ਖੇਡ ਬਜਟ : ਤਗ਼ਮੇ ਹੀ ਨਹੀਂ ਬਜਟ ਪੱਖੋਂ ਵੀ ਹਰਿਆਣਾ ਨਾਲੋਂ ਪਛੜ ਰਿਹੈ ਪੰਜਾਬ

ਪੰਜਾਬ ਨੇ ਖੇਡਾਂ ਲਈ ਰੱਖਿਆ 270 ਕਰੋੜ ਬਜਟ ਹਰਿਆਣਾ ਨੇ 401. 17 ਕਰੋੜ ਰੁਪਏ

ਬਠਿੰਡਾ, (ਸੁਖਜੀਤ ਮਾਨ) ਕਿਸੇ ਵੇਲੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ‘ਚ ਮੋਹਰੀ ਰਹਿਣ ਵਾਲਾ ਪੰਜਾਬ ਸੂਬਾ ਹੁਣ ਖੇਡਾਂ ‘ਚ ਪਛੜਨ ਲੱਗਿਆ ਹੈ ਪੰਜਾਬ ਤੋਂ ਵੱਖ ਹੋਇਆ ਹਰਿਆਣਾ ਲਗਾਤਾਰ ਅੱਗੇ ਵਧ ਰਿਹਾ ਹੈ ਹਰਿਆਣਾ ਦਾ ਖੇਡ ਬਜਟ ਵੀ ਪੰਜਾਬ ਨਾਲੋਂ ਕਾਫੀ ਵੱਧ ਹੁੰਦਾ ਹੈ ਇਹੋ ਕਾਰਨ ਹੈ ਕਿ ਗੁਆਂਢੀ ਸੂਬੇ ਦੇ ਖਿਡਾਰੀ ਪੰਜਾਬ ਦੇ ਮੁਕਾਬਲੇ ਤਗ਼ਮੇ ਵੀ ਕਈ ਗੁਣਾਂ ਜਿਆਦਾ ਜਿੱਤਦੇ ਹਨ ਪੰਜਾਬ ਨੇ ਇਸ ਵਾਰ ਖੇਡਾਂ ਦਾ ਬਜਟ 270 ਕਰੋੜ ਰੁਪਏ ਰੱਖਿਆ ਹੈ ਜਦੋਂਕਿ ਅੱਜ ਹੀ ਪੇਸ਼ ਹੋਏ ਹਰਿਆਣਾ ਦੇ ਬਜਟ ‘ਚ ਖੇਡਾਂ ਸਬੰਧੀ 401.17 ਕਰੋੜ ਰੁਪਏ ਰੱਖੇ ਗਏ ਹਨ

ਵੇਰਵਿਆਂ ਮੁਤਾਬਿਕ ਪੰਜਾਬ ਦੇ ਮੁਕਾਬਲੇ ਹਰਿਆਣਾ ਦੇ ਖਿਡਾਰੀ ਹਰ ਖੇਤਰ ‘ਚ ਮੋਹਰੀ ਰਹਿੰਦੇ ਹਨ ਇਸੇ ਵਰ੍ਹੇ ਜਨਵਰੀ ਮਹੀਨੇ ‘ਚ ਗੁਹਾਟੀ ਵਿਖੇ ਹੋਏ ਖੇਲ੍ਹੋ ਇੰਡੀਆ ਮੁਕਾਬਲਿਆਂ ‘ਚੋਂ ਹਰਿਆਣਾ ਦੇ ਖਿਡਾਰੀ 68 ਸੋਨੇ, 60 ਚਾਂਦੀ ਅਤੇ 72 ਕਾਂਸੀ ਸਮੇਤ ਕੁੱਲ 200 ਤਗ਼ਮੇ ਜਿੱਤਕੇ ਦੇਸ਼ ਭਰ ‘ਚੋਂ ਤਗ਼ਮਾ ਸੂਚੀ ‘ਚ ਦੂਜੇ ਸਥਾਨ ‘ਤੇ ਰਹੇ ਸਨ ਜਦੋਂਕਿ ਪੰਜਾਬ 16 ਸੋਨ, 15 ਚਾਂਦੀ ਤੇ 28 ਕਾਂਸੀ ਦੇ ਤਗਮਿਆਂ ਸਮੇਤ ਕੁੱਲ 59 ਤਗ਼ਮੇ ਜਿੱਤਕੇ ਦਸਵੇਂ ਸਥਾਨ ‘ਤੇ ਰਿਹਾ ਸੀ

