ਮਲੂਕਾ ਸਾਹਿਬ ਨੇ ਸਮਝਾਇਆ ਪਰ ਅਸੀਂ ਆਪਣਾ ਫੈਸਲਾ ਦੱਸ ਦਿੱਤਾ ਸੀ : Parampal Kaur Maluka
ਬਠਿੰਡਾ/ਤਲਵੰਡੀ ਸਾਬੋ (ਸੁਖਜੀਤ ਮਾਨ/ਕਮਲਪ੍ਰੀਤ)। ‘ਮੈਂ ਸਰਵਿਸ ਤੋਂ ਬਾਅਦ ਆਪਣੀ ਸਿਆਸੀ ਪਾਰੀ ਸ਼ੁਰੂ ਕਰਨ ਜਾ ਰਹੀ ਹਾਂ ਤੇ ਇਸ ਲਈ ਭਾਜਪਾ ਨੂੰ ਚੁਣਿਆ ਹੈ। ਇਹ ਕਹਿਣਾ ਗਲਤ ਹੈ ਕਿ ਅਕਾਲੀ ਦਲ ਨੂੰ ਛੱਡਿਆ ਹੈ ਕਿਉਂਕਿ ਇਸ ਤੋਂ ਪਹਿਲਾਂ ਤਾਂ ਉਹ ਬਤੌਰ ਅਫਸਰ ਡਿਊਟੀ ਕਰਦੇ ਸਨ ਕਿਸੇ ਪਾਰਟੀ ’ਚ ਨਹੀਂ ਸੀ।’ ਇਹ ਪ੍ਰਗਟਾਵਾ ਸੇਵਾ ਮੁਕਤ ਆਈਏਐੱਸ ਅਫਸਰ ਪਰਮਪਾਲ ਕੌਰ ਮਲੂਕਾ ਨੇ ਇੱਕ ਇੰਟਰਵਿਊ ਦੌਰਾਨ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ ਇਸ ਲਈ ਭਾਜਪਾ ਨੂੰ ਹੀ ਚੁਣਿਆ ਗਿਆ। (Parampal Kaur Maluka)
ਭਾਜਪਾ ’ਚ ਸ਼ਾਮਲ ਹੋਣ ਤੋਂ ਪਹਿਲਾਂ ਸਿਕੰਦਰ ਸਿੰਘ ਮਲੂਕਾ ਵੱਲੋਂ ਰੋਕਣ ਦੀਆਂ ਕੋਸ਼ਿਸ਼ਾਂ ਸਬੰਧੀ ਪੁੱਛਣ ’ਤੇ ਪਰਮਪਾਲ ਕੌਰ ਮਲੂਕਾ ਨੇ ਕਿਹਾ ਕਿ ‘ਉਨ੍ਹਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਵੀ ਆਪਣਾ ਜੋ ਫੈਸਲਾ ਸੀ ਉਸ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਤੇ ਆਖਰ ਇਹੋ ਫੈਸਲਾ ਹੋਇਆ ਕਿ ਜੋ ਸਾਡਾ ਫੈਸਲਾ ਹੈ ਉਸ ਨੂੰ ਲਾਗੂ ਕਰਾਂਗੇ ਤੇ ਜੋ ਉਹ ਚਾਹੁੰਦੇ ਨੇ ਉਹ ਕਰਨ, ਪਰਿਵਾਰਕ ਤੌਰ ’ਤੇ ਅਸੀਂ ਇਕੱਠੇ ਹਾਂ’। ਨੂੰਹ-ਪੁੱਤ ਦੀ ਭਾਜਪਾ ’ਚ ਸ਼ਮੂਲੀਅਤ ਮਗਰੋਂ ਸਿਕੰਦਰ ਸਿੰਘ ਮਲੂਕਾ ਦੇ ਭਾਜਪਾ ’ਚ ਆਉਣ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ’ਤੇ ਕੋਈ ਦਬਾਅ ਨਹੀਂ ਪਾਇਆ ਜਾਵੇਗਾ ਤੇ ਸਿਆਸੀ ਤੌਰ ’ਤੇ ਉਹ ਬਹੁਤ ਸਿਆਣੇ ਹਨ, ਜਿੱਥੇ ਉਹ ਖੜ੍ਹਨਾ ਚਾਹੁਣਗੇ ਉਨ੍ਹਾਂ ਦੀ ਮਰਜ਼ੀ ਹੈ। (Parampal Kaur Maluka)
