ਰਫ਼ਤਾਰ

ਰਫ਼ਤਾਰ

ਅਪਰੈਲ ਦਾ ਮਹੀਨਾ ਅੱਧ ਤੋਂ ਵੱਧ ਲੰਘ ਚੁੱਕਿਆ ਸੀ। ਇਸ ਵਾਰ ਗਰਮੀ ਅਗੇਤੀ ਪੈਣ ਲੱਗ ਪਈ। ਜਿਵੇਂ ਮਈ-ਜੂਨ ਦਾ ਮਹੀਨਾ ਤਪਦਾ ਹੈ ਲੋਅ ਚੱਲ ਰਹੀ ਸੀ। ਸਿਖਰ ਦੁਪਹਿਰ ਤਿੱਖੜ ਧੁੱਪ ਪੰਛੀ ਕੋਈ ਨਜ਼ਰ ਨਹੀਂ ਸੀ ਆ ਰਿਹਾ। ਉਹ ਵੀ ਦਰੱਖ਼ਤਾਂ ’ਤੇ ਚੜ੍ਹ ਛਾਵੇਂ ਬੈਠ ਗਏ। ਘਰਾਂ ਵਿੱਚੋਂ ਵੀ ਬਿਨਾਂ ਕੰਮ ਤੋਂ ਕੋਈ ਬਾਹਰ ਨਹੀਂ ਸੀ ਨਿੱਕਲਦਾ। ਲੋਕ ਸਾਜ਼ਰੇ ਕੰਮ ਨਿਬੇੜ ਲੈਂਦੇ ਜਾਂ ਆਥਣੇ ਤਪਸ਼ ਘਟਣ ’ਤੇ ਘਰਾਂ ’ਚੋਂ ਨਿੱਕਲਦੇ।

ਮੈਂ ਵੀ ਐਤਵਾਰ ਦੀ ਛੁੱਟੀ ਦਾ ਲਾਹਾ ਲੈ ਘਰਵਾਲੀ ਨਾਲ ਸੰਗਰੂਰ ਫ਼ੌਜੀ ਕੰਟੀਨ ਵਿੱਚ ਆਇਆ ਸੀ। ਬੜੀ ਭੀੜ ਲੱਗੀ ਹੋਈ ਸੀ। ਸਾਰੇ ਸਾਬਕਾ ਫ਼ੌਜੀ ਕਤਾਰਾਂ ਵਿੱਚ ਖੜ੍ਹੇ ਸਨ। ਅਸੀਂ ਵੀ ਉਨ੍ਹਾਂ ਦੇ ਮਗਰ ਕਤਾਰ ਨਾਲ ਜੁੜ ਗਏ। ਇੱਕ ਬੰਦਾ ਕੰਟੀਨ ਵਿੱਚੋਂ ਬਾਹਰ ਨਿੱਕਲਦਾ, ਦੂਜਾ ਉਸ¿; ਦੀ ਖਾਲ੍ਹੀ ਟੋਕਰੀ ਲੈਣ ਮਗਰ ਤੁਰ ਪੈਂਦਾ। ਇੰਝ ਕੰਟੀਨ ਦੇ ਅੰਦਰ ਜਾਣ ਦੀ ਵਾਰੀ ਆਉਂਦੀ ਸੀ। ਬਾਹਰ ਲੋਕਾਂ ਦਾ ਗਰਮੀ ਨਾਲ ਬੁਰਾ ਹਾਲ ਹੋਇਆ ਪਿਆ ਸੀ।

