ਸਿਹਤ ਮੁਲਾਜ਼ਮਾਂ ਬਾਰੇ ਫੈਲ ਰਹੀਆਂ ਅਫ਼ਵਾਹਾਂ ਚਿੰਤਾਜਨਕ
ਕੋਰੋਨਾ ਮਹਾਂਮਾਰੀ ਕਾਰਨ ਮਾਰਚ ਵਿੱਚ ਲਾਕਡਾਊਨ ਹੋਣ ਪਿੱਛੋਂ ਤੇਜ਼ ਰਫ਼ਤਾਰ ਦੌੜ ਰਹੀ ਜ਼ਿੰਦਗੀ ਜਿਵੇਂ ਰੁਕ ਜਿਹੀ ਗਈ। ਸੜਕਾਂ ਸੁੰਨੀਆਂ ਹੋ ਗਈਆਂ, ਲੋਕ ਕੋਰੋਨਾ ਵਾਇਰਸ ਦੇ ਡਰ ਨਾਲ ਘਰਾਂ ਵਿੱਚ ਕੈਦ ਹੋ ਗਏ। ਸੜਕਾਂ ਉੱਤੇ ਬਾਹਰ ਸਿਰਫ ਪੁਲਿਸ, ਸਿਹਤ ਅਤੇ ਸਫਾਈ ਮੁਲਾਜ਼ਮ ਹੀ ਨਜ਼ਰ ਆਉਂਦੇ ਸਨ। ਡਰ ਇੰਨਾ ਜ਼ਿਆਦਾ ਸੀ ਕਿ ਲੋਕ ਮਾਨਸਿਕ ਤੌਰ ‘ਤੇ ਬਿਮਾਰ ਹੋਣ ਲੱਗੇ ਸਨ। ਪਰ ਸਿਹਤ ਵਿਭਾਗ ਦੇ ਕਰਮਚਾਰੀ ਜਾਨ ਜੋਖ਼ਿਮ ਵਿੱਚ ਪਾ ਕੇ ਆਪਣਾ ਫ਼ਰਜ਼ ਨਿਭਾਉਂਦੇ ਰਹੇ। ਲਗਾਤਾਰ 24-24 ਘੰਟੇ ਡਿਊਟੀ, ਕੋਈ ਐਤਵਾਰ, ਕੋਈ ਗਜ਼ਟਿਡ ਛੁੱਟੀ ਨਹੀਂ। ਡਿਊਟੀ ‘ਤੇ ਰਹਿੰਦੇ ਆਪਣੇ ਬਚਾਅ ਲਈ ਚੁਕੰਨਾ ਰਹਿਣਾ, ਘਰ ਜਾ ਕੇ ਵੀ ਘਰ ਵਾਲਿਆਂ ਤੋਂ ਵੱਖਰਾ ਰਹਿਣਾ। ਮਾਸਕ, ਸੈਨੇਟਾਈਜ਼ਰ ਅਤੇ ਹਾਈਪੋਕਲੋਰਾਈਡ ਨੇ ਮਾਸ ਉਧੇੜ ਦਿੱਤਾ ਸੀ।
ਇੰਝ ਲੱਗਦਾ ਸੀ ਕਿ ਕੋਈ ਜੰਗ ਹੀ ਲੜ ਰਹੇ ਹਾਂ। ਉਸ ਸਮੇਂ ਲੋਕਾਂ ਨੇ ਵੀ ਬੜਾ ਸਨਮਾਨ ਦਿੱਤਾ ਥਾਂ-ਥਾਂ ‘ਤੇ ਫੁੱਲਾਂ ਦੀ ਵਰਖਾ ਅਤੇ ਕਰੋਨਾ ਯੋਧੇ ਨਾਂਅ ਨਾਲ ਸਨਮਾਨਿਆ ਗਿਆ। ਏਦਾਂ ਲੱਗਦਾ ਸੀ ਜਿਵੇਂ ਮੁਸ਼ਕਲਾਂ ਨਾਲ ਕੀਤੀਆਂ ਡਿਊਟੀਆਂ ਦਾ ਮੁੱਲ ਮੁੜ ਗਿਆ ਹੋਵੇ। ਪਰ ਪਿਛਲੇ ਕੁਝ ਦਿਨਾਂ ਤੋਂ ਹਵਾ ਉਲਟੀ ਵਗਣ ਲੱਗੀ ਹੈ। ਕੁਝ ਥਾਵਾਂ ‘ਤੇ ਲੋਕ ਸਿਹਤ ਮੁਲਾਜ਼ਮਾਂ ਦਾ ਵਿਰੋਧ ਕਰ ਰਹੇ ਹਨ। ਪਿਛਲੇ ਦਿਨੀਂ ਮਾਨਸਾ ਜ਼ਿਲ੍ਹੇ ਦੇ ਪਿੰਡ ਬੱਛੋਆਣਾ ਵਿਖੇ ਜਦੋਂ ਸਿਹਤ ਮੁਲਾਜ਼ਮਾਂ ਦੀ ਟੀਮ ਕੋਰੋਨਾ ਪਾਜ਼ਿਟਿਵ ਮਰੀਜ਼ ਨੂੰ ਆਈਸੋਲੇਸ਼ਨ ਵਾਰਡ ਵਿੱਚ ਸ਼ਿਫਟ ਕਰਵਾਉਣ ਲਈ ਪਹੁੰਚੀ ਤਾਂ ਪਿੰਡ ਵਾਸੀਆਂ ਵੱਲੋਂ ਮਰੀਜ਼ ਨੂੰ ਭੇਜਣ ਤੋਂ ਇਨਕਾਰ ਕਰ ਦਿੱਤਾ ਗਿਆ।