ਕਿਹਾ, ਅਕਾਲੀ ਦਲ ਦਾ ਭਵਿੱਖ ਨਜ਼ਰ ਨਹੀਂ ਆ ਰਿਹਾ ਇਸ ਲਈ ਭਾਜਪਾ ਨੂੰ ਚੁਣਿਆ | Parampal Kaur Maluka
ਬਠਿੰਡਾ ਲੋਕ ਸਭਾ ਸੀਟ ’ਤੇ ਸਿਕੰਦਰ ਸਿੰਘ ਮਲੂਕਾ ਆਪਣੀ ਨੂੰਹ ਲਈ ਪ੍ਰਚਾਰ ਕਰਨਗੇ ਜਾਂ ਬਾਦਲਾਂ ਦੀ ਨੂੰਹ ਲਈ ਤਾਂ ਇਸ ਸੁਆਲ ’ਤੇ ਪਰਮਪਾਲ ਕੌਰ ਨੇ ਦੋ ਟੁੱਕ ਗੱਲ ਆਖੀ ਕਿ ‘ਜਿਹੜੀ ਵੀ ਪਾਰਟੀ ’ਚ ਹੋਣਗੇ ਉਸੇ ਲਈ ਪ੍ਰਚਾਰ ਕਰਨਗੇ, ਬਾਕੀ ਉਨ੍ਹਾਂ ਦਾ ਆਪਣਾ ਫੈਸਲਾ ਹੈ’। ਅਕਾਲੀ ਦਲ ਦੇ ਰਾਜ ਦੌਰਾਨ ਬਤੌਰ ਆਈਏਐੱਸ ਤਰੱਕੀ ਸਬੰਧੀ ਹੋ ਰਹੀਆਂ ਟਿੱਪਣੀਆਂ ਬਾਰੇ ਉਨ੍ਹਾਂ ਕਿਹਾ ਕਿ ਉਸਨੇ ਆਪਣੀ ਯੋਗਤਾ ਦੇ ਆਧਾਰ ’ਤੇ ਤਰੱਕੀ ਕੀਤੀ ਹੈ ਤੇ ਚੋਣ ਯੂਪੀਐੱਸਸੀ ਵੱਲੋਂ ਕੀਤੀ ਗਈ ਹੈ। ਹਰਸਿਮਰਤ ਕੌਰ ਬਾਦਲ ਨਾਲ ਕਿਸੇ ਨਾਰਾਜ਼ਗੀ ਦੌਰਾਨ ਹੀ ਉਨ੍ਹਾਂ ਖਿਲਾਫ਼ ਚੋਣ ਮੈਦਾਨ ’ਚ ਡਟਣ ਸਬੰਧੀ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਕੋਈ ਨਾਰਾਜ਼ਗੀ ਨਹੀਂ, ਸਗੋਂ ਉਨ੍ਹਾਂ ਨੇ ਇੱਕ ਸਿਆਸੀ ਪਾਰਟੀ ’ਚ ਸ਼ਾਮਲ ਹੋਣਾ ਸੀ ਤੇ ਭਾਰਤੀ ਜਨਤਾ ਪਾਰਟੀ ਨੂੰ ਚੁਣ ਲਿਆ, ਇਸ ’ਚ ਹਰਸਿਮਰਤ ਕੌਰ ਦੀ ਨਾਰਾਜ਼ਗੀ ਦਾ ਕੋਈ ਸੁਆਲ ਹੀ ਨਹੀਂ।
ਬਠਿੰਡਾ ’ਚ ਚੋਣ ਮੁਕਾਬਲੇ ਬਾਰੇ ਉਨ੍ਹਾਂ ਕਿਹਾ ਕਿ ‘ਪਾਰਟੀ ਟਿਕਟ ਦਿੰਦੀ ਹੈ ਜਾਂ ਨਹੀਂ ਇਹ ਪਾਰਟੀ ਦਾ ਫੈਸਲਾ ਹੈ, ਉਸ ਤੋਂ ਬਾਅਦ ਉਹ ਮੈਦਾਨ ’ਚ ਉੱਤਰਨਗੇ’। ਬਠਿੰਡਾ ਤੋਂ ਪੁਰਾਣੇ ਭਾਜਪਾ ਆਗੂਆਂ ਵੱਲੋਂ ਸਮਰਥਨ ਸਬੰਧੀ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਤਾਂ ਜਿੰਨਿਆਂ ਨਾਲ ਵੀ ਸੰਪਰਕ ਕੀਤਾ ਹੈ ਸਭ ਸਹਿਮਤ ਹੀ ਨਜ਼ਰ ਆਉਂਦੇ ਹਨ ਪਰ ਟਿਕਟ ਦਾ ਫੈਸਲਾ ਹੋਣ ਤੋਂ ਬਾਅਦ ਹੀ ਸਾਰਿਆਂ ਤੱਕ ਪਹੁੰਚ ਕੀਤੀ ਜਾਵੇਗੀ।