ਘਰਵਾਲੀ ਨੇ ਮੈਨੂੰ ਕਈ ਵਾਰ ਕਹਿ ਵੀ ਦਿੱਤਾ ਸੀ, ਵਾਪਸ ਚੱਲੀਏ.. ਉਸ ਨੂੰ ਗਰਮੀ ਤੇ ਵਧਦੀ ਕਤਾਰ ਨੇ ਪ੍ਰੇਸ਼ਾਨ ਕਰ ਰੱਖਿਆ ਸੀ। ਸਾਬਕਾ ਫ਼ੌਜੀਆਂ ਤੋਂ ਇਲਾਵਾ ਸਿਵਲ ਦੇ ਲੋਕ ਬਹੁਤ ਨਜ਼ਰ ਆ ਰਹੇ ਸੀ। ਜਿਹੜੇ ਸਾਮਾਨ ਦੀਆਂ ਵੱਡੀਆਂ-ਵੱਡੀਆਂ ਟੋਕਰੀਆਂ ਭਰਕੇ ਲਿਜਾ ਰਹੇ ਸਨ। ਦੇਖਣ ਤੋਂ ਤਾਂ ਆਏਂ ਲੱਗਦਾ ਸੀ, ਜਿਵੇਂ ਕਿਸੇ ਦੁਕਾਨ ’ਤੇ ਲਿਜਾ ਕੇ ਸਾਮਾਨ ਰੱਖਣਾ ਹੁੰਦਾ ਹੈ। ਜਾਂ ਸਾਲ ਭਰ ਦਾ ਕੋਟਾ ਇਕੱਠਾ ਲੈ ਲਿਆ ਹੋਵੇ। ਕੰਟੀਨ ’ਚ ਹੁੰਦਾ ਵੀ ਇੰਝ ਹੀ ਹੈ। ਲੋਕ ਕਿਸੇ ਸਾਬਕਾ ਫ਼ੌਜੀ ਨੂੰ ਨਾਲ ਲੈ ਕੇ ਆ ਜਾਂਦੇ ਨੇ, ਤੇ ਸਾਮਾਨ ਦੇ ਵੱਡੇ-ਵੱਡੇ ਬੈਗ ਭਰਕੇ ਲਿਆਉਂਦੇ ਹਨ।

ਘੰਟੇ ਦੇ ਇੰਤਜ਼ਾਰ ਤੋਂ ਬਾਅਦ ਸਾਡੀ ਵਾਰੀ ਵੀ ਆ ਗਈ। ਥੋੜ੍ਹਾ ਸੁਖ ਦਾ ਸਾਹ ਆਇਆ। ਅੰਦਰ ਬਿੱਲ ਵਾਲੇ ਕਾਉਟਰ ’ਤੇ ਕਤਾਰਾਂ ਲੱਗੀਆਂ ਹੋਈਆਂ ਸਨ। ਘੰਟੇ ’ਚ ਅਸੀਂ ਬਿੱਲ ਕਟਵਾ ਕੇ ਸਾਮਾਨ ਲੈ ਬਾਹਰ ਆ ਗਏ। ਉਦੋਂ ਤੱਕ ਬਾਰ੍ਹਾਂ ਵਾਲੀ ਸੂਈ ’ਤੇ ਸੂਈ ਚੜ੍ਹ ਚੁੱਕੀ ਸੀ। ਜਦੋਂ ਸਾਮਾਨ ਆ ਜਾਂਦਾ ਹੈ ਤਾਂ ਦੋ-ਚਾਰ ਦਿਨਾਂ ਵਿੱਚ ਹੀ ਖ਼ਤਮ ਵੀ ਹੋ ਜਾਂਦਾ ਹੈ। ਸਾਡਾ ਅੱਜ ਕੰਟੀਨ ’ਚੋਂ ਸਾਮਾਨ ਲੈਣਾ, ਕਿਸੇ ਜੰਗ ਜਿੱਤਣ ਤੋਂ ਘੱਟ ਨਹੀਂ ਸੀ।

ਅਸੀਂ ਸਾਮਾਨ ਗੱਡੀ ਵਿੱਚ ਰੱਖ ਸੈਲਫ ਮਾਰ ਲਈ। ਅਸੀਂ ਕੈਂਟ ਦੇ ਗੇਟ ਕੋਲ ਪਹੁੰਚੇ ਸੀ ਕਿ ਘਰਵਾਲੀ ਨੂੰ ਤੁਰਿਆ ਜਾਂਦਾ, ਇੱਕ ਬਜ਼ੁਰਗ ਜੋੜਾ ਸਿਰ ’ਤੇ ਝੋਲਾ ਰੱਖੀਂ ਦਿਖਾਈ ਦਿੱਤਾ।
‘‘ਇਨ੍ਹਾਂ ਨੂੰ ਚੜ੍ਹਾ ਲਓ, ਵਿਚਾਰੇ ਧੁੱਪ ਵਿੱਚ ਮੱਚਦੇ ਪਏ ਨੇ।’’ ਘਰਵਾਲੀ ਨੇ ਕਿਹਾ। ਮੈਂ ਗੱਡੀ ਦੀ ਬਰੇਕ ਮਾਰੀ। ਉਨ੍ਹਾਂ ਦੋਵਾਂ ਨੂੰ ਗੱਡੀ ਵਿੱਚ ਬਿਠਾ ਲਿਆ। ਮਾਤਾ ਨੇ ਅਸੀਸਾਂ ਦੀ ਝੜੀ ਲਾ ਦਿੱਤੀ।

