ਨਾਮਪ੍ਰੀਤ ਸਿੰਘ ਗੋਗੀ
ਹਰ ਸਾਲ ਇਸਤਰੀ ਦਿਵਸ ਮਨਾ ਕੇ ਦੇਸ਼ ਅਤੇ ਪੂਰੀ ਦੁਨੀਆਂ ਵਿੱਚ ਔਰਤ ਦੀ ਅਜ਼ਾਦੀ ਤੇ ਔਰਤਾਂ ਦੇ ਨਾਲ-ਨਾਲ ਸਮੁੱਚੇ ਸਮਾਜ ਵਿੱਚ ਇਸ ਪ੍ਰਤੀ ਜਾਗਰੂਕਤਾ ਦਾ ਹੋਰ ਪਸਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਗੱਲ ਵਿੱਚ ਕੋਈ ਝੂਠ ਨਹੀਂ ਹੈ ਕਿ ਸਦੀਆਂ ਤੋਂ ਔਰਤ ਅਨੇਕਾਂ ਢੰਗ-ਤਰੀਕਿਆਂ ਨਾਲ ਮਰਦ ਜਾਤ ਦਾ ਦਬਾਅ ਰਹਿੰਦੀ ਆ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਔਰਤਾਂ ਦੇ ਹੱਕ ਵਿੱਚ ਉਠਾਈ ਅਵਾਜ ਸਮੇਂ ਨਾਲ ਅਨੇਕਾਂ ਦੇਸ਼ਾਂ ਵਿੱਚ ਗੂੰਜੀ ਅਤੇ ਔਰਤ ਨੇ ਖੁਦ ਇਸ ਲਈ ਸੰਘਰਸ਼ ਕੀਤਾ। ਫਿਰ ਕਿਤੇ ਜਾ ਕੇ ਭਾਰਤ ਵਿੱਚ ਵੀ ਗੁਲਾਮੀ ਹੰਢਾਉਂਦੀ ਔਰਤ ਨੂੰ ਦੇਸ਼ ਦੀ ਅਜਾਦੀ ਤੋਂ ਬਾਅਦ ਸੰਵਿਧਾਨ ਵਿੱਚ ਮਰਦ ਦੇ ਬਰਾਬਰ ਅਧਿਕਾਰ ਨਸੀਬ ਹੋਏ। ਪਰ ਅਫਸੋਸ ਅੱਜ ਵੀ ਮਰਦਾਂ ਦੇ ਵੱਡੇ ਹਿੱਸੇ ਵਿੱਚ ਔਰਤ ਨੂੰ ਬਰਾਬਰ ਨਹੀਂ ਸਮਝਿਆ ਜਾਂਦਾ।
ਹੈਰਾਨੀਜਨਕ ਹੈ ਕਿ ਅੱਜ ਵੀ ਉਸਦੀ ਅਜ਼ਾਦ ਹਸਤੀ ਨੂੰ ਚੰਗੀ ਨਾਰੀ ਕਬੂਲਣ ਤੋਂ ਹਿਚਖਿਚਾਹਟ ਦਿਖਾਈ ਜਾਂਦੀ ਹੈ। ਭਾਵ ਕਿ ਅਜਾਦੀ ਤੋਂ ਬਾਅਦ ਮਿਲੇ ਬਰਾਬਰ ਦੇ ਅਧਿਕਾਰਾਂ ਤੋਂ ਬਾਅਦ ਅੱਜ ਵੀ ਇਸਤਰੀਆਂ ਵਿੱਚ ਅਸੁਰੱਖਿਅਤਾ ਦੀ ਭਾਵਨਾ ਦਾ ਬੋਝ ਪਾਇਆ ਜਾ ਰਿਹਾ ਹੈ। ਅਸੁਰੱਖਿਅਤਾ ਦੀ ਭਾਵਨਾ ਦੇ ਬਾਵਜ਼ੂਦ ਸਾਡੇ ਦੇਸ਼ ਨੂੰ ਵਿਕਸਿਤ ਅਤੇ ਸਮਾਜ ਨੂੰ ਸਿਹਤਮੰਦ ਕਹਿਣਾ ਸ਼ਾਇਦ ਕੋਰਾ ਝੂਠ ਹੈ। ਕੁੱਝ ਸਮੇਂ ਤੋਂ ਆਈ ਨੈਤਿਕ ਕਦਰਾਂ-ਕੀਮਤਾਂ ਵਿੱਚ ਗਿਰਾਵਟ ਅਤੇ ਢਿੱਲੀ ਅਮਨ-ਕਾਨੂੰਨ ਦੀ ਵਿਵਸਥਾ ਦੇ ਸਿੱਟੇ ਵਜੋਂ ਔਰਤ ਦੇ ਮਨ ‘ਚ ਸੁਰੱਖਿਆ ਦੀ ਥਾਂ ਅਸੁਰੱਖਿਆ ਦੀ ਭਾਵਨਾ ਨੇ ਜੋਰ ਫੜ ਲਿਆ ਹੈ।
ਜੇਕਰ ਦੇਖਿਆ ਜਾਵੇ ਤਾਂ ਔਰਤ ਜਨਮ ਤੋਂ ਪਹਿਲਾਂ ਮਾਂ ਦੀ ਕੁੱਖ ਵਿੱਚ, ਨਾ ਹੀ ਜਨਮ ਤੋਂ ਬਾਅਦ, ਨਾ ਹੀ ਗਲੀਆਂ-ਮੁਹੱਲਿਆਂ ਵਿੱਚ ਖੇਡਦੀ ਹੋਈ, ਨਾ ਹੀ ਸਕੂਲ ਜਾਂਦੀ ਹੋਈ, ਨਾ ਕਾਲਜ ਜਾਂਦੀ ਹੋਈ, ਨਾ ਵਿਆਹੀ ਹੋਈ, ਨਾ ਨੌਕਰੀ ਕਰਦੀ ਹੋਈ ਤੇ ਨਾ ਹੀ ਘਰੇਲੂ ਰੂਪ ਵਿੱਚ ਔਰਤ ਸੁਰੱਖਿਅਤ ਹੈ। ਇਸ ਤਰ੍ਹਾਂ ਔਰਤ ਨੂੰ ਸਮੇਂ-ਸਮੇਂ ‘ਤੇ ਅਸੁਰੱਖਿਆ ਦੀ ਭਾਵਨਾ ਦਾ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ ਹੈ। ਚਲਦੀ ਜਿੰਦਗੀ ਦੌਰਾਨ ਉਸ ਨੂੰ ਹਰ ਕੌੜੇ-ਮਿੱਠੇ ਪੜਾਅ ਵਿਚੋਂ ਦੀ ਗੁਜ਼ਰਨਾ ਪੈਂਦਾ ਹੈ। ਹਰ ਪੜਾਅ ਵਿੱਚ ਉਸ ਅੰਦਰਲੀ ਅਸੁਰੱਖਿਤਾ ਦੀ ਭਾਵਨਾ ਘਟਦੀ ਨਹੀਂ ਸਗੋਂ ਦਿਨੋ- ਦਿਨ ਵਧਦੀ ਨਜ਼ਰ ਆਉਂਦੀ ਹੈ। ਰਸਤੇ ਵਿੱਚ ਜਾਂਦੀ ਔਰਤ ਨੂੰ ਭੱਦਾ ਮਜ਼ਾਕ ਕੀਤਾ ਜਾਂਦਾ ਹੈ, ਤਰ੍ਹਾਂ-ਤਰ੍ਹਾਂ ਦੇ ਸੰਕੇਤਾਂ, ਇਸ਼ਾਰਿਆਂ ਨਾਲ ਉਸਦੇ ਨਿਸ਼ਾਨਾ ਸਿੰਨ੍ਹਿਆ ਜਾਂਦਾ ਹੈ। ਅਕਸਰ ਅਸੀਂ ਇਹ ਦੇਖਦੇ ਹਾਂ ਕਿ ਬੱਸਾਂ ਵਿੱਚ ਸੀਟ ਉੱਪਰ ਬੈਠੀ ਕਿਸੇ ਇਕੱਲੀ ਕੁੜੀ, ਔਰਤ ਨਾਲ ਜਾਣ-ਬੁੱਝ ਕੇ ਬੈਠਿਆ ਜਾਂਦਾ ਹੈ ਤੇ ਮਾੜੀ ਨੀਅਤ ਹੁੱਲੜਬਾਜ਼ੀ ਕੀਤੀ ਜਾਂਦੀ ਹੈ। ਕਿਧਰੇ ਨੌਕਰੀਪੇਸ਼ੇ ਦੌਰਾਨ ਵੀ ਔਰਤ ਨੂੰ ਬਲੈਕਮੇਲ ਕੀਤਾ ਜਾਂਦਾ ਹੈ, ਕਿਧਰੇ ਮੁੰਡਿਆਂ ਦੀ ਟੋਲੀ ਦੁਆਰਾ ਔਰਤ ਨੂੰ ਹਵਸ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਪਿਛਲੇ ਸਮੇਂ ਦੌਰਾਨ ਅਜਿਹੀਆਂ ਵਾਰਦਾਤਾਂ ਨਾਲ ਅਖ਼ਬਾਰ ਭਰੇ ਨਜ਼ਰ ਆਏ ਸਨ।
ਕਈ ਵਾਰ ਤਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣੀਆਂ ਖ਼ਬਰਾਂ ਪੜ੍ਹ ਕੇ ਸ਼ਰਮ ਮਹਿਸੂਸ ਹੁੰਦੀ ਹੈ ਕਿ ਇੱਕ ਕਲਿਯੁਗੀ ਬਾਪ ਜਾਂ ਭਰਾ ਵੱਲੋਂ ਆਪਣੀ ਧੀ/ਭੈਣ ਨਾਲ ਮੂੰਹ ਕਾਲਾ ਕੀਤਾ ਗਿਆ। ਜੇਕਰ ਔਰਤ ਵਿਆਹੀ ਜਾਂਦੀ ਹੈ ਤਾਂ ਉਸਦੀ ਕੀਤੀ ਗਈ ਪੜ੍ਹਾਈ, ਉਸਦੀ ਖੂਬਸੂਰਤੀ ਨੂੰ ਉਸਦੇ ਗੁਣਾਂ ਨੂੰ ਇੱਕ ਪਾਸੇ ਰੱਖ ਕੇ ਸਹੁਰਿਆਂ ਵੱਲੋਂ ਉਸ ਨਾਲ ਪਸ਼ੂਆਂ ਵਾਂਗ ਵਿਵਹਾਰ ਕੀਤਾ ਜਾਂਦਾ ਹੈ। ਦਾਜ ਖਾਤਿਰ ਤੰਗ-ਪਰੇਸ਼ਾਨ ਕੀਤਾ ਜਾਂਦਾ ਹੈ, ਇੱਥੋਂ ਤੱਕ ਕਿ ਤੇਲ, ਤੇਜ਼ਾਬ ਪਾ ਕੇ ਜਿੰਦਾ ਸਾੜਿਆ ਜਾਂਦਾ ਹੈ। ਅੱਜ ਦੇ ਇਸ ਮਾੜੇ ਸਮੇਂ ਵਿੱਚ ਆਪਣੇ ਹੀ ਪਤੀ ਨਾਲ ਜਾਂਦੀ ਹੋਈ ਔਰਤ ਵੀ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀ, ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਪਿੱਛੇ ਜਿਹੇ ਆਮ ਹੀ ਦੇਖੀਆਂ?ਗਈਆਂ।
