ਰੋਸ ਪ੍ਰਦਰਸ਼ਨ ਕਾਰਨ ਆਵਾਜਾਈ ਰਹੀ ਠੱਪ
- ਬਿਜਲੀ ਕਾਮਿਆਂ ਵੱਲੋਂ 26 ਸਤੰੰਬਰ ਨੂੰ ਇੱਕ ਰੋਜ਼ਾ ਹੜਤਾਲ ਦਾ ਐਲਾਨ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪਾਵਰਕੌਮ ਦੇ ਮੁੱਖ ਦਫ਼ਤਰ ਸਾਹਮਣੇ ਅੱਜ ਵੱਡੀ ਗਿਣਤੀ ਵਿੱਚ ਬਿਜਲੀ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਸੂਬਾ ਪੱਧਰੀ ਧਰਨਾ ਦਿੱਤਾ ਗਿਆ ਅਤੇ ਮਾਲ ਰੋਡ ਉੱਪਰ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ। ਇਸ ਭਾਰੀ ਇਕੱਠ ਵਿੱਚ ਮੁਲਾਜ਼ਮ ਆਗੂਆਂ ਵੱਲੋਂ 26 ਸਤੰਬਰ ਦੀ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਜੇਕਰ ਮੈਨੇਜ਼ਮੈਂਟ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ, ਤਾਂ ਉਹ ਆਪਣਾ ਸੰਘਰਸ ਹੋਰ ਤਿੱਖਾ ਵਿੱਢਣਗੇ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ।
ਜਾਣਕਾਰੀ ਅਨੁਸਾਰ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ‘ਚ ਸ਼ਾਮਲ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਜ਼ੋਰਦਾਰ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦੇ ਹੋਏ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਆਗੂ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਹਰਮੇਸ਼ ਧੀਮਾਨ, ਹਰਭਜਨ ਸਿੰਘ, ਬੀ.ਐੱਸ.ਸੇਖੋਂ ਨੇ ਕਿਹਾ ਕਿ ਮੈਨੇਜ਼ਮੈਂਟ ਚਾਰ ਵਾਰ ਮੀਟਿੰਗਾਂ ਦੌਰਾਨ ਮੰਗਾਂ ਮੰਨ ਕੇ ਆਪਣੇ ਹੀ ਫੈਸਲਿਆਂ ਤੋਂ ਉਲਟ ਰਹੀ ਹੈ ਅਤੇ ਉਨ੍ਹਾਂ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ।
ਇਹ ਵੀ ਪੜ੍ਹੋ : ਪੁਲਿਸ ਤੇ ਗੈਂਗਸਟਰਾਂ ਦਰਮਿਆਨ ਮੁਕਾਬਲਾ, ਗੈਂਗਸਟਰ ਦੇ ਵੱਜੀ ਗੋਲੀ
ਉਨ੍ਹਾਂ ਕਿਹਾ ਕਿ 1 ਦਸੰਬਰ 2011 ਤੋਂ ਪੇ ਬੈਂਡ ਦੇਣ ਅਤੇ ਬੰਦ ਕੀਤੇ ਸਰਕਾਰੀ ਥਰਮਲ ਪਲਾਂਟ ਮੁੜ ਚਾਲੂ ਕਰਨ, 23 ਸਾਲ ਦੀ ਸੇਵਾ ਦਾ ਲਾਭ ਬਿਨਾਂ ਸ਼ਰਤ ਦੇਣ, ਵਰਕਚਾਰਜ, ਕੰਟਰੈਕਟ ਉੱਪਰ ਰੱਖੇ ਲਾਈਨਮੈਨ ਐਸ.ਐਸ.ਏ. ਨੂੰ ਅਕਤੂਬਰ 2018 ‘ਚ 2 ਸਾਲ ਪੂਰੇ ਹੋਣ ‘ਤੇ ਰੈਗੂਲਰ ਤਨਖਾਹ ਸਕੇਲ ‘ਚ ਰੈਗੂਲਰ ਕਰਨ ਬਾਰੇ ਅਜੇ ਤੱਕ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਜਿਸ ਕਾਂਗਰਸ ਸਰਕਾਰ ਵੱਲੋਂ ਬਿਜਲੀ ਕਾਮਿਆਂ ਦੇ ਹੱਕ ਵਿੱਚ ਚੋਣਾਂ ਤੋਂ ਪਹਿਲਾਂ ਬਿਆਨ ਦਿੱਤੇ ਜਾਂਦੇ ਸਨ।
