
Hoshiarpur News: (ਰਾਜਨ ਮਾਨ) ਖੁਰਾਲਗੜ੍ਹ/ਹੁਸ਼ਿਆਰਪੁਰ। ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ ਵਿਧਾਇਕ ਤੇ ਸਾਬਕਾ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਭਗਤੀ ਯੁੱਗ ਦੇ ਪੂਜਨੀਕ ਸੰਤ, ਸਰਬ ਸਾਂਝੀਵਾਲਤਾ ਅਤੇ ਮਾਨਵਤਾ ਦੀ ਭਲਾਈ ਦੇ ਮਹਾਨ ਉਸਰਈਏ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਾਲ ਭਰ ਪੰਜਾਬ ਦੇ ਵੱਖ-ਵੱਖ ਪਿੰਡਾਂ, ਸ਼ਹਿਰਾਂ ਤੇ ਜ਼ਿਲ੍ਹਾ ਪੱਧਰ ’ਤੇ ਸ਼ਰਧਾ ਨਾਲ ਪੰਜਾਬ ਸਰਕਾਰ ਵੱਲੋਂ ਸਜਾਏ ਜਾਣ ਵਾਲੇ ਸਮਾਗਮਾਂ ਦਾ ਆਗਾਜ਼ ਕੱਲ੍ਹ 6 ਫਰਵਰੀ ਤੋਂ ਸ੍ਰੀ ਗੁਰੁ ਰਵੀਦਾਸ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੰਗਾ (ਅੰਮ੍ਰਿਤ ਕੁੰਡ) ਸੱਚਖੰਡ ਤਪ ਅਸਥਾਨ ਅਤੇ ਮੀਨਾਰ-ਏ-ਬੇਗਮਪੁਰਾ ਸ੍ਰੀ ਖੁਰਾਲਗੜ ਸਾਹਿਬ ਵਿਖੇ ਸਜਾਏ ਜਾਣ ਵਾਲੇ ਰਾਜ ਪੱਧਰੀ ਪ੍ਰਕਾਸ਼ ਉਤਸਵ ਸਮਾਰੋਹ ਨਾਲ ਹੋਵੇਗਾ।
ਜਿਸ ਵਿੱਚ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਹਾਜ਼ਰੀ ਭਰ ਕੇ ਸੂਬੇ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਤੇ ਰਵਾਇਤੀ ਫਿਰਕੂ ਸਦਭਾਵਨਾ ਤੇ ਚੜਦੀ ਕਲਾ ਲਈ ਅਰਦਾਸ ਕਰਨਗੇ। ਸ. ਧਾਲੀਵਾਲ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਵਿੱਤਰ ਇਤਿਹਾਸਕ ਅਸਥਾਨ ਸ੍ਰੀ ਗੁਰੁ ਰਵੀਦਾਸ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੰਗਾ (ਅੰਮ੍ਰਿਤ ਕੁੰਡ) ਸੱਚਖੰਡ ਤਪ ਅਸਥਾਨ ਅਤੇ ਮੀਨਾਰ-ਏ-ਬੇਗਮਪੁਰਾ ਸ੍ਰੀ ਖੁਰਾਲਗੜ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਉਪਰੰਤ ਗੱਲਬਾਤ ਦੌਰਾਨ ਕੀਤਾ।
ਇਹ ਵੀ ਪੜ੍ਹੋ: Punjab Industry News: ਉਪ ਚੇਅਰਮੈਨ ਜਸਕਰਨ ਸਿੰਘ ਬੰਦੇਸ਼ਾ ਵੱਲੋਂ ਅੰਮ੍ਰਿਤਸਰ ਨਵੇਂ ਫੋਕਲ ਪੁਆਇੰਟ ਦਾ ਕੀਤਾ ਦੌਰਾ
ਸ. ਧਾਲੀਵਾਲ ਨੇ ਕਿਹਾ ਕਿ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦਾ ਜੀਵਨ ਮਨੁੱਖਤਾ, ਬਰਾਬਰੀ ਤੇ ਸਮਾਜਿਕ ਅਟੁੱਟਵੀਂ ਸ਼ਾਂਝ ਦਾ ਸੰਦੇਸ਼ ਦਿੰਦਾ ਹੈ। ਇਸ ਅਸਥਾਨ ਤੇ ਕੱਲ 6 ਫਰਵਰੀ ਨੂੰ ਸਜਾਏ ਜਾਣ ਵਾਲੇ ਰਾਜ ਪੱਧਰੀ ਪ੍ਰਕਾਸ਼ ਉਤਸਵ ਸਮਾਰੋਹ ਨੂੰ ਸਫਲ , ਗੌਰਵਮਈ, ਤੇ ਸ਼ਾਂਤੀਪੂਰਵਕ ਢੰਗ ਨਾਲ ਮਨਾਉਣ ਲਈ ਪੰਜਾਬ ਸਰਕਾਰ ਨੇ ਆਪਣੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।

ਸ. ਧਾਲੀਵਾਲ ਨੇ ਉਲੀਕੇ ਗਏ ਪ੍ਰੋਗਰਾਮਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੁ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 6 ਫਰਵਰੀ ਨੂੰ ਰਾਜ ਪੱਧਰੀ ਸਮਾਗਮ ਨਾਲ ਆਗਾਜ਼ ਹੋਣ ਪਿੱਛੋਂ 27 ਫਰਵਰੀ ਤੋਂ ਅਗਲੇ ਸਾਲ ਫਰਵਰੀ ਮਹੀਨੇ ਤੱਕ ਸਮਰਪਿਤ ਸਮਾਗਮ ਕਰਵਾਏ ਜਾਣਗੇ। ਇਸੇ ਪੜਾਅ ‘ਚ ਨਵੰਬਰ 2026 ‘ਚ ਖੁਰਾਲਗੜ ਸਾਹਿਬ ਵਿਖੇ ਧਾਰਮਿਕ ਸ਼ਖੀਅਤਾਂ ਦੀ ਸ਼ਮੂਲੀਅਤ ਨਾਲ ਮਹਾਨ ਕੀਰਤਨ ਦਰਬਾਰ ਅਤੇ ਬੇਗਮ ਪੁਰਾ ਸਮਾਗਮ ਸਜਾਇਆ ਜਾਵੇਗਾ। ਜਦੋਂਕਿ ਗੁਰੁ ਰਵੀਦਾਸ ਜੀ ਦੇ ਜੀਵਨ, ਸਿੱਖਿਆ, ਯਾਤਰਾਵਾਂ ਸੰਬੰਧੀ ਪੰਜਾਬ ਭਰ ‘ਚ ਪਿੰਡ-ਪਿੰਡ , ਕਸਬਿਆਂ ਤੇ ਸ਼ਹਿਰਾਂ ‘ਚ ਸਮਾਗਮ ਸਜਾਏ ਜਾਣ ਲਈ ਪ੍ਰੋਗਰਾਮਾਂ ਦੀ ਰੂਪ-ਰੇਖਾ ਉਲੀਕੀ ਜਾ ਰਹੀ ਹੈ। Hoshiarpur News