ਏਨਾ ਹੀ ਨਹੀਂ ਸਿਹਤ ਮੁਲਾਜ਼ਮਾਂ ਨੂੰ ਐਂਬੂਲੈਂਸ ਸਮੇਤ ਘੇਰ ਲਿਆ ਤੇ ਚਾਬੀ ਕੱਢ ਲਈ। ਪਿੰਡ ਵਾਸੀਆਂ ਦਾ ਇਹ ਤਰਕ ਹੈ ਕਿ ਡਾਕਟਰ ਮਰੀਜ਼ਾਂ ਨੂੰ ਲਿਜਾ ਕੇ ਕਿਡਨੀਆਂ ਅਤੇ ਹੋਰ ਅੰਗ ਕੱਢ ਲੈਂਦੇ ਹਨ ਅਤੇ ਕੋਰੋਨਾ ਕਾਰਨ ਮ੍ਰਿਤਕਾਂ ਦਾ ਮੂੰਹ ਵੀ ਨਹੀਂ ਵੇਖਣ ਦਿੰਦੇ। ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਸਿਹਤ ਮੁਲਾਜ਼ਮਾਂ ਦਾ ਘਿਰਾਓ ਅਤੇ ਦੁਰਵਿਹਾਰ ਦੀਆਂ ਖ਼ਬਰਾਂ ਮਿਲੀਆਂ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਆਸ਼ਾ ਵਰਕਰਾਂ ਅਤੇ ਹੋਰ ਸਿਹਤ ਮੁਲਾਜ਼ਮਾਂ ਬਾਰੇ ਭੰਡੀ ਪ੍ਰਚਾਰ ਜ਼ੋਰਾਂ ‘ਤੇ ਹੈ। ਪਿੰਡ-ਪਿੰਡ ਸਪੀਕਰਾਂ ਰਾਹੀਂ ਅਨਾਊਂਸਮੈਂਟ ਕਰਵਾ ਕੇ ਸਿਹਤ ਮੁਲਾਜ਼ਮਾਂ ਨੂੰ ਪਿੰਡ ਵਿੱਚ ਵੜਨ ਤੋਂ ਰੋਕਿਆ ਜਾ ਰਿਹਾ ਹੈ।
ਆਮ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਸਿਹਤ ਮੁਲਾਜ਼ਮ ਉਹੀ ਹਨ ਜੋ ਲੰਮੇ ਸਮੇਂ ਤੋਂ ਸਾਨੂੰ ਮੁਫ਼ਤ ਸਿਹਤ ਸੇਵਾਵਾਂ ਦੇ ਰਹੇ ਹਨ। ਜਦੋਂ ਵੀ ਕੋਈ ਬਿਮਾਰੀ ਆਈ ਹੈ ਇਨ੍ਹਾਂ ਸਿਹਤ ਮੁਲਾਜ਼ਮਾਂ ਨੇ ਹੀ ਬਿਮਾਰੀ ‘ਤੇ ਕਾਬੂ ਪਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਸੰਭਵ ਇਲਾਜ ਮੁਹੱਈਆ ਕਰਵਾਇਆ ਹੈ। ਕੋਵਿਡ-19 ਮਹਾਂਮਾਰੀ ਦੌਰਾਨ ਇਹ ਵਰਤਾਰਾ ਸਭ ਨੇ ਅੱਖੀਂ ਡਿੱਠਾ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਮੁਲਾਜ਼ਮ ਤਾਂ ਠੇਕਾ ਅਧਾਰਿਤ ਅਤੇ ਨਿਗੂਣੀਆਂ ਤਨਖ਼ਾਹਾਂ ‘ਤੇ ਜੂਨ ਬਸਰ ਕਰਦੇ ਜਾਨ ਜੋਖ਼ਿਮ ਵਿੱਚ ਪਾ ਕੇ ਕੰਮ ਕਰ ਰਹੇ ਹਨ। ਐਵੇਂ ਸੁਣੀਆਂ-ਸੁਣਾਈਆਂ ਗੱਲਾਂ ਵਿਚ ਆ ਕੇ ਸਿਹਤ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
