ਬੱਸ ਸਟੈਂਡ ਤੋਂ ਮੋਤੀ ਮਹਿਲਾਂ ਵੱਲ ਕੀਤੀ ਗਈ ਰੋਹ ਭਰਪੂਰ ਰੈਲੀ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਪੰਜਾਬ ਤੇ ਯੂਟੀ ਇੰਪਲਾਈਜ਼ ਤੇ ਪੈਨਸ਼ਨਰਜ਼ ਐਕਸ਼ਨ ਕਮੇਟੀ ਦੇ ਸੱਦੇ ‘ਤੇ ਪੰਜਾਬ ਦੇ ਮੁਲਾਜ਼ਮਾਂ-ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਵੱਡੀ ਗਿਣਤੀ ‘ਚ ਕਰਮਚਾਰੀ ਬੱਸ ਸਟੈਂਡ ਨੇੜਲੇ ਪੁਲ ਹੇਠਾਂ ਇਕੱਠੇ ਹੋਏ ਤੇ ਇੱਥੇ ਜੰਮ ਕੇ ਸਰਕਾਰ ਖਿਲਾਫ ਨਾਰਅੇਬਾਜ਼ੀ ਕੀਤੀ ਗਈ। ਇਕੱਠੇ ਹੋਏ ਇਨ੍ਹਾਂ ਮੁਲਾਜ਼ਮਾਂ ਨੇ ਮੁੱਖ ਮੰਤਰੀ ਦੇ ਮੋਤੀ ਮਹਿਲਾਂ ਨੂੰ ਘੇਰਨ ਲਈ ਰੋਹ ਭਰਪੂਰ ਰੈਲੀ ਕੱਢਦਿਆਂ ਬੱਸ ਸਟੈਂਡ ਤੋਂ ਮੋਤੀ ਮਹਿਲ ਵੱਲ ਨੂੰ ਚਾਲੇ ਪਾ ਦਿੱਤੇ। ਜਿੱਥੇ ਇਨ੍ਹਾਂ ਨੂੰ ਭਾਰੀ ਪੁਲਿਸ ਫੋਰਸ ਨੇ ਫੁਹਾਰਾ ਚੌਂਕ ਨੇੜੇ ਰੋਕ ਲਿਆ, ਜਿਸ ਕਾਰਨ ਕਈ ਘੰਟੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਤੇ ਵਾਹਨਾਂ ਦੀਆਂ ਕਈ-ਕਈ ਕਿੱਲੋਮੀਟਰ ਤੱਕ ਲੰਮੀਆਂ ਲਾਈਨਾਂ ਲੱਗ ਗਈਆਂ।
ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਸੱਜਣ ਸਿੰਘ, ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ, ਜਗਦੀਸ਼ ਸਿੰਘ ਚਾਹਲ, ਰਣਧੀਰ ਸਿੰਘ ਢਿੱਲੋਂ ਗੁਰਮੇਲ ਸਿੰਘ ਮੈਡਲੇ ਨੇ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਪੂਰੀਆਂ ਕੀਤੀਆਂ ਜਾਣ। ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਵਾਨੀ ਦਿੰਦਿਆਂ ਕਿਹਾ ਕਿ ਜੇਕਰ ਕਰਮਚਾਰੀਆਂ ਦੀਆਂ ਮੰਗਾਂ ਦਾ ਨਿਆਪੂਰਨ ਨਿਪਟਾਰਾ ਨਾ ਕੀਤਾ ਤਾਂ ਪੰਜਾਬ ਦੇ ਮੁਲਾਜ਼ਮਾਂ ਦੇ ਸਿਰਮੌਰ ਬਜ਼ੁਰਗ ਆਗੂ ਸੱਜਣ ਸਿੰਘ ਵੱਲੋਂ ਕਿਸੇ ਦਿਨ ਵੀ ਢੁੱਕਵੇਂ ਸਮੇਂ ‘ਤੇ ਆਪਣਾ ਚੌਥਾ ਮਰਨ ਵਰਤ ਚੰਡੀਗੜ੍ਹ ਸ਼ੁਰੂ ਕਰ ਦਿੱਤਾ ਜਾਵੇਗਾ।
