ਇਸਲਾਮਾਬਾਦ ਸਥਿਤ ਤਿੰਨ ਪ੍ਰਿੰਟਿੰਗ ਪ੍ਰੈੱਸਾਂ ‘ਚ ਹੋ ਰਹੀ ਛਪਾਈ
ਇਸਲਾਮਾਬਾਦ, (ਏਜੰਸੀ)। 25 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਬੈਲਟ ਪੇਪਰਾਂ ਦੀ ਛਪਾਈ ਦਾ ਕੰਮ ਅੱਜ ਤੋਂ ਫੌਜ ਦੀ ਨਿਗਰਾਨੀ ‘ਚ ਸ਼ੁਰੂ ਹੋ ਗਿਆ ਹੈ। ਜਿਨ੍ਹਾਂ ਪ੍ਰਿੰਟਿੰਗ ਪ੍ਰੈੱਸਾਂ ‘ਚ ਬੈਲਟ ਪੇਪਰਾਂ ਦੀ ਛਪਾਈ ਦਾ ਕੰਮ ਹੋ ਰਿਹਾ ਹੈ, ਉੱਥੇ ਫੌਜ ਨੇ ਸੈਂਕੜੇ ਜਵਾਨਾਂ ਨੂੰ ਤਾਇਨਾਤ ਕੀਤਾ ਹੈ। ਬੈਲਟ ਪੇਪਰਾਂ ਦੀ ਲਾਹੌਰ, ਕਰਾਚੀ ਤੇ ਇਸਲਾਮਾਬਾਦ ਸਥਿਤ ਤਿੰਨ ਪ੍ਰਿੰਟਿੰਗ ਪ੍ਰੈੱਸਾਂ ‘ਚ ਛਪਾਈ ਹੋ ਰਹੀ ਹੈ। ਇੱਕ ਨਿਊਜ਼ ਏਜੰਸੀ ਨੇ ਕਿਹਾ ਕਿ ਬੈਲਟ ਪੇਪਰਾਂ ਦੀ ਛਪਾਈ ਐਤਵਾਰ ਨੂੰ ਸ਼ੁਰੂ ਹੋ ਗਈ।
ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਪਾਰਦਰਸ਼ਿਤਾ ਯਕੀਨੀ ਕਰਨ ਲਈ ਬੈਲਟ ਪੇਪਰਾਂ ਦੀ ਛਪਾਈ ਲਈ ਕਾਗਜ਼ ਦਰਾਮਦ ਕੀਤੇ ਹਨ। ਨਿਊਜ਼ ਏਜੰਸੀ ਨੇ ਕਿਹਾ ਕਿ 21 ਕਰੋੜ ਬੈਲਟ ਪੇਪਰਾਂ ਦੀ ਛਪਾਈ ਕੀਤੀ ਜਾਵੇਗੀ ਤੇ ਇਸ ਕੰਮ ‘ਤੇ 2 ਅਰਬ ਰੁਪਏ ਤੋਂ ਜ਼ਿਆਦਾ ਦੀ ਲਾਗਤ ਆਵੇਗੀ। ਸੂਤਰਾਂ ਨੇ ਦੱਸਿਆ ਕਿ ਹਰੇਕ ਬੈਲਟ ਪੇਪਰ ‘ਤੇ ਲਗਭਗ 10 ਰੁਪਏ ਦਾ ਖਰਚ ਆਵੇਗਾ ਬੈਲੇਟ ਪੇਪਰ ‘ਤੇ ਵਾਟਰਮਾਰਕ ਹੋਵੇਗਾ, ਜੋ ਪਹਿਲਾਂ ਦੇ ਬੈਲਟ ਪੇਪਰਾਂ ‘ਤੇ ਨਹੀਂ ਹੁੰਦਾ ਸੀ। ਸੂਤਰਾਂ ਨੇ ਦੱਸਿਆ ਕਿ ਬੈਲਟ ਪੇਪਰ ਪੂਰਨ ਅੰਕਾਂ ‘ਚ ਛਾਪੇ ਜਾਣਗੇ। ਇਸ ਦਾ ਮਤਲਬ ਹੈ ਕਿ ਜੇ ਕਿਸੇ ਵੋਟਿੰਗ ਕੇਂਦਰ ‘ਤੇ 1201 ਵੋਟਰ ਹਨ ਤਾਂ 1300 ਬੈਲੇਟ ਪੇਪਰਾਂ ਦੀ ਛਪਾਈ ਕੀਤੀ ਜਾਵੇਗੀ।