ਪੰਜਾਬ ਦੇ ਖਿਡਾਰੀਆਂ ਕੋਲ ਬੁਨਿਆਦੀ ਢਾਂਚਾ ਤਾਂ ਹੈ ਪਰ ਕੋਚਾਂ ਸਮੇਤ ਵੱਡੀ ਗਿਣਤੀ ਜ਼ਿਲ੍ਹਾ ਖੇਡ ਅਫ਼ਸਰਾਂ ਦੀ ਵੱਡੀ ਘਾਟ ਹਮੇਸ਼ਾ ਰੜਕਦੀ ਰਹਿੰਦੀ ਹੈ ਪੰਜਾਬ ਦੇ ਖਿਡਾਰੀ ਜੇਕਰ ਏਸ਼ੀਆ ਜਾਂ ਓਲੰਪਿਕ ‘ਚੋਂ ਤਗ਼ਮੇ ਜਿੱਤਕੇ ਆਉਣਗੇ ਫਿਰ ਹੀ ਇਨਾਮੀ ਰਾਸ਼ੀ ਮਿਲਦੀ ਹੈ ਜਦੋਂਕਿ ਹਰਿਆਣਾ ਸੂਬੇ ਦਾ ਕੋਈ ਖਿਡਾਰੀ ਓਲੰਪਿਕ ‘ਚ ਹਿੱਸਾ ਵੀ ਲੈਂਦਾ ਹੈ ਤੇ ਤਗ਼ਮਾ ਵੀ ਨਹੀਂ ਜਿੱਤ ਸਕਦਾ ਤਾਂ ਵੀ ਹਰਿਆਣਾ ਸਰਕਾਰ ਉਸ ਨੂੰ 15 ਲੱਖ ਰੁਪਏ ਦੀ ਹੌਂਸਲਾ ਅਫਜ਼ਾਈ ਰਾਸ਼ੀ ਦਿੰਦੀ ਹੈ

ਪੰਜਾਬ ਦੇ ਖੇਡ ਹਾਲਾਤ ਤਾਂ ਅਜਿਹੇ ਹਨ ਕਿ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਏਸ਼ੀਆਈ ਚੈਂਪੀਅਨਸ਼ਿਪ ਦਾ ਸੋਨ ਤਗ਼ਮਾ ਅਤੇ ਕਾਮਨਵੈਲਥ ਖੇਡਾਂ ਦੇ ਸੋਨ ਤਗ਼ਮਾ ਜੇਤੂ ਜਸਲੀਨ ਸਿੰਘ ਸੈਣੀ ਦੀ ਵਿੱਤੀ ਸਹਾਇਤਾ ਦੀ ਮੱਦਦ ਤੋਂ ਇਨਕਾਰ ਕਰ ਦਿੱਤਾ ਖੇਡ ਵਿਭਾਗ ਵੱਲੋਂ ਇਸ ਕੌਮਾਂਤਰੀ ਖਿਡਾਰੀ ਨੂੰ ਲਿਖੀ ਗਈ ਜਵਾਬੀ ਚਿੱਠੀ ਦੀ ਕਾਪੀ ਵੀ ‘ਸੱਚ ਕਹੂੰ’ ਕੋਲ ਮੌਜੂਦ ਹੈ ਜਿਸ ‘ਚ ਵਿਭਾਗ ਨੇ ਲਿਖਿਆ ਹੈ ਕਿ ਸਾਲ 2015, 16 ਤੇ 17 ਦੀਆਂ ਖੇਡ ਪ੍ਰਾਪਤੀਆਂ ਦੀ ਇਨਾਮੀ ਰਾਸ਼ੀ 3 ਲੱਖ 90 ਹਜ਼ਾਰ ਰੁਪਏ ਇਨਾਮੀ ਰਾਸ਼ੀ ਦੇ ਦਿੱਤੀ ਹੈ

