ਚਿੱਬੜਾਂ ਦੀ ਚਟਣੀ
ਪਿੰਡ ਤੋਂ ਤੁਰਨ ਲੱਗਣਾ ਤਾਂ ਬੇਬੇ ਨੇ ਚਿੱਬੜਾਂ ਦੇ ਬਣਾਏ ਦੋ ਹਾਰ ਦੋਨੋਂ ਭੂਆ ਨੂੰ ਲਿਫਾਫੇ ’ਚ ਪਾ ਫੜ੍ਹਾ ਦੇਣੇ ਕੇਰਾਂ ਭੂਆ ਬੇਬੇ ਨੂੰ ਕਹਿੰਦੀ ਕਿ ਭਾਬੀ ਐਤਕੀਂ ਸੂਟ ਬੇਸ਼ੱਕ ਨਾ ਬਣਾ ਕੇ ਦਿਓ… ਪਰ ਮੈਨੂੰ ਚਿੱਬੜਾਂ ਦੇ ਦੋ ਹਾਰ ਦੇ ਦੇਣਾ ਕਿੱਡੀ ਕੀਮਤੀ ਚੀਜ ਸੀ ਉਹ ਚਿੱਬੜ, ਜਿੰਨ੍ਹਾਂ ਦੀ ਚਟਨੀ ਬਣਦੀ ਤੇ ਰੋਟੀ ਦਾ ਸਵਾਦ ਪਨੀਰ ਤੋਂ ਘੱਟ ਨਹੀਂ ਸੀ ਆਉਂਦਾ ਪਿੰਡ ਜਦੋਂ ਭੂਆ ਨਾਲ ਮਿਲਣ ਫੁੱਫੜ ਆਉਂਦਾ ਤਾਂ ਖੂਬ ਸੇਵਾ ਹੁੰਦੀ। ਅਗਲੀ ਸਵੇਰ ਦੀ ਰੋਟੀ ਵੇਲੇ ਭੂਆ ਆਖਦੀ, ‘‘ਸੀਬੋ ਐਵੇਂ ਨਾ ਸਬਜ਼ੀਆਂ ਬਣਾਉਂਦੀ ਕਮਲੀ ਹੋਜੀਂ, ਥੋਡੇ ਭਾਜੀ ਨੂੰ ਤਾਂ ਕੱਦੂ ਦੇ ਰੈਤੇ ਨਾਲ ਚਿੱਬੜਾਂ ਦੀ ਚਟਣੀ ਬਹੁਤ ਪਸੰਦ ਏ’’ ਬੇਬੇ ਨੇ ਜਦੇ ਹੀ ਬਾਪੂ ਨੂੰ ਕਹਿਣਾ ਕਿ ਜਾਹ ਲੱਛੂ ਸਬਜੀ ਵਾਲੇ ਤੋਂ ਕੱਦੂ ਲਿਆ ਕੱਦੂ ਆਉਣੇ ਤਾਂ ਕੱਦੂਕਸ਼ ਕਰ ਉਬਾਲ ਕੇ ਦਹੀਂ ’ਚ ਪਾ ਰੈਤਾ ਬਣਾ ਲਿਆ ਜਾਂਦਾ ਤੇ ਨਾਲ ਚਿੱਬੜਾਂ ਦੀ ਚਟਣੀ
ਫੁੱਫੜ ਨੇ ਬੱਸ ਬੱਸ ਕਰਦੇ ਪੰਜ-ਛੇ ਰੋਟੀਆਂ ਖਾ ਜਾਣੀਆਂ ਬਾਕੀ ਸਾਰੇ ਮੈਂਬਰਾਂ ਨੂੰ ਚਟਣੀ ਨਾ ਮਿਲਣੀ ਬਚੀ ਚਟਣੀ ਮੇਰੀ ਮਾਂ ਨੇ ਸਟੀਲ ਦੀ ਡੱਬੀ ’ਚ ਪਾ ਦੇਣੀ ਕਿ ਇਹਨੂੰ ਨਾ ਛੇੜਿਉ, ਥੋਡੀ ਭੂਆ ਨੇ ਲੈ ਕੇ ਜਾਣੀ ਏ। ਤੁਰਨ ਲੱਗੇ ਚਿੱਬੜਾਂ ਦਾ ਹਾਰ ਤੇ ਉਹ ਚਟਣੀ ਕਾਰ ’ਚ ਰੱਖ ਦਿੱਤੀ ਜਾਂਦੀ ਫੁੱਫੜ ਹਰ ਵਾਰ ਦੀ ਤਰ੍ਹਾਂ ਭੂਆ ਦੇ ਕੰਨ ਕੋਲ ਜਾ ਉਹਨੂੰ ਪੁੱਛਦਾ ਕਿ ਚਿੱਬੜ ਲੈ ਲਏ ਸੀ? ਭੂਆ ਕਾਰ ਵੱਲ ਇਸ਼ਾਰਾ ਕਰਦੀ। ਉਸ ਫੁੱਫੜ ਦਾ ਤਾਂ ਨਾਂਅ ਵੀ ਚਿੱਬੜਾਂ ਵਾਲਾ ਫੁੱਫੜ ਪੈ ਗਿਆ ਸੀ ਕਿੱਡਾ ਸੋਹਣਾ ਜਿਹਾ ਮਾਹੌਲ ਹੁੰਦਾ ਸੀ ਉਹ