ਜੇਕਰ ਥਾਣਿਆਂ ਵਿੱਚ ਰਿਪੋਰਟਾਂ ਕਰਵਾਈਆਂ ਜਾਂਦੀਆਂ ਹਨ ਤਾਂ ਪੈਸਿਆਂ ਦਾ ਬੋਲਬਾਲਾ ਜ਼ਿਆਦਾ ਹੋਣ ਕਾਰਨ ਜਾਂ ਦੋਸ਼ੀ ਦੀ ਰਾਜਨੀਤਕ ਪਹੁੰਚ ਹੋਣ ਕਾਰਨ ਜ਼ੁਲਮ ਦੀ ਸ਼ਿਕਾਰ ਔਰਤ ਦੀ ਸੁਣੀ ਨਹੀਂ ਜਾਂਦੀ। ਸਗੋਂ ਉਸਨੂੰ ਭੱਦੇ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਹੈ, ਥੱਕ-ਹਾਰ ਕੇ ਪੀੜਤ ਔਰਤ ਆਪਣੀ ਕੋਈ ਵਾਹ ਨਾ ਚਲਦੀ ਦੇਖ ਖੁਦਕੁਸ਼ੀ ਦਾ ਰਾਹ ਅਖਤਿਆਰ ਕਰ ਲੈਂਦੀ ਹੈ। ਕੁੱਝ ਸਮਾਂ ਪਹਿਲਾਂ ਯੂ. ਪੀ. ਸਾਈਡ ਤੋਂ ਇੱਕ ਵੀਡੀਓ ਵਾਇਰਲ ਹੋਈ ਸੀ। ਜਿਸ ਵਿੱਚ ਮੁੰਡਿਆਂ ਦੀ ਟੋਲੀ ਵੱਲੋਂ ਇੱਕ ਕੁੜੀ ਨਾਲ ਉਸਦੀ ਮਾਂ ਸਾਹਮਣੇ ਹੀ ਸ਼ਰੇਆਮ ਚਲਦੇ ਰਾਹ ਵਿੱਚ ਅਸ਼ਲੀਲ ਹਰਕਤਾਂ ਕੀਤੀਆਂ ਜਾਂਦੀਆਂ ਹਨ, ਉਹਨਾਂ ਦੋਵਾਂ ਮਾਵਾਂ-ਧੀਆਂ ਵੱਲੋਂ ਰੋ-ਰੋ ਕੇ ਹੱਥ ਜੋੜ ਕੇ ਮਿੰਨਤਾਂ ਵੀ ਕੀਤੀਆਂ ਜਾਂਦੀਆਂ ਹਨ। ਪਰ ਉਹਨਾਂ ‘ਤੇ ਕੋਈ ਅਸਰ ਨਹੀਂ ਸਗੋਂ ਉੱਚੀ-ਉੱਚੀ ਉਹਨਾਂ ਵੱਲੋਂ ਹੋਰ ਵੀ ਰੌਲ਼ਾ ਪਾ ਕੇ ਉਹਨਾਂ ਮਾਵਾਂ-ਧੀਆਂ ਨੂੰ ਹੋਰ ਤੰਗ ਕੀਤਾ ਜਾਂਦਾ ਹੈ।
ਰਾਹਗੀਰ ਵੀ ਇਹਨਾਂ ਗੁੰਡਿਆਂ ਤੋਂ ਡਰਦੇ ਉੱਥੇ ਰੁਕਣ ਦਾ ਹੌਂਸਲਾ ਨਹੀਂ ਜੁਟਾ ਪਾ ਰਹੇ ਸਨ। ਹੁਣ ਆਪ ਹੀ ਅੰਦਾਜ਼ਾ ਲਾ ਕੇ ਵੇਖ ਲਵੋ ਕਿ ਅਜਿਹਾ ਹੁੰਦਾ ਵੇਖ ਔਰਤ ਕਿੰਝ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੇਗੀ? ਜੇਕਰ ਕਾਨੂੰਨ ‘ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਕਾਨੂੰਨ ਦੀ ਨਜ਼ਰ ਵਿੱਚ ਔਰਤ ਤੇ ਮਰਦ ਬਰਾਬਰ ਹਨ। ਪਰ ਫਿਰ ਵੀ ਔਰਤ ਨਾਲ ਹੀ ਦਰਿੰਦਗੀ ਕਿਉਂ, ਕਾਨੂੰਨ ਨੂੰ ਪੈਸਿਆਂ ਨਾਲ ਤੋਲਣ ਵਾਲਿਆਂ ‘ਤੇ ਕਾਰਵਾਈ ਕਿਉਂ ਨਹੀਂ? ਮਿਲੇ ਅੰਕੜਿਆਂ ਮੁਤਾਬਿਕ ਦੇਸ਼ ਭਰ ਵਿੱਚ ਹਰ ਮਹੀਨੇ ਤਕਰੀਬਨ 450 ਅਜਿਹੇ ਮਾਮਲੇ ਦਰਜ ਹੁੰਦੇ ਹਨ ਜਿਨ੍ਹਾਂ ‘ਚ ਔਰਤ ਨੂੰ ਦਰਿੰਦਗੀ ਦਾ ਸ਼ਿਕਾਰ ਬਣਾ ਕੇ ਉਸ ਉੱਪਰ ਤੇਜਾਬ ਸੁੱਟਿਆ ਜਾਂਦਾ ਹੈ ਦੇਸ਼ ਦੀਆਂ ਅਦਾਲਤਾਂ ਭਾਵੇਂ ਔਰਤ ਦੇ ਇਹਨਾਂ ਮਾਮਲਿਆਂ ਵਿੱਚ ਕਾਫੀ ਸ਼ਖਤ ਹੋਈਆਂ ਹਨ ਪਰ ਅਫਸੋਸ ਇਸ ਗੱਲ ਦਾ ਹੈ ਕਿ ਸਖ਼ਤ ਕਾਨੂੰਨ ਬਣਾਏ ਜਾਣ ਦੇ ਬਾਵਜੂਦ ਵੀ ਅਜਿਹੀਆਂ ਘਟਨਾਵਾਂ ਵਿੱਚ ਕਮੀ ਨਹੀਂ ਆ ਰਹੀ। ਜਿਸਨੇ ਅੱਜ ਸਾਡੇ ਸਮਾਜ ਨੂੰ ਇੱਕ ਵੱਡੀ ਚਿੰਤਾ ਵਿੱਚ ਪਾਇਆ ਹੋਇਆ ਹੈ। ਇਸ ਪ੍ਰਤੀ ਅੱਜ ਔਰਤਾਂ ਪ੍ਰਤੀ ਸੱਚ ਬੋਲਣ ਦੀ ਜਰੂਰਤ ਹੈ, ਜਰੂਰਤ ਹੈ ਇਸ ਅਸੁਰੱਖਿਆ ਦੀ ਭਾਵਨਾ ਹੇਠ ਦੱਬੀ ਔਰਤ ਨੂੰ ਬਾਹਰ ਕੱਢ ਸੁੱਰਖਿਅਤ ਮਹਿਸੂਸ ਕਰਵਾਉਣ ਦੀ। ਆਓ! ਆਪਣਾ ਇਹ ਫਰਜ਼ ਪਛਾਣੀਏ ਅਤੇ ਉਸ ਅਜਾਦ ਹਸਤੀ ਔਰਤ ਨੂੰ ਆਜ਼ਾਦ ਮੰਨੀਏ ਅਜਿਹੀ ਵਿਵਸਥਾ ਕਾਇਮ ਕਰੀਏ ਕਿ ਇਸ ਵਿੱਚ ਔਰਤ ਨਿਰਭੈ ਹੋ ਕੇ ਅਜ਼ਾਦ ਜਿੰਦਗੀ ਜੀਵੇ ਅਜਿਹੇ ਸੁਰੱਖਿਅਤ ਵਾਤਾਵਰਨ ਦੀ ਉਸਾਰੀ ਕਰੀਏ!
ਆਈ.ਈ.ਵੀ. ਅਧਿਆਪਕ,
ਸਰਕਾਰੀ ਪ੍ਰਾਇਮਰੀ ਸਕੂਲ (ਕੁੜੀਆਂ), ਰਾਏਕੋਟ, ਲੁਧਿਆਣਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।