‘‘ਜਿਊਂਦਾ ਰਹਿ ਪੁੱਤ, ਲੰਮੀਆਂ ਉਮਰਾਂ ਮਾਣੇ!’’
‘‘ਮਾਤਾ ਕਿੱਥੇ ਜਾਣਾ ਐ?’’ ਮੈਂ ਉਨ੍ਹਾਂ ਨੂੰ ਪੁੱਛਿਆ।

‘‘ਪੁੱਤ ਬੱਸ ਅੱਡੇ ਜਾਣਾ ਉੱਥੋਂ ਲਹਿਰੇ ਵਾਲੀ ਬੱਸ ਚੜ੍ਹਨੈ।’’ ਮਾਤਾ ਹੀ ਬੋਲ ਰਹੀ ਸੀ, ਬਜ਼ੁਰਗ ਬਾਪੂ ਚੁੱਪ ਕਰਿਆ ਬੈਠਾ ਸੀ।
‘‘ਮਾਤਾ ਅਸੀਂ ਸੁਨਾਮ ਵੱਲ ਨੂੰ ਜਾਵਾਂਗੇ, ਅਸੀਂ ਪੰਜ ਕੁ ਮਿੰਟ ਇੱਕ ਦੁਕਾਨ ’ਤੇ ਰੁਕਣਾ ਐ। ਚਾਹੇ ਤਾਂ ਤੁਸੀਂ ਸਾਡੇ ਨਾਲ਼ ਚੱਲ ਸਕਦੇ ਹੋ।’’ ਮੈਂ ਮਾਤਾ ਨੂੰ ਕਿਹਾ।

‘‘ਕੋਈ ਨਹੀਂ ਪੁੱਤ ਅਸੀਂ ਸੋਡੇ ਨਾਲ਼ ਹੀ ਵਗ ਚੱਲਾਂਗੇ, ਤੁਸੀਂ ਆਪਣਾ ਕੰਮ ਕਰ ਆਓ!’’ ਜਦੋਂ ਅਸੀਂ ਬਾਜ਼ਾਰ ਵਾਲ਼ੀ ਸੜਕ ਚੜ੍ਹੇ ਤਾਂ ਮੈਂ ਗੱਡੀ ਸਾਈਡ ’ਤੇ ਲਾ ਦਿੱਤੀ। ਅਸੀਂ ਦੋਵੇਂ ਦੁਕਾਨ ਵੱਲ ਨੂੰ ਚੱਲ ਪਏ। ਗੱਡੀ ਸਟਾਰਟ ਹੀ ਰਹਿਣ ਦਿੱਤੀ ਏ. ਸੀ. ਚੱਲ ਰਿਹਾ ਸੀ।
ਅਸੀਂ ਆਪਣਾ ਕੰਮ ਨਿਬੇੜ ਕੇ ਦਸ ਕੁ ਮਿੰਟਾਂ ਵਿੱਚ ਵਾਪਸ ਆ ਗਏ। ਦੋਵੇਂ ਬਜ਼ੁਰਗ ਪੋਣੇ ’ਚੋਂ ਕੱਢ ਅੰਬ ਦੇ ਅਚਾਰ ਨਾਲ਼ ਰੋਟੀ ਖਾ ਰਹੇ ਸੀ। ਸਾਨੂੰ ਦੇਖ ਉਨ੍ਹਾਂ ਰੋਟੀਆਂ ਪੋਣੇ ਵਿੱਚ ਲਪੇਟ ਦਿੱਤੀਆਂ।