ਜ਼ਿੰਦਗੀ ਦੀ ਰੀਲ ਘੁੰਮਦੀ ਗਈ ਸੀਬੋ ਵੀ ਸੱਸ ਬਣ ਗਈ ਮਤਲਬ ਕਿ ਮੇਰਾ ਵਿਆਹ ਹੋਇਆ ਘਰ ’ਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਦੇ ਕਦੇ-ਕਦੇ ਫੁੱਫੜ ਤੇ ਸੀਬੋ ਦਾ ਜੁਆਈ ਇਕੱਠੇ ਸਹੁਰੀਂ ਟੱਕਰਦੇ ਤਾਂ ਸਵੇਰੇ ਸੀਬੋ ਦਾ ਜੁਆਈ ਪਨੀਰ ਦੀ ਭੁਰਜੀ ਨਾਲ ਰੋਟੀ ਖਾਂਦਾ ਤੇ ਫੁੱਫੜ ਚਟਣੀ ਨਾਲ ਕੇਰਾਂ ਸੀਬੋ ਦੇ ਜੁਆਈ ਨੂੰ ਚਟਣੀ ਰੈਤੇ ਨਾਲ ਰੋਟੀ ਖਵਾ ਦਿੱਤੀ ਤਾਂ ਸਹੁਰੇ ਜਾ ਮੈਨੂੰ ਮਿਹਣੇ ਮਿਲੇ ਕਿ ਨੰਗਾਂ ਦੇ ਪੁੱਤ ਵਿਹਾਤਾ… ਜੁਆਈ ਭਾਈ ਨੂੰ ਭਲਾ ਕੌਣ ਚਟਣੀ ਨਾਲ ਰੋਟੀ ਖਵਾਉਂਦਾ ਉਹ ਦਿਨ ਗਿਆ ਅੱਜ ਦਾ ਦਿਨ ਆਇਆ ਮੇਰੇ ਪੇਕਿਆਂ ਕਦੇ ਇਸ ਮੌਡਰਨ ਜਵਾਈ ਨੂੰ ਚਟਣੀ ਨਾਲ ਰੋਟੀ ਨਾ ਖਵਾਈ।
ਮੇਰੇ ਮਨ ’ਚ ਬੜੀ ਰੀਝ ਸੀ ਕਿ ਫੁੱਫੜ ਦੇ ਸੁਭਾਅ ਵਰਗਾ ਮੇਰਾ ਘਰਵਾਲਾ ਹੋਵੇ ਪਰ ਨਹੀਂ ਸੀ ਨਸੀਬਾਂ ’ਚ ਬੇਬੇ ਦੇ ਜੋਰ ਪਾਉਣ ’ਤੇ ਸੀਬੋ ਮਾਂ ਨੇ ਭੂਆ ਹੋਣਾਂ ਵਾਂਗ ਮੈਨੂੰ ਵੀ ਚਿੱਬੜਾਂ ਦਾ ਹਾਰ ਲਿਫਾਫੇ ’ਚ ਪਾ ਕੇ ਦੇਣਾ ਪਰ ਮੇਰੇ ਸਹੁਰੇ ਕੋਈ ਚਿੱਬੜਾਂ ਨੂੰ ਨਹੀਂ ਸੀ ਪਸੰਦ ਕਰਦਾ ਹਾਰ ਪੇਕਿਉਂ ਜਾਂਦੇ ਤਾਂ ਸਹੀ ਪਰ ਰਸੋਈ ਤੀਕ ਨਾ ਪੁੱਜਦੇ ਮਾਂ ਦੇ ਜੁਆਈ ਨੇ ਲਿਫਾਫਾ ਫੜ੍ਹ ਰਾਹ ’ਚ ਆਉਂਦੀ ਨਹਿਰ ’ਚ ਸੁੱਟ ਦੇਣਾ ਮੈਂ ਕੀ ਬੋਲਦੀ…!
