ਪੁਲਿਸ ਵੱਲੋਂ ਕਤਲ ਦਾ ਮਾਮਲਾ ਦਰਜ਼, ਮੁਲਜ਼ਮਾਂ ਦੀ ਭਾਲ ਜਾਰੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦੀ ਵਿਕਾਸ ਕਲੋਨੀ ਵਿਖੇ ਮੋਟਰਸਾਇਕਲ ‘ਤੇ ਆਏ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਵਿੱਚ ਬੈਠੀ ਇੱਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਇਹ ਘਟਨਾ ਬੀਤੀ ਰਾਤ ਵਾਪਰੀ ਹੈ। ਥਾਣਾ ਤ੍ਰਿਪੜੀ ਪੁਲਿਸ ਵੱਲੋਂ ਅਣਪਛਾਤਿਆਂ ਖਿਲਾਫ਼ ਕਤਲ ਦਾ ਮਾਮਲਾ ਦਰਜ਼ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਿਕ ਪ੍ਰੀਤੀ ਨਾਮ ਦੀ 36 ਸਾਲਾ ਔਰਤ ਜੋ ਕਿ ਆਪਣੇ ਘਰ ਅੰਦਰ ਹੀ ਲੰਘੀ ਰਾਤ ਲਗਭਗ 10 ਵਜੇ ਲਾਬੀ ਵਿੱਚ ਮੌਜੂਦ ਸੀ। ਘਰ ਅੰਦਰ ਰਿਸ਼ਤੇਦਾਰ ਆਏ ਹੋਣ ਕਾਰਨ ਉਹ ਆਪਸ ਵਿੱਚ ਗੱਲਾਂ ਕਰ ਰਹੇ ਸਨ। ਇਸੇ ਦੌਰਾਨ ਹੀ ਮੋਟਰਸਾਇਕਲ ‘ਤੇ ਦੋ ਵਿਅਕਤੀ ਆਏ ਅਤੇ ਘਰ ਦਾ ਮੇਨ ਗੇਟ ਖੁੱਲ੍ਹਾ ਹੋਣ ਕਾਰਨ ਉਨ੍ਹਾਂ ਨੇ ਪ੍ਰੀਤੀ ‘ਤੇ ਗੋਲੀ ਚਲਾ ਦਿੱਤੀ ਜੋ ਕਿ ਉਸਦੇ ਪਿੱਠ ‘ਚ ਵੱਜੀ। ਇਸ ਤੋਂ ਬਾਅਦ ਉਹ ਫਰਾਰ ਹੋ ਗਏ।
ਗੋਲੀ ਲੱਗਣ ਤੋਂ ਬਾਅਦ ਜਖ਼ਮੀ ਹਾਲਤ ‘ਚ ਉਸ ਨੂੰ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪ੍ਰੀਤੀ ਆਪਣੇ ਛੋਟੇ ਭਰਾ ਨਾਲ ਹੀ ਘਰ ਵਿੱਚ ਰਹਿੰਦੀ ਸੀ ਅਤੇ ਇਨ੍ਹਾਂ ਦੇ ਮਾਂ-ਬਾਪ ਮਰੇ ਹੋਏ ਹਨ। ਘਟਨਾ ਸਥਾਨ ‘ਤੇ ਪੁਲਿਸ ਵੱਲੋਂ ਹਰ ਪਹਿਲੂ ਦੀ ਜਾਂਚ ਕੀਤੀ ਗਈ। ਥਾਣਾ ਤ੍ਰਿਪੜੀ ਦੇ ਇੰਚਾਰਜ਼ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ਼ ਕਤਲ ਦਾ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