ਕਾਲਜ ਵੱਲੋਂ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਵੰਡਿਆ ਜਾ ਰਿਹਾ ਰਾਸ਼ਨ
ਗੁਰਦਾਸਪੁਰ, (ਸਰਬਜੀਤ ਸਾਗਰ) ਕਰੋਨਾ ਵਾਇਰਸ ਕਾਰਨ ਸਰਕਾਰੀ ਆਦੇਸ਼ਾਂ ਨੂੰ ਮੰਨ ਕੇ ਘਰਾਂ ਚ ਬੈਠੇ ਅਨੇਕਾਂ ਲੋੜਵੰਦ ਪਰਿਵਾਰਾਂ ਲਈ ਐਸਐਸਐਮ ਕਾਲਜ ਦੀਨਾਨਗਰ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਆਪਣੀ ਮਦਦ ਪਹੁੰਚਾਉਣ ‘ਚ ਲੱਗਾ ਹੋਇਆ ਹੈ। ਹਾਲਾਂਕਿ ਇਲਾਕੇ ਦੀਆਂ ਕਈ ਜਥੇਬਦੀਆਂ ਇੱਕ ਦੋ ਦਿਨਾਂ ਤੋਂ ਬਾਅਦ ਆਪਣੀ ਮਦਦ ਬੰਦ ਕਰ ਚੁੱਕੀਆਂ ਹਨ ਪਰ ਐਸਐਸਐਮ ਕਾਲਜ ਦੇ ਪਿੰ੍ਰਸੀਪਲ ਡਾ. ਆਰ.ਕੇ. ਤੁਲੀ ਨੇ ਲੋੜਵੰਦਾਂ ਦੀ ਮਦਦ ਲੌਕਡਾਊਨ ਤੱਕ ਜਾਰੀ ਰੱਖਣ ਦਾ ਭਰੋਸਾ ਦਿੱਤਾ ਹੈ।
ਪ੍ਰਿੰਸੀਪਲ ਡਾ. ਤੁਲੀ ਨੇ ਦੱਸਿਆ ਕਿ ਦਿਆਨੰਦ ਮੱਠ ਦੇ ਪ੍ਰਧਾਨ ਸਵਾਮੀ ਸਦਾਨੰਦ ਦੇ ਆਸ਼ੀਰਵਾਦ ਅਤੇ ਕਾਲਜ ਪ੍ਰਬੰਧਕ ਕਮੇਟੀ ਸਕੱਤਰ ਭਾਰਤੇਂਦੂ ਓਹਰੀ ਦੀ ਅਗਵਾਈ ਹੇਠ ਰਾਸ਼ਨ ਵੰਡਣ ਦਾ ਕੰਮ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਜਾਰੀ ਹੈ ਅਤੇ ਹਰ ਦਿਨ 100 ਦੇ ਕਰੀਬ ਜ਼ਰੂਰਤਮੰਦਾਂ ਨੂੰ ਘਰਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ। ਜਿਸਦੇ ਲਈ ਕਾਲਜ ਦੇ ਪ੍ਰੋਫੈਸਰ ਸੋਨੂੰ ਮੰਗੋਤਰਾ, ਪ੍ਰੋਫੈਸਰ ਸੁਬੀਰ ਰਗਬੋਤਰਾ, ਮੋਹਿਤ ਕਪੂਰ ਅਤੇ ਸ਼ੈਲੀ ਠਾਕੁਰ ‘ਤੇ ਅਧਾਰਿਤ ਟੀਮ ਰੋਜ਼ਾਨਾ ਲੋਕਾਂ ਤੱਕ ਪਹੁੰਚ ਕਰ ਰਹੀ ਹੈ।
ਪ੍ਰਿੰਸੀਪਲ ਡਾ. ਆਰ.ਕੇ. ਤੁਲੀ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ‘ਚ ਕਾਲਜ ਵੱਲੋਂ ਦੀਨਾਨਗਰ ਦੇ ਪਿੰਡ ਅਵਾਂਖਾ, ਉਦੀਪੁਰ, ਝੱਪੜਪਿੰਡੀ, ਬੇਰੀਆਂ ਮੁਹੱਲਾ, ਝੰਡੀ ਸਰੂਪ ਦਾਸ, ਤਲਵੰਡੀ, ਕੋਠੇ ਇਲਾਹੀ ਬਖ਼ਸ਼ ਅਤੇ ਬਾਹਰਲਾ ਕੱਟੜਾ ਤੋਂ ਇਲਾਵਾ ਆਸਪਾਸ ਦੇ ਕਈ ਪ੍ਰਵਾਸੀ ਮਜ਼ਦੂਰਾਂ ਨੂੰ ਰਾਸ਼ਨ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਕਾਲਜ ਲੋੜਵੰਦ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਦਾ ਰਹੇਗਾ।