Pacific Deaf Games: ਐੱਸਐੱਸਡੀ ਕਾਲਜ ਬਠਿੰਡਾ ਦੀ ਵਿਦਿਆਰਥਣ ਨੇ ਪੈਸੀਫਿਕ ਡੈਫ ਗੇਮਜ਼ ’ਚ ਜਿੱਤੀ ਚਾਂਦੀ

Pacific Deaf Games
ਬਠਿੰਡਾ: ਪੈਸੀਫਿਕ ਡੈਫ ਗੇਮਜ਼ ’ਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਵਿਦਿਆਰਥਣ ਕਾਲਜ ਮੈਨੇਜਮੈਂਟ ਨਾਲ।

Pacific Deaf Games: (ਸੁਖਨਾਮ) ਬਠਿੰਡਾ। ਐੱਸਐੱਸਡੀ ਗਰਲਜ਼ ਕਾਲਜ ਬਠਿੰਡਾ ਦੀ ਬੀਏ ਭਾਗ ਦੂਜਾ ਦੀ ਵਿਦਿਆਰਥਣ ਸ਼੍ਰੇਆ ਸਿੰਗਲਾ ਨੇ ਕੌਲਾ ਲੰਪੁਰ, ਮਲੇਸ਼ੀਆ ਵਿੱਚ ਕਰਵਾਈਆਂ 10ਵੀਆਂ ਏਸ਼ੀਆ ਪੈਸੀਫਿਕ ਡੈਫ ਗੇਮਜ਼ 2024 ਵਿੱਚ ਹਿੱਸਾ ਲੈਂਦਿਆਂ ਬੈਡਮਿੰਟਨ ਦੇ ਟੀਮ ਮੁਕਾਬਲਿਆਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਸ਼੍ਰੇਆ ਸਿੰਗਲਾ 1 ਦਸੰਬਰ ਤੋਂ 8 ਦਸੰਬਰ ਤੱਕ ਚੱਲੀਆਂ ਇਹਨਾਂ ਖੇਡਾਂ ਵਿੱਚ ਭਾਰਤ ਦੀ 8 ਮੈਂਬਰੀ ਬੈਡਮਿੰਟਨ ਟੀਮ ਦਾ ਹਿੱਸਾ ਰਹੀ। ਇਸ ਬੈਡਮਿੰਟਨ ਟੀਮ ਨੇ ਸੈਮੀਫਾਈਨਲ ਵਿੱਚ ਚੀਨੀ ਤਾਈਪੇ ਨੂੰ ਹਰਾਇਆ ਅਤੇ ਫਾਈਨਲ ਵਿੱਚ ਪਹੁੰਚ ਕੇ ਟੀਮ ਮੁਕਾਬਲਿਆਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ।

ਇਸ ਤੋਂ ਪਹਿਲਾਂ ਵੀ ਸ਼੍ਰੇਆ ਸਿੰਗਲਾ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ’ਤੇ ਕਈ ਇਨਾਮ ਭਾਰਤ ਦੀ ਝੋਲੀ ਪਾ ਚੁੱਕੀ ਹੈ, ਜਿਨ੍ਹਾਂ ਵਿੱਚ ਚੀਨੀ ਤਾਈਪੇ ਵਿੱਚ ਹੋਈ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ (2019) ਵਿੱਚ ਚਾਂਦੀ ਦਾ ਤਗਮਾ, ਬ੍ਰਾਜ਼ੀਲ ਵਿੱਚ ਕਰਵਾਏ ਗਏ ਡੈਫਲੰਪਿਕਸ (2022) ਵਿੱਚ ਸੋਨ ਤਗਮਾ, ਬ੍ਰਾਜ਼ੀਲ ਵਿੱਚ ਹੋਈ ਵਿਸ਼ਵ ਚੈਂਪੀਅਨਸ਼ਿਪ (2023) ਵਿੱਚ ਸੋਨ ਤਗਮਾ ਵਿਸ਼ੇਸ਼ ਹਨ। 9 ਦਸੰਬਰ ਨੂੰ ਯੁਵਾ ਮਾਮਲੇ ਅਤੇ ਖੇਡਾਂ ਦੇ ਕੈਬਨਿਟ ਮੰਤਰੀ ਮਨਸੁਖ ਲਕਸ਼ਮਣਭਾਈ ਮਾਂਡਵੀਆ ਨੇ ਦਿੱਲੀ ਸਥਿਤ ਆਪਣੀ ਰਿਹਾਇਸ਼ ’ਤੇ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਸਾਰੇ ਭਾਰਤੀ ਖਿਡਾਰੀਆਂ ਨੂੰ ਵਧਾਈ ਦਿੱਤੀ।

ਇਹ ਵੀ ਪੜ੍ਹੋ: Municipal Corporation Elections: ਪਟਿਆਲਾ ਨਿਗਮ ਚੋਣਾਂ ਲਈ ਭਾਜਪਾ ਨੇ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ, ਵੇਖੋ

ਸ਼੍ਰੇਆ ਸਿੰਗਲਾ ਦੀ ਇਸ ਪ੍ਰਾਪਤੀ ਬਾਰੇ ਦੱਸਦਿਆਂ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਕਿਹਾ ਕਿ ਸ਼੍ਰੇਆ ਸਿੰਗਲਾ ਦੀ ਇਹ ਪ੍ਰਾਪਤੀ ਕੇਵਲ ਕਾਲਜ ਲਈ ਹੀ ਨਹੀਂ ਬਲਕਿ ਸਮੁੱਚੇ ਬਠਿੰਡਾ ਜ਼ਿਲ੍ਹੇ, ਪੰਜਾਬ ਰਾਜ ਅਤੇ ਭਾਰਤ ਲਈ ਮਾਣ ਵਾਲੀ ਗੱਲ ਹੈ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ, ਜਰਨਲ ਸਕੱਤਰ ਵਿਕਾਸ ਗਰਗ ਅਤੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਕਾਲਜ ਪਹੁੰਚਣ ’ਤੇ ਸ਼੍ਰੇਆ ਸਿੰਗਲਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ। Pacific Deaf Games

LEAVE A REPLY

Please enter your comment!
Please enter your name here