ਜਦੋਂਕਿ ਸਾਲ 2017-18 ਦੀਆਂ ਖੇਡ ਪ੍ਰਾਪਤੀਆਂ ਦੀ ਬਣਦੀ ਰਾਸ਼ੀ 20 ਹਜ਼ਾਰ ਰੁਪਏ ਮਿਲਣਯੋਗ ਹੈ ਇਸ ਖਿਡਾਰੀ ਨੂੰ ਉਸਦੀ ਬਕਾਇਆ ਰਾਸ਼ੀ ਵੀ ਹਾਲੇ ਨਹੀਂ ਮਿਲੀ ਪਰ ਨਾਲ ਹੀ ਵਿਭਾਗ ਨੇ ਜਵਾਬ ਲਿਖ ਦਿੱਤਾ ਹੈ ਕਿ ਪੰਜਾਬ ਸਟੇਟ ਸਪੋਰਟਸ ਕੌਂਸਲ ਵੱਲੋਂ ਹੋਰ ਵਿੱਤੀ ਸਹਾਇਤਾ ਦੇਣ ਤੋਂ ਅਸਮਰਥਾ ਪ੍ਰਗਟ ਕੀਤੀ ਜਾਂਦੀ ਹੈ

ਬਠਿੰਡਾ ਦੇ ਹਾਕੀ ਐਸਟ੍ਰੋਟਰਫ ਵਾਲੇ ਮੈਦਾਨ ‘ਚੋਂ ਵੱਡੀ ਗਿਣਤੀ ਖਿਡਾਰੀ ਕੌਮੀ ਪੱਧਰ ਤੱਕ ਪਹੁੰਚ ਚੁੱਕੇ ਹਨ ਇਸੇ ਮੈਦਾਨ ‘ਚ ਖੇਡਣ ਵਾਲੀ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਮੁਹਾਲ  ਚੱਕ ਪੰਨੂਆਂ ਦੀ ਹਾਕੀ ਖਿਡਾਰਨ ਰਾਜਵਿੰਦਰ ਕੌਰ ਇੰਨ੍ਹੀਂ ਦਿਨੀਂ ਭਾਰਤੀ ਓਲੰਪਿਕ ਟੀਮ ਦੀ ਚੋਣ ਸਬੰਧੀ ਬੰਗਲੌਰ ‘ਚ ਚੱਲ ਰਹੇ ਕੈਂਪ ਦਾ ਹਿੱਸਾ ਵੀ ਬਣੀ ਹੈ ਜੇ ਇਸ ਹਾਕੀ ਮੈਦਾਨ ਦੀ ਸੰਭਾਲ ਦੀ ਗੱਲ ਕਰੀਏ ਤਾਂ ਸਥਾਨਕ ਕੋਚਾਂ ਵੱਲੋਂ ਤਾਂ ਕੋਈ ਕਸਰ ਨਹੀਂ ਛੱਡੀ ਜਾ ਰਹੀ ਪਰ ਵਿਭਾਗ ਵੱਲੋਂ ਲੰਬੇ ਸਮੇਂ ਤੋਂ ਮੈਦਾਨ ਦੀ ਸਫ਼ਾਈ ‘ਚ ਅੜਿੱਕਾ ਬਣਿਆ ਹੋਇਆ