ਉਹੀ ਕਾਂਗਰਸ ਹੁਣ ਮੁਲਾਜ਼ਮਾਂ ਨੂੰ ਧਰਨੇ ਲਾਉਣ ਲਈ ਮਜ਼ਬੂਰ ਕਰ ਰਹੀ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਫਲਜੀਤ ਸਿੰਘ, ਜੈਲ ਸਿੰਘ, ਬ੍ਰਿਜ ਲਾਲ ਅਤੇ ਸੁਖਦੇਵ ਸਿੰਘ ਰੋਪੜ ਨੇ ਕਿਹਾ ਕਿ ਇੱਕ ਦੋ ਫੈਸਲੇ, ਜੋ ਮੈਨੇਜ਼ਮੈਂਟ ਲਾਗੂ ਕਰਨ ਦੇ ਦਾਅਵੇ ਕਰ ਰਹੀ ਹੈ। ਉਹ ਸਮਝੌਤਿਆਂ ਅਨੁਸਾਰ ਨਹੀਂ ਸਗੋਂ ਪਹਿਲਾਂ ਮਿਲਦੇ ਲਾਭਾਂ ਨੂੰ ਵੀ ਖੋਹਣ, ਘਟਾਉਣ ਦਾ ਕੋਝਾ ਯਤਨ ਕੀਤਾ ਗਿਆ। ਆਗੂਆਂ ਨੇ ਮੈਨੇਜ਼ਮੈਂਟ ਉੱਪਰ ਹੋਰ ਦੋਸ਼ ਲਾਇਆ ਕਿ ਉਹ ਸਹਿਮਤੀਆਂ ਨੂੰ ਲਾਗੂ ਕਰਨ ਦੀ ਥਾਂ ਅਣਉਚਿਤ ਲੇਬਰ ਅਮਲ ਅਤੇ ਟਕਰਾਓ ਦੀ ਨੀਤੀ ਨਾਲ ਅਦਾਰੇ ਦਾ ਮਾਹੌਲ ਵਿਗਾੜ ਰਹੀ ਹੈ। (Electrical Workers)
ਆਗੂਆਂ ਨੇ ਮੈਨੇਜ਼ਮੈਂਟ ਦੀ ਇਸ ਧੱਕੜ ਨੀਤੀ ਦਾ ਵਿਰੋਧ ਕਰਨ ਲਈ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ 26 ਸਤੰਬਰ ਨੂੰ ਪੂਰੇ ਪੰਜਾਬ ਅੰਦਰ ਇੱਕ ਰੋਜ਼ਾ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ। ਬਿਜਲੀ ਕਾਮੇ ਵਰਕ ਟੂ ਰੂਲ ਅਨੁਸਾਰ ਕੰਮ ਕਰਨਗੇ ਅਤੇ ਚੇਅਰਮੈਨ ਸਮੇਤ ਡਾਇਰੈਕਟਰਜ਼ ਦੇ ਫੀਲਡ ‘ਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ ਅਵਤਾਰ ਕੈਂਥ, ਰਵੇਲ ਸਿੰਘ ਸਹਾਏਪੁਰ, ਰਣਬੀਰ ਪਾਤੜਾਂ, ਅਮਰੀਕ ਨੂਰਪੁਰੀ, ਕਾਰਜਵਿੰਦਰ ਸਿੰਘ, ਪਰਮਜੀਤ ਸਿੰਘ ਦਸੂਹਾ, ਸੁਰਿੰਦਰ ਪਾਲ ਸ਼ਰਮਾ, ਰਛਪਾਲ ਸੰਧੂ, ਪਰਮਜੀਤ ਭੀਖੀ, ਬਲਦੇਵ ਸਿੰਘ, ਮਹਿੰਦਰ ਨਾਥ, ਹਰਜਿੰਦਰ ਸਿੰਘ ਦੁਧਾਲਾ, ਕਮਲਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਬਿਜਲੀ ਮੁਲਾਜ਼ਮ ਹਾਜ਼ਰ ਸਨ।
ਸਟੇਅ ਦੇ ਬਾਵਜੂਦ ਦਿੱਤਾ ਧਰਨਾ | Electrical Workers
ਇੱਧਰ ਬਿਜਲੀ ਮੁਲਾਜ਼ਮਾਂ ਦੇ ਧਰਨੇ ਨੂੰ ਦੇਖਦਿਆਂ ਮੈਨੇਜ਼ਮੈਂਟ ਵੱਲੋਂ ਅਦਾਲਤ ‘ਚ ਜਾ ਕੇ ਸਟੇਅ ਲਿਆ ਗਿਆ ਸੀ ਕਿ 300 ਮੀਟਰ ਦੇ ਏਰੀਏ ਵਿੱਚ ਧਰਨਾ ਪ੍ਰਦਰਸ਼ਨ ਨਾ ਹੋਵੇ ਪਰ ਬਿਜਲੀ ਮੁਲਾਜ਼ਮਾਂ ਵੱਲੋਂ ਪਾਵਰਕੌਮ ਦੇ ਮੁੱਖ ਗੇਟ ਅੱਗੇ ਇਸ ਦੇ ਬਾਵਜੂਦ ਧਰਨਾ ਦਿੱਤਾ ਗਿਆ। ਇਸ ਸਬੰਧੀ ਪਾਵਰਕੌਮ ਦੇ ਆਗੂਆਂ ਦਾ ਕਹਿਣਾ ਹੈ ਕਿ ਹਰੇਕ ਬੰਦੇ ਨੂੰ ਸ਼ਾਂਤੀ ਪੂਰਵਕ ਆਪਣਾ ਰੋਸ ਪ੍ਰਦਰਸ਼ਨ ਕਰਨ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਬਿਜਲੀ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਸ਼ਾਂਤੀਪੂਰਵਕ ਧਰਨਾ ਦਿੱਤਾ ਗਿਆ ਹੈ।