ਬਿਨਾਂ ਬੀਮੇ ਤੋਂ ਸੜਕਾਂ ‘ਤੇ ਦੌੜਦੀਆਂ ਬਰਨਾਲਾ ਡਿੱਪੂ ਦੀਆਂ ਲਾਰੀਆਂ

ਪੀਆਰਟੀਸੀ ਡਿੱਪੂ  ਦੀਆਂ 78 ਬੱਸਾਂ ਵਿੱਚੋਂ ਸਿਰਫ਼ 3 ਬੱਸਾਂ ਦੇ ਬੀਮੇ

  • ਸੂਚਨਾ ਅਧਿਕਾਰ ਐਕਟ ਤਹਿਤ ਹੋਇਆ ਖੁਲਾਸਾ

ਬਰਨਾਲਾ, ਜੀਵਨ ਰਾਮਗੜ੍ਹ । ਪੀਆਰਟੀਸੀ ਡਿੱਪੂ ਬਰਨਾਲਾ ਦੀਆਂ ਲਾਰੀਆਂ ਮੋਟਰ ਵਹੀਕਲ ਐਕਟ ਦੀਆਂ ਧੱਜੀਆਂ ਉਡਾਉਂਦੀਆਂ ਸੜਕਾਂ ‘ਤੇ ਦੌੜ ਰਹੀਆਂ ਹਨ। ਮੋਟਰ ਵਹੀਕਲ ਐਕਟ ਅਨੁਸਾਰ ਹਰ ਵਹੀਕਲ ਦਾ ਬੀਮਾ ਹੋਣਾ ਲਾਜ਼ਮੀ ਹੁੰਦਾ ਹੈ। ਬੇਸ਼ੱਕ ਥਰਡ ਪਾਰਟੀ ਬੀਮਾ ਹੀ ਹੋਵੇ। ਜੇਕਰ ਕਿਸੇ ਵਹੀਕਲ ਦਾ ਬੀਮਾ ਨਹੀਂ ਹੁੰਦਾ ਤਾਂ ਟਰੈਫਿਕ ਪੁਲਿਸ ਉਸਦਾ ਚਲਾਨ ਕੱਟ ਕੇ ਹੱਥ ‘ਤੇ ਧਰ ਦਿੰਦੀ ਹੈ। ਪ੍ਰੰਤੂ ਬਰਨਾਲਾ ਡਿੱਪੂ ਦੀਆ ਸਰਕਾਰੀ ਬੱਸਾਂ ਬਿਨਾਂ ਬੀਮੇ ਹੀ ਸੜਕਾਂ ‘ਤੇ ਦੌੜ ਰਹੀਆਂ ਹਨ। ਇਸ ਗੱਲ ਦਾ ਖੁਲਾਸਾ ਸੂਚਨਾ ਅਧਿਕਾਰ ਐਕਟ ਤਹਿਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰ.ਟੀ.ਆਈ. ਕਾਰਕੁੰਨ ਸਤਪਾਲ ਗੋਇਲ ਨੇ ਦੱਸਿਆ ਕਿ ਬੀਮਾ ਨਾ ਹੋਣ ਦੀ ਸੂਰਤ ਵਿੱਚ ਜੇਕਰ ਗੱਡੀ ਨਾਲ ਕੋਈ ਹਾਦਸਾ ਵਾਪਰਦਾ ਹੈ ਤਾਂ ਮਾਨਯੋਗ ਅਦਾਲਤ ਵੱਲੋਂ ਸਬੰਧਤ ਗੱਡੀ ਮਾਲਕ ਤੋਂ ਕਲੇਮ ਦੀ ਰਿਕਵਰੀ ਕਰਵਾਈ ਜਾਂਦੀ ਹੈ।

