ਸੋਨੀ ਟੀਵੀ ਵੱਲੋਂ ਕਾਮੇਡੀ ਸ਼ੋਅ ‘ਚ ਹਟਾਉਣ ਦੀਆਂ ਖ਼ਬਰਾਂ ਸਿਰਫ਼ ਰੌਲਾ
ਗੁਰਦਾਸਪੁਰ (ਸਰਬਜੀਤ ਸਾਗਰ) | ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਹੋਏ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਵਿਵਾਦਤ ਬਿਆਨ ਦੇਣ ਕਾਰਨ ਦੇਸ਼ ਭਰ ‘ਚ ਵਿਰੋਧ ਝੱਲਣ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਅੱਜ ਵੀ ਆਪਣੇ ਵੱਲੋਂ ਦਿੱਤੇ ਬਿਆਨ ‘ਤੇ ਖੜ੍ਹੇ ਹਨ ਅਤੇ ਉਨ੍ਹਾਂ ਨੂੰ ਇਸਦਾ ਕੋਈ ਪਛਤਾਵਾ ਨਹੀਂ।
ਹਾਲਾਂਕਿ ਪਹਿਲਾਂ ਉਨ੍ਹਾਂ ਨੇ ਇਸਦੇ ਲਈ ਮੀਡੀਆ ਨੂੰ ਕਸੂਰਵਾਰ ਠਹਿਰਾਉਂਦਿਆਂ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਗੱਲ ਆਖੀ ਸੀ ਪਰ ਅੱਜ ਦੀਨਾਨਗਰ ‘ਚ ਉਨ੍ਹਾਂ ਆਪਣੇ ਬਿਆਨ ਨੂੰ ਸਹੀ ਦੱਸਿਆ। ਪੱਤਰਕਾਰਾਂ ਵੱਲੋਂ ਦਹਿਸ਼ਤਗਰਦੀ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਦੇ ਸਵਾਲ ਨੂੰ ਉਹ ਵਾਰ-ਵਾਰ ਟਾਲਦੇ ਰਹੇ ਅਤੇ ਕਿਹਾ ਕਿ ਸਾਨੂੰ ਅੱਤਵਾਦੀਆਂ ਦੇ ਮਨਸੂਬਿਆਂ ਨੂੰ ਮਾਰਨ ਦੀ ਲੋੜ ਹੈ। ਜਿਸਦੇ ਲਈ ਵਿਕਾਸ ਦੇ ਕੰਮ ਜਾਰੀ ਰਹਿਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਜੋ ਮਰਜੀ ਹੋ ਜਾਵੇ ਸਾਨੂੰ ਚੰਦ ਅਤਿਵਾਦੀਆਂ ਦੇ ਅੱਗੇ ਗੋਡੇ ਟੇਕਣ ਦੀ ਲੋੜ ਨਹੀਂ ਅਤੇ ਸਿਰਫ਼ ਅਸਲੀ ਗੁਨਾਹਗਾਰਾਂ ਨੂੰ ਹੀ ਸਜ਼ਾ ਮਿਲਣੀ ਚਾਹੀਦੀ ਹੈ।
ਸੋਨੂੰ ਟੀਵੀ ਦੇ ‘ਕਪਿਲ ਸ਼ਰਮਾ ਕਾਮੇਡੀ ਸ਼ੋਅ’ ਵਿੱਚੋਂ ਬਾਹਰ ਕੀਤੇ ਜਾਣ ਦੀਆਂ ਖ਼ਬਰਾਂ ਨੂੰ ਨਵਜੋਤ ਸਿੰਘ ਸਿੱਧੂ ਨੇ ਸਿਰੇ ਤੋਂ ਖ਼ਾਰਜ ਕੀਤਾ ਅਤੇ ਕਿਹਾ ਕਿ ਇਸ ਸਬੰਧੀ ਟੀਵੀ ਚੈਨਲ ਵੱਲੋਂ ਕੋਈ ਅਧਿਕਾਰਿਤ ਤੌਰ ‘ਤੇ ਜਾਣਕਾਰੀ ਨਸ਼ਰ ਨਹੀਂ ਕੀਤੀ ਗਈ ਹੈ। ਕੁਝ ਲੋਕ ਮੁਫ਼ਤ ‘ਚ ਰੌਲਾ ਪਾ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।