‘‘ਮਾਤਾ ਜੀ ਰੋਟੀ ਖਾ ਲਓ ਕੋਈ ਨੀ ਮੈਂ ਪੰਜ ਮਿੰਟ ਹੋਰ ਰੁਕ ਜਾਨਾਂ।’’ ਮੈਂ ਉਨ੍ਹਾਂ ਨੂੰ ਪਾਣੀ ਦੀ ਬੋਤਲ ਫੜਾ ਦਿੱਤੀ।
‘‘ਪੁੱਤ ਤੁਸੀਂ ਵੀ ਰੋਟੀ ਖਾ ਲਓ।’’ ‘‘ਨਹੀਂ ਮਾਤਾ ਜੀ ਤੁਸੀਂ ਖਾਓ ਅਸੀਂ ਖਾ ਕੇ ਆਏ ਹਾਂ।’’ ਕੁਝ ਮਿੰਟਾਂ ’ਚ ਉਨ੍ਹਾਂ ਰੋਟੀ ਵਾਲਾ ਕੰਮ ਨਿਬੇੜ ਲਿਆ। ਪੋਣਾ ਇਕੱਠਾ ਕਰ ਝੋਲੇ ਵਿੱਚ ਪਾ ਲਿਆ। ਓਕ ਨਾਲ਼ ਹੀ ਉਨ੍ਹਾਂ ਗੱਡੀ ਦੀ ਖਿੜਕੀ ਖੋਲ੍ਹ ਪਾਣੀ ਪੀਤਾ।

‘‘ਚੱਲੋ ਪੁੱਤ ਆ ਤਾਂ ਰੰਗ ਲਾ’ਤੇ ਨਹੀਂ ਅਸੀਂ ਖੱਜਲ ਹੁੰਦੇ ਰਹਿੰਦੇ।’’ ਮਾਤਾ ਫਿਰ ਅਸੀਸਾਂ ਦੇਣ ਲੱਗ ਪਈ। ਮੈਂ ਗੱਡੀ ਤੋਰ ਲਈ।
‘‘ਬਾਪੂ ਜੀ ਕਿਹੜੀ ਰੈਜਮੈਂਟ ਵਿੱਚ ਨੌਕਰੀ ਕਰਕੇ ਆਏ ਓ?’’ ਬਾਪੂ ਕੁੱਝ ਵੀ ਨਹੀਂ ਬੋਲਿਆ। ‘‘ਪੁੱਤ ਇਹਨੂੰ ਸੁਣਦਾ ਨ੍ਹੀਂ। ਇਹਦੇ ਕੰਨਾਂ ਵਾਲੀਆਂ ਮਸ਼ੀਨਾਂ ਵੀ ਲੱਗੀਆਂ ਨੇ। ਉਹ ਵੀ ਕੰਮ ਨਹੀਂ ਕਰਦੀਆਂ।’’ ਮਾਤਾ ਨੇ ਇੱਕ ਵਾਰ ’ਚ ਕਈ ਉੱਤਰ ਦੇ ਦਿੱਤੇ। ਮੈਂ ਸਮਝ ਗਿਆ। ਬਾਪੂ ਨੇ ਹੁਣ ਤੱਕ ਸਾਡੇ ਨਾਲ ਜ਼ੁਬਾਨ ਕਿਉਂ ਨਹੀਂ ਸੀ ਸਾਂਝੀ ਕੀਤੀ।