ਇਸ ਮੌਕੇ ਰੈਲੀ ਦੌਰਾਨ 11 ਨਵੰਬਰ ਨੂੰ ਚੰਡੀਗੜ੍ਹ ਵਿਖੇ ਜੱਥੇਬੰਦਕ ਕਨਵੈਨਸ਼ਨ ਕੀਤੇ ਜਾਣ, 15 ਨਵੰਬਰ ਵਿੱਤ ਮੰਤਰੀ ਦੇ ਵਿਧਾਨ ਸਭਾ ਹਲਕਾ ਬਠਿੰਡਾ, 27 ਨਵੰਬਰ ਨੂੰ ਮੋਹਾਲੀ, 6 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਵਿੱਦਿਆ ਮੰਤਰੀ ਤੇ ਲੋਕਲ ਬਾਡੀ ਮੰਤਰੀ ਵਿਧਾਨ ਸਭਾ ਹਲਕਿਆ ਤੇ 20 ਦਸੰਬਰ ਨੂੰ ਖੁਰਾਕ ਸਪਲਾਈ ਮੰਤਰੀ ਦੇ ਵਿਧਾਨ ਸਭਾ ਹਲਕਾ ਲੁਧਿਆਣਾ ਵਿਖੇ ਜੋਨਲ ਰੈਲੀਆਂ ਤੇ ਝੰਡਾ ਮਾਰਚ ਕਰਨ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਮੁੱਖ ਮੰਤਰੀ ਅਤੇ ਮੁੱਖ ਸਕੱਤਰ ਦੇ ਨਾਂਅ ‘ਤੇ ਮੈਮੋਰੰਡਮ ਯਾਦ ਪੱਤਰ ਦੇ ਰੂਪ ਵਿੱਚ ਉੱਪ ਮੰਡਲ ਮੈਜਿਸਟੇਟ ਨੇ ਪ੍ਰਾਪਤ ਕੀਤਾ ਅਤੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਵਿੱਤ ਵਿਭਾਗ ਨਾਲ 30 ਅਕਤੂਬਰ ਨੂੰ ਮੁਲਾਜਮ ਆਗੂਆਂ ਦੀ ਮੀਟਿੰਗ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ। ਇਸ ਮੌਕੇ ਰਣਜੀਤ ਸਿੰਘ ਰਾਣਵਾਂ, ਹਰਭਜਨ ਸਿੰਘ ਪਿਲਖਣੀ, ਮੋਹਨ ਸਿੰਘ ਨੇਗੀ, ਅਸ਼ੀਸ਼ ਜੁਲਾਹਾ, ਕਰਤਾਰ ਸਿੰਘ ਪਾਲ, ਡੀ. ਪੀ. ਮੋੜ, ਉਤਮ ਸਿੰਘ ਬਾਗੜੀ, ਅਰਵਿੰਦਰ ਗੋਲਡੀ, ਅਮਰੀਕ ਸਿੰਘ, ਗੁਰਮੀਤ ਸਿੰਘ ਵਾਲੀਆ, ਸੁਖਚੈਨ ਸਿੰਘ ਖਹਿਰਾ, ਨਰਿੰਦਰ ਮੋਹਨ ਸ਼ਰਮਾ, ਦੁਰਗਾ ਬਾਈ, ਜਗਮੋਹਨ ਨੋਲੱਖਾ, ਜੋਗਿੰਦਰ ਸਿੰਘ, ਕੁਲਦੀਪ ਸਿੰਘ, ਖੁਸ਼ਵਿੰਦਰ ਕਪਿਲਾ, ਦੀਪ ਚੰਦ ਹੰਸ, ਜਗਜੀਤ ਸਿੰਘ ਦੁਆ, ਮੇਲਾ ਸਿੰਘ, ਗੁਰਵੰਤ ਸਿੰਘ ਆਦਿ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।