ਇਸ ਤੋ ਇਲਾਵਾ ਪੁਲਿਸ ਵੱਲੋਂ ਵੀ ਚਲਾਨ ਵੀ ਕੱਟੇ ਜਾਂਦੇ ਹਨ। ਪ੍ਰੰਤੂ ਜਦ ਉਨ੍ਹਾਂ ਬਰਨਾਲਾ ਡਿੱਪੂ  ਤੋਂ ਬੱਸਾਂ ਦੇ ਬੀਮੇ ਹੋਣ ਦੀ ਜਾਣਕਾਰੀ ਮੰਗੀ ਤਾਂ ਸਬੰਧਿਤ ਡਿੱਪੂ ਮੈਨੇਜਰ ਨੇ ਜੋ ਜਾਣਕਾਰੀ ਭੇਜੀ ਹੈਰਾਨ ਕਰ ਦੇਣ ਵਾਲੀ ਹੈ। ਪ੍ਰਾਪਤ ਸੂਚਨਾ ਅਨੁਸਾਰ ਬਰਨਾਲਾ ਡਿੱਪੂ ਕੋਲ ਕੁੱਲ 78 ਬੱਸਾਂ ਹਨ ਜਿੰਨਾਂ ‘ਚੋਂ ਸਿਰਫ਼ 3 ਬੱਸਾਂ ਦਾ ਹੀ ਬੀਮਾ ਕਰਵਾਇਆ ਹੋਇਆ ਹੈ। 3 ਬੱਸਾਂ ਦੇ ਬੀਮੇਂ ‘ਤੇ 2,41,761 ਰੁਪਏ ਖਰਚ ਹੋਏ ਹਨ। ਬੀਮਾ ਪਾਲਿਸੀ ਨਾਲ ਜੁੜਦਾ ਇੱਕ ਅੰਕੜਾ ਇਹ ਵੀ ਹੈ ਕਿ ਲੰਘੇ ਵਰੇ ਦੌਰਾਨ ਬਰਨਾਲਾ ਡਿੱਪੂ ਦੀਆਂ ਕੁੱਲ 21 ਬੱਸਾ ਹਾਦਸਾਗ੍ਰਸਤ ਹੋ ਗਈਆਂ।

ਬੱਸਾਂ ਦੇ ਪ੍ਰਦੂਸ਼ਣ ਸਾਰਟੀਫਿਕੇਟ ਸਬੰਧੀ ਪੁੱਛਿਆਂ ਤਾਂ ਜੁਆਬ ‘ਚ ਦੱਸਿਆ ਗਿਆ ਕਿ ਇਨ੍ਹਾਂ ਬੱਸਾਂ ਦਾ ਪ੍ਰਦੂਸ਼ਣ ਹੈੱਡ ਆਫ਼ਿਸ ਪਟਿਆਲਾ ਵੱਲੋਂ ਖ਼ਾਸ ਮਸ਼ੀਨ ਭੇਜ ਕੇ ਚੈੱਕ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਬਰਨਾਲਾ ਡਿੱਪੂ ਦੀ ਵਹੀਖਾਤੇ ‘ਤੇ ਨਜ਼ਰ ਮਾਰੀਏ ਤਾਂ ਡਿੱਪੂ ਨਾਲ ਸਬੰਧਿਤ ਬੱਸਾਂ ਤੋਂ ਪੀਆਰਟੀਸੀ ਨੂੰ ਸਾਲ 1 ਅਪਰੈਲ 2016 ਤੋਂ 31 ਮਾਰਚ 2017 ਤੱਕ ਆਮਦਨ ਘੱਟ ਅਤੇ ਖਰਚੇ ਜਿਆਦਾ ਹੋਏ ਹਨ। ਆਮਦਨ ‘ਤੇ ਝਾਤ ਮਾਰੀਏ ਤਾਂ 19,38,35,268 ਰੁਪਏ ਹੋਈ ਹੈ ਪ੍ਰੰਤੂ ਖ਼ਰਚੇ ਦਾ ਅੰਕੜਾ 20,31,10,771 ਰੁਪਏ ਹੈ। ਜਿਸ ਕਾਰਨ ਉਕਤ ਸਮੇਂ ਦੌਰਾਨ ਪੀ.ਆਰ.ਟੀ.ਸੀ. ਉਕਤ ਸਮੇਂ ਦੌਰਾਨ 93 ਲੱਖ ਦਾ ਘਾਟਾ ਪਿਆ ਹੈ।