ਕੇਰਾਂ ਮੈਨੂੰ ਵੀਰਾ ਪੇਕਿਆਂ ਤੋਂ ਛੱਡਣ ਆਇਆ ਤੇ ਚਿੱਬੜਾਂ ਦਾ ਉਹ ਹਾਰ ਮੇਰੇ ਕੋਲ ਸੀ ਨਹਿਰ ਕੋਲ ਦੀ ਲੰਘਣ ਲੱਗੇ ਤਾਂ ਮੈਂ ਆਵਦਾ ਬੈਗ ਘੁੱਟ ਕੇ ਫੜ੍ਹ ਲਿਆ ਵੀਰੇ ਨੇ ਕਿਹਾ ਕਿ ਨਹਿਰ ਵਾਲੇ ਨਲਕੇ ਦਾ ਪਾਣੀ ਮਿੱਠਾ ਤੇ ਮੈਂ ਪੀਣਾ ਅਸੀਂ ਰੁਕੇ ਪਰ ਮੈਂ ਪਾਣੀ ਨਾ ਪੀਤਾ ਮੈਨੂੰ ਨਹਿਰ ਨਾਲ ਗੁੱਸਾ ਸੀ ਕਿ ਮੇਰੇ ਪੇਕਿਆਂ ਦੇ ਚਿੱਬੜ ਉਹ ਖਾ ਗਈ ਚਿੱਤ ਕਰੇ ਕਿ ਚੁੱਭੀ ਮਾਰ ਆਵਦੇ ਚਿੱਬੜਾਂ ਦੇ ਹਾਰ ਕੱਢ ਲਵਾਂ ਤਾਣੀ ਬੁਣਦੇ-ਬਣਾਉਂਦੇ ਮੈਂ ਵੀਰੇ ਨਾਲ ਉੱਥੋਂ ਸਹੁਰਿਆਂ ਨੂੰ ਚੱਲ ਪਈ ਇਸ ਵਾਰ ਮੇਰੇ ਕੋਲ ਖਜ਼ਾਨਾ ਸੀ… ਚਿੱਬੜਾਂ ਦਾ ਹਾਰ
ਅਸੀਂ ਪੁੱਜੇ ਤੇ ਮੈਂ ਕਮਰੇ ’ਚ ਜਾ ਉਹ ਹਾਰ ਬੈਗ ’ਚੋਂ ਕੱਢ ਰਸੋਈ ’ਚ ਬਣੀ ਅਲਮਾਰੀ ’ਚ ਚਿਰਾਂ ਦੇ ਪਏ ਕਾਲੇ ਕੁੱਜੇ ’ਚ ਲਕੋ ਦਿੱਤਾ ਉਹ ਕੁੱਜਾ ਮਾਘ ਚੜ੍ਹੇ ਤੋਂ ਖਿਚੜੀ ਬਣਾਉਣ ਲਈ ਕੱਢਿਆ ਜਾਂਦਾ ਅੱਗੇ-ਪਿੱਛੇ ਉਹਨੂੰ ਕੋਈ ਨਹੀਂ ਛੇੜਦਾ ਚਾਹ-ਪਾਣੀ ਪੀ ਵੀਰ ਪਿੰਡ ਨੂੰ ਮੁੜ ਗਿਆ ਉਸ ਦਿਨ ਮਗਰੋਂ ਮੈਂ ਰੋਜ਼ ਉਸ ਕੁੱਜੇ ਨੂੰ ਸੁੰਘ ਲੈਂਦੀ ਜਿਸ ’ਚ ਮੇਰੇ ਪੇਕਿਆਂ ਦੀ ਮਹਿਕ ਵੱਸੀ ਹੋਈ ਸੀ ਤੇ ਇੰਤਜ਼ਾਰ ’ਚ ਸੀ ਕਿ ਜਿਸ ਦਿਨ ਸੱਸ ਤੇ ਘਰਵਾਲਾ ਘਰ ਨਾ ਹੋਇਆ ਉਸ ਦਿਨ ਕੂੰਡੇ ’ਚ ਚਟਣੀ ਰਗੜ ਕੇ ਖਾਵਾਂਗੀ ਚੀਜਾਂ ਆਵਦਿਆਂ ਨਾਲ ਜੋੜੀ ਰੱਖਦੀਆਂ ਤੇ ਕਈ ਵਾਰ ਆਵਦੇ ਹੀ ਤਹਾਨੂੰ ਆਵਦਿਆਂ ਨਾਲੋਂ ਤੋੜੀ ਰੱਖਦੇ ਹਨ
ਰਾਜਿੰਦਰ ਕੁਮਾਰ ਸ਼ਰਮਾ,
ਰਿਟਾ. ਫਾਰੈਸਟ ਅਫਸਰ
ਮੋ. 99635-12563
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