸਫਲਤਾ ਨੂੰ ਬੜੇ ਸਹਿਜ਼ ਨਾਲ ਸਵੀਕਾਰ ਕਰ ਸਕੇ।

ਉੱਥੇ ਪੜ੍ਹਾਈ ਦੇ ਮਨੋਵਿਗਿਆਨਕ ਸਰੋਕਾਰਾਂ ਵੱਲ ਵੀ ਗੌਰ ਕੀਤੀ ਜਾਵੇ। ਮਾਪਿਆਂ ਦਾ ਵੀ ਫਰਜ਼ ਹੈ ਕਿ ਉਹ ਘੱਟ ਨੰਬਰ ਵੇਖ ਕੇ ਮੋਬਾਇਲ ਫੋਨ ’ਤੇ ਬੱਚੇ ਦੀ ਡਾਂਟ-ਡਪਟ ਕਰਨ ਦੀ ਬਜਾਇ ਉਸ ਨੂੰ ਹੌਂਸਲਾ ਦੇਣ ਅਤੇ ਅਸਫਲਤਾ ਦੀ ਹਾਲਤ ’ਚ ਮਜ਼ਬੂਤ ਰਹਿਣ ਦੀ ਪ੍ਰੇਰਨਾ ਦੇਣ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਮਾਜ ਲਈ ਬਹੁਤ ਅਨਮੋਲ ਵਿਚਾਰ ਦਿੱਤੇ ਹਨ ਕਿ ਮਾਪਿਆਂ ਨੂੰ ਬੱਚੇ ਦੇ ਦੋਸਤ ਵਾਂਗ ਵਿਚਰ ਕੇ ਉਸ ਦਾ ਸਾਥ ਦੇਣਾ ਚਾਹੀਦਾ ਹੈ। ਜੇਕਰ ਅਜਿਹਾ ਕੀਤਾ ਜਾਵੇ ਤਾਂ ਬੱਚਾ ਕਦੇ ਵੀ ਭਟਕ ਨਹੀਂ ਸਕਦਾ।