ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਪਟਿਆਲਾ ਦੇ ਮੁੱਖ ਆਗੂ Baltej Pannu ਨਾਲ ਰਹੇ ਮੌਜੂਦ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ (Baltej Pannu) ਨੂੰ ਪਾਰਟੀ ਵੱਲੋਂ ਸੂਬਾ ਜਨਰਲ ਸਕੱਤਰ ਬਣਾਏ ਜਾਣ ਤੋਂ ਬਾਅਦ ਪਟਿਆਲਾ ਜ਼ਿਲ੍ਹੇ ਦੇ ਆਗੂਆਂ ਵਿੱਚ ਪੰਨੂ ਦਾ ਗਲਬਾ ਹੋਰ ਵਧ ਗਿਆ। ਬਲਤੇਜ ਪੰਨੂ ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਅੱਜ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਨਤਮਸਤਕ ਹੋਏ ਜਿਸ ਦੌਰਾਨ ਪਾਰਟੀ ਦੇ ਮੁੱਖ ਆਗੂਆਂ ਵੱਲੋਂ ਪੰਨੂ ਨਾਲ ਵਚਨਵੱਧਤਾ ਦਰਸਾਈ ਗਈ ਅਤੇ ਇਸ ਨੂੰ ਪਾਰਟੀ ਵਰਕਰਾਂ ਵਿੱਚ ਇੱਕ ਨਵੀਂ ਜਾਨ ਦੱਸਿਆ ਗਿਆ।ਦੱਸਣਯੋਗ ਹੈ ਕਿ ਪਿਛਲੇ ਦਿਨੀਂ ਹੀ ਆਮ ਆਦਮੀ ਪਾਰਟੀ ਵੱਲੋਂ ਆਪ ਆਗੂ ਬਲਤੇਜ ਪੰਨੂ ਨੂੰ ਪਾਰਟੀ ਦਾ ਸੂਬਾ ਜਨਰਲ ਸਕੱਤਰ ਥਾਪਿਆ ਗਿਆ ਹੈ
Read Also : SKM ਗੈਰ ਸਿਆਸੀ ਦਾ ਸੱਤਵਾਂ ਕੈਂਪ ਜਾਰੀ: ਹੜ੍ਹ ਪੀੜਤਾਂ ਦੀ ਕਣਕ ਬੀਜੀ
ਜਿਸ ਤੋਂ ਬਾਅਦ ਪਟਿਆਲਾ ਦੇ ਵੱਖ-ਵੱਖ ਆਗੂਆਂ ਵੱਲੋਂ ਸੋਸ਼ਲ ਮੀਡੀਆ ’ਤੇ ਇਸ ਨਿਯੁਕਤੀ ਦਾ ਧੰਨਵਾਦ ਕੀਤਾ ਗਿਆ। ਅੱਜ ਬਲਤੇਜ ਪੰਨੂ ਵੱਲੋਂ ਨਵੀਂ ਜਿੰਮੇਵਾਰੀ ਮਿਲਣ ਤੋਂ ਬਾਅਦ ਇੱਥੇ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਪਹੁੰਚੇ ਤਾਂ ਇਸ ਦੌਰਾਨ ਵੱਡੀ ਗਿਣਤੀ ਆਪ ਆਗੂਆਂ ਦਾ ਜਮਾਵੜਾ ਦੇਖਿਆ ਗਿਆ। ਇਸ ਮੌਕੇ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇਜਿੰਦਰ ਮਹਿਤਾ, ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਚੇਅਰਮੈਨ ਮੇਘਚੰਦ ਸ਼ੇਰ ਮਾਜਰਾ, ਨਾਭਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ, ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ, ਇੰਦਰਜੀਤ ਸਿੰਘ ਸੰਧੂ, ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਸੀਨੀਅਰ ਆਪ ਆਗੂ ਹਰਪਾਲ ਜੁਨੇਜਾ ਸਮੇਤ ਵੱਡੀ ਗਿਣਤੀ ਵਿੱਚ ਹੋਰ ਆਗੂ ਹਾਜ਼ਰ ਸਨ ਜਿਨ੍ਹਾਂ ਵੱਲੋਂ ਇੱਕਜੁੱਟ ਹੋ ਕੇ ਪਾਰਟੀ ਵੱਲੋਂ ਸ੍ਰੀ ਪੰਨੂ ਦੀ ਨਿਯੁਕਤੀ ’ਤੇ ਪਾਰਟੀ ਦਾ ਇੱਕ ਵੱਡਾ ਕਦਮ ਦੱਸਿਆ।
Baltej Pannu
ਆਪ ਆਗੂ ਹਰਪਾਲ ਜੁਨੇਜਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਬਲਤੇਜ ਪੰਨੂ ਨੂੰ ਇਹ ਜਿੰਮੇਵਾਰੀ ਮਿਲਣ ਨਾਲ ਪਾਰਟੀ ਵਰਕਰਾਂ ਵਿੱਚ ਇੱਕ ਨਵੀਂ ਰੂਹ ਫੂਕੀ ਗਈ ਹੈ ਅਤੇ ਵਰਕਰਾਂ ਵਿੱਚ ਭਾਰੀ ਉਤਸਾਹ ਹੈ। ਪਾਰਟੀ ਦੇ ਸੂਬਾ ਜਨਰਲ ਸਕੱਤਰ ਬਲਤੇਜ ਪੰਨੂ ਨੇ ਆਖਿਆ ਕਿ ਉਹਨਾਂ ਵੱਲੋਂ ਹੁਣ ਤੋਂ ਹੀ 2027 ਮਿਸ਼ਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਹ ਪੂਰੇ ਪੰਜਾਬ ਵਿੱਚ ਪਾਰਟੀ ਲਈ ਜੀ ਜਾਨ ਨਾਲ ਕੰਮ ਕਰਨਗੇ।
ਬਲਤੇਜ ਪੰਨੂ ਵੱਲੋਂ ਪਟਿਆਲਾ ਸ਼ਹਿਰ ਵਿੱਚ ਆਪਣਾ ਰਾਜਸੀ ਭਾਰ ਪਹਿਲਾਂ ਹੀ ਵਧਾਇਆ ਜਾ ਰਿਹਾ ਸੀ ਤੇ ਉਨ੍ਹਾਂ ਵੱਲੋਂ ਪਿਛਲੇ ਦਿਨੀਂ ਸ਼ਹਿਰ ਅੰਦਰ ਵੱਖ-ਵੱਖ ਖੇਤਰਾਂ ਵਿੱਚ ਆਪਣੀ ਪਹੁੰਚ ਕੀਤੀ ਗਈ ਸੀ। ਦੱਸਣਯੋਗ ਹੈ ਕਿ ਪਟਿਆਲਾ ਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤ ਪਾਲ ਕੋਹਲੀ ਹਨ ਅਤੇ ਸ੍ਰੀ ਪੰਨੂ ਦਾ ਕੋਹਲੀ ਨਾਲ 36 ਦਾ ਅੰਕੜਾ ਹੈ। ਬਲਤੇਜ ਪੰਨੂ ਨੂੰ ਪਾਰਟੀ ਵੱਲੋਂ ਨਵੀਂ ਜਿੰਮੇਵਾਰੀ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਹੌਸਲੇ ਹੋਰ ਬੁਲੰਦ ਹੋਏ ਹਨ।