ਮੈਂ ਤਾਂ ਰੋਕਿਆ ਸੀ ਕਿ ਨਾ ਜਾਓ ਪਰ ਬੱਚਿਆਂ ਦੀ ਮਰਜ਼ੀ ਐ : ਮਲੂਕਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਅਤੇ ਨੂੰਹ ਪਰਮਪਾਲ ਕੌਰ ਮਲੂਕਾ ਵੱਲੋਂ ਭਾਜਪਾ ’ਚ ਸ਼ਮੂਲੀਅਤ ਕਰਨ ’ਤੇ ਅੱਜ ਆਪਣੀ ਚੁੱਪੀ ਤੋੜਦਿਆਂ ਕਿਹਾ ਕਿ ਉਨ੍ਹਾਂ ਨੇ ਉਹਨਾਂ ਨੂੰ ਰੋਕਿਆ ਸੀ ਪਰ ਬੱਚਿਆਂ ਦੀ ਮਰਜ਼ੀ ਐ। ਸ੍ਰ. ਮਲੂਕਾ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਸਨ। ਸਿਕੰਦਰ ਸਿੰਘ ਮਲੂਕਾ ਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਜਦੋਂ ਉਨ੍ਹਾਂ ਦੇ ਨੂੰਹ-ਪੁੱਤ ਭਾਜਪਾ ’ਚ ਗਏ ਤਾਂ ਪਰਿਵਾਰ ਨਾਲ ਕੋਈ ਸਲਾਹ-ਮਸ਼ਵਰਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹਨਾਂ ਨੂੰ ਰੋਕਿਆ ਗਿਆ ਸੀ ਪਰ ਬੱਚਿਆਂ ਦੀ ਮਰਜ਼ੀ ਹੈ।
ਪਰਮਪਾਲ ਕੌਰ ਨੂੰ ਭਾਜਪਾ ਵੱਲੋਂ ਟਿਕਟ ਮਿਲਣ ’ਤੇ ਪ੍ਰਚਾਰ ਕਰਨ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕੋਈ ਸਪੱਸ਼ਟ ਜਵਾਬ ਦੇਣ ਦੀ ਥਾਂ ਆਖਿਆ ਕਿ ‘ਟਿਕਟ ਦੇਣਗੇ ਜਾਂ ਨਹੀਂ ਦੇਖੀ ਜਾਊ, ਜਿਹੋ ਜਿਹੇ ਹਾਲਾਤ ਹੋਣਗੇ ਉਸੇ ਤਰ੍ਹਾਂ ਦੇਖਾਂਗੇ’। ਸਿਕੰਦਰ ਸਿੰਘ ਮਲੂਕਾ ਦਾ ਅਗਲਾ ਕੀ ਸਿਆਸੀ ਰੁਖ ਹੋਵੇਗਾ ਤਾਂ ਇਸ ਬਾਰੇ ਵੀ ਉਨ੍ਹਾਂ ਐਨਾ ਹੀ ਕਿਹਾ ਕਿ ‘ਸਮਾਂ ਆਉਣ ’ਤੇ ਜਵਾਬ ਦੱਸਾਂਗੇ’। ਜਦੋਂ ਉਨ੍ਹਾਂ ਨੂੰ ਮੁੜ ਪੁੱਛਿਆ ਕਿ ਤੁਸੀਂ ਅਕਾਲੀ ਦਲ ’ਚ ਹੀ ਰਹੋਂਗੇ ਤਾਂ ਉਨ੍ਹਾਂ ਕਿਹਾ ਕਿ ‘ਉਹ ਅਕਾਲੀ ਦਲ ’ਚ ਹੀ ਹਨ। ਪਰਮਪਾਲ ਕੌਰ ਬਾਰੇ ਹੋਰ ਸਵਾਲ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਹੀ ਗੱਲ ਕੀਤੀ ਜਾਵੇ।