ਹਰ ਕਿੱਤੇ ਵਿੱਚ ਸਾਰੇ ਲੋਕ ਮਾੜੇ ਨਹੀਂ ਹੁੰਦੇ, ਕੁਝ ਲੋਕ ਮਾੜੇ ਹੋ ਸਕਦੇ ਹਨ। ਪਰ ਉਨ੍ਹਾਂ ਕੁਝ ਲੋਕਾਂ ਕਰਕੇ ਸਾਰੇ ਸਿਹਤ ਮੁਲਾਜ਼ਮਾਂ ਦਾ ਵਿਰੋਧ ਜਾਂ ਘਿਰਾਓ ਕਰਨਾ ਕੋਈ ਚੰਗੀ ਗੱਲ ਨਹੀਂ ਹੈ। ਪਰ ਸਾਡੇ ਲੋਕ ਬੜੀ ਛੇਤੀ ਇਸ ਤਰ੍ਹਾਂ ਦੀਆਂ ਖ਼ਬਰਾਂ ਦੇ ਪ੍ਰਭਾਵ ਵਿੱਚ ਆ ਜਾਂਦੇ ਹਨ। ਜੇਕਰ ਕੋਈ ਅਜਿਹੀ ਗੱਲਬਾਤ ਹੋਈ ਹੈ ਤਾਂ ਲੋਕਾਂ ਨੂੰ ਸਿਹਤ ਮੁਲਾਜ਼ਮਾਂ ਦਾ ਘਿਰਾਓ ਜਾਂ ਵਿਰੋਧ ਕਰਨ ਦੀ ਥਾਂ ਮੰਤਰੀਆਂ ਤੇ ਵਿਧਾਇਕਾਂ ਤੋਂ ਇਸਦਾ ਜਵਾਬ ਮੰਗਣਾ ਚਾਹੀਦਾ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ‘ਤੇ ਸਾਰਥਿਕ ਕਾਰਵਾਈ ਕਰਕੇ ਲੋਕਾਂ ਸਾਹਮਣੇ ਸੱਚਾਈ ਲੈ ਕੇ ਆਵੇ ਤਾਂ ਕਿ ਅਫਵਾਹਾਂ ਨਾਲ ਡਰੇ ਹੋਏ ਲੋਕਾਂ ਵਿੱਚ ਵਿਸ਼ਵਾਸ ਪੈਦਾ ਹੋ ਸਕੇ। ਚੁੱਪ ਧਾਰ ਕੇ ਸਿਹਤ ਮੁਲਾਜ਼ਮਾਂ ਨੂੰ ਬਲੀ ਦਾ ਬੱਕਰਾ ਬਣਾਉਣਾ ਠੀਕ ਨਹੀਂ ਹੈ।
ਇਸ ਨਾਲ ਲੋਕਾਂ ਵਿੱਚ ਸਿਹਤ ਮੁਲਾਜ਼ਮਾਂ ਦੇ ਨਾਲ-ਨਾਲ ਸਰਕਾਰ ਦਾ ਅਕਸ ਖ਼ਰਾਬ ਹੋ ਰਿਹਾ ਹੈ। ਸਰਕਾਰ ਨੂੰ ਝੂਠੀਆਂ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਕਰੋਨਾ ਸੈਂਪਲਿੰਗ ਪ੍ਰਕਿਰਿਆ, ਇਕਾਂਤਵਾਸ, ਘਰੇਲੂ ਇਕਾਂਤਵਾਸ ਫਾਰਮੈਲਿਟੀ ਆਦਿ ਨੂੰ ਵਧੇਰੇ ਸਰਲ ਤੇ ਪਾਰਦਰਸ਼ੀ ਬਣਾਉਣ ਦੀ ਲੋੜ ਹੈ। ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੁਲਾ ਕੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਸਰਕਾਰ ਨੂੰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਠੋਸ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਇਸ ਮਹਾਂਮਾਰੀ ਨਾਲ ਲੋਕਾਂ ਦਾ ਨੁਕਸਾਨ ਹੋਣ ਦੇ ਨਾਲ-ਨਾਲ ਲੋਕਾਂ ਦੇ ਰੋਹ ਨਾਲ ਸਿਹਤ ਮੁਲਾਜ਼ਮਾਂ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ।
ਚਾਨਣਦੀਪ ਸਿੰਘ ਔਲਖ ਮੋ. 98768-88177
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.