‘ਸਰਫਿਨ ਕਲੀਨਰ’ ਪਿਛਲੇ ਲੰਬੇ ਸਮੇਂ ਤੋਂ ਖਰਾਬ ਪਿਆ ਹੈ ਜਿਸ ਕਾਰਨ ਮੈਦਾਨ ਦੀ ਹਾਲਤ ਖ਼ਰਾਬ ਹੋ ਰਹੀ ਹੈ ਜਿਹੜੇ ਮੈਦਾਨ ਨੂੰ ਸਿਰਫ 15-20 ਦਿਨ ‘ਚ ਚੰਗੀ ਤਰ੍ਹਾਂ ਸਾਫ਼ ਕੀਤਾ ਜਾ ਸਕਦਾ ਹੈ ਉਹ ਹੁਣ ਕਰੀਬ ਡੇਢ ਮਹੀਨੇ ‘ਚ ਹੁੰਦਾ ਹੈ ਵਿਭਾਗ ਨੂੰ ਇਸ ਸਬੰਧੀ ਪੱਤਰ ਵੀ ਲਿਖਿਆ ਹੋਇਆ ਹੈ ਪਰ ਹਾਲੇ ਤੱਕ ‘ਸਰਫਿਨ ਕਲੀਨਰ’ ਨਹੀਂ ਮਿਲਿਆ

ਜੇ ਖਿਡਾਰੀਆਂ ਤੱਕ ਸਹੀ ਪੁੱਜੇ ਰਾਸ਼ੀ ਤਾਂ ਫਾਇਦਾ : ਪ੍ਰਗਟ  ਸਿੰਘ

ਸਾਬਕਾ ਹਾਕੀ ਓਲੰਪੀਅਨ ਅਤੇ ਜਲੰਧਰ ਛਾਉਣੀ ਤੋਂ ਵਿਧਾਇਕ ਪਦਮ ਸ੍ਰੀ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਕੋਲ ਖੇਡ ਢਾਂਚਾ ਤਾਂ ਬਹੁਤ ਹੈ ਪਰ ਖਿਡਾਰੀਆਂ ਦੀ ਖੁਰਾਕ ਅਤੇ ਖੇਡ ਕਿੱਟਾਂ ਆਦਿ ਲਈ ਪੂਰਾ ਪੈਸਾ ਉਨ੍ਹਾਂ ਤੱਕ ਪੁੱਜਣਾ ਚਾਹੀਦਾ ਹੈ ਉਨ੍ਹਾਂ ਆਖਿਆ ਕਿ ਜੇਕਰ ਬਜਟ ‘ਚ ਐਲਾਨਿਆ 270 ਕਰੋੜ ਰੁਪਿਆ ਸਹੀ ਅਰਥਾਂ ‘ਚ ਖਿਡਾਰੀਆਂ ਤੱਕ ਬਿਨ੍ਹਾਂ ਕਿਸੇ ਭ੍ਰਿਸ਼ਟਾਚਾਰ ਦੇ ਪਹੁੰਚ ਗਿਆ ਤਾਂ ਹੀ ਖਿਡਾਰੀ ਤਗ਼ਮੇ ਲਿਆ ਸਕਦੇ ਹਨ  ਉਨ੍ਹਾਂ ਸਪੱਸ਼ਟ ਕੀਤਾ ਕਿ ਐਲਾਨੀ ਗਈ ਰਾਸ਼ੀ ਇਕੱਲਾ ਖੇਡ ਢਾਂਚਾ ਉਸਾਰਨ ਦੀ ਥਾਂ ਸਿਰਫ ਖਿਡਾਰੀਆਂ ਲਈ ਹੀ ਖਰਚ ਹੋਣੀ ਚਾਹੀਦੀ ਹੈ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਟਿੱਪਣੀ ਜਾਨਣ ਸਬੰਧੀ ਕਈ ਵਾਰ ਫੋਨ ਕੀਤਾ ਪਰ ਉਨ੍ਹਾਂ ਨੇ ਫੋਨ ਹੀ ਨਹੀਂ ਚੁੱਕਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।