‘‘ਨੌਕਰੀ ਕਿਹੜੀ ਰੈਜਮੈਂਟ ਵਿੱਚ ਕੀਤੀ ਐ ਬਾਪੂ ਨੇ?’’ ਮੈਂ ਮਾਤਾ ਨੂੰ ਸੰਬੋਧਨ ਹੋਇਆ। ਗੱਡੀ ਸੰਗਰੂਰ ਦੇ ਬਾਜ਼ਾਰ ਵਿੱਚ ਦੀ ਲੰਘ ਰਹੀ ਸੀ।
‘‘ਇਹਨੇ ਕਾਹਨੂੰ ਨੌਕਰੀ ਕੀਤੀ ਐ ਪੁੱਤ। ਸਾਡਾ ਮੁੰਡਾ ਕਰਦਾ ਸੀ ਫ਼ੌਜ ’ਚ ਨੌਕਰੀ। ਉਹ ਪੂਰਾ ਹੋ ਗਿਆ ਸੀ।’’ ਮਾਤਾ ਨੇ ਅਗਲੀ ਗੱਲ ਆਪੇ ਆਖ ਦਿੱਤੀ। ਮੈਂ ਚੁੱਪ ਕਰ ਗਿਆ। ਘਰਵਾਲੀ ਮੇਰੇ ਵੱਲ ਕਦੇ ਮਾਤਾ ਵੱਲ ਦੇਖ ਰਹੀ ਸੀ। ‘‘ਕਿੰਨਾਂ ਚਿਰ ਹੋ ਗਿਆ?’’ ‘‘ਦਸ ਸਾਲ ਹੋ ਗਏ ਪੁੱਤ। ਜੰਮੂ ਵਿੱਚ ਅੱਤਵਾਦੀਆਂ ਨਾਲ ਲੜਾਈ ਵਿੱਚ ਮਾਰਿਆ ਗਿਆ।’’ ਮਾਤਾ ਦੇ ਬੋਲ ਭਾਰੇ ਹੋ ਗਏ। ਬਾਪੂ ਚੁੱਪ ਸੀ।
‘‘ਕੋਈ ਜੁਆਕ-ਜੱਲਾ ਹੈਗਾ?’’

‘‘ਪੁੱਛ ਨਾ ਪੁੱਤ। ਸਾਡੇ ਕਰਮ ਤਾਂ ਬਾਹਲੇ ਖੋਟੇ ਨੇ। ਇੱਕ ਮੁੰਡਾ ਹੈਗਾ ਸੀ ਉਸ ਵਕਤ ਛੀ ਮਹੀਨਿਆਂ ਦਾ ਜਦੋਂ ਮੇਰਾ ਪੁੱਤ ਮੁੱਕਿਆ। ਚੰਦਰੀ ਉਹ ਵੀ ਨਾਲ਼ ਲੈ ਗਈ। ਸਾਨੂੰ ਛੱਡ ਗਈ ਰੁਲਦਿਆਂ ਨੂੰ। ਬਥੇਰੇ ਤਰਲੇ ਕੀਤੇ, ਮੇਰੇ ਪੁੱਤ ਦੀ ਨਿਸ਼ਾਨੀ ਸਾਡੇ ਕੋਲ਼ ਰਹਿਣ ਦੇ, ਤੂੰ ਜਾਣਾ ਜਾਹ।’’ ਮਾਤਾ ਦੀਆਂ ਅੱਖਾਂ ਭਰ ਆਈਆਂ। ਉਹ ਚੁੱਪ ਕਰ ਗਈ। ਗੱਡੀ ਸ਼ਹਿਰ ਤੋਂ ਬਾਹਰ ਮੇਨ ਰੋਡ ’ਤੇ ਚੜ੍ਹ ਗਈ। ਮੈਂ ਗੱਡੀ ਦੀ ਰਫ਼ਤਾਰ ਆਮ ਨਾਲੋਂ ਘੱਟ ਕਰ ਰੱਖੀ ਸੀ। ਮਾਤਾ ਤੋਂ ਬਹੁਤ ਕੁਝ ਜਾਣਨ ਦੀ ਇੱਛਾ ਸੀ। ਇੱਕ ਵਾਰ ਗੱਡੀ ਵਿੱਚ ਚੁੱਪ ਪਸਰ ਗਈ।
‘‘ਵਿਆਹ ਨੂੰ ਕਿੰਨਾ ਚਿਰ ਹੋ ਗਿਆ ਸੀ?ਉਸ ਦੀ ਮੌਤ ਵੇਲੇ?’’ ਮੈਂ ਚੁੱਪ ਨੂੰ ਫਿਰ ਸ਼ਬਦਾਂ ਦਾ ਜਾਮਾ ਪਾਉਣ ਦੀ ਕੋਸ਼ਿਸ਼ ਕੀਤੀ।

‘‘ਦੋ ਕੁ ਸਾਲ ਹੀ ਹੋਏ ਸੀ, ਮਾੜੀ ਕਿਸਮਤ ਵਾਲੇ ਦੇ ਵਿਆਹ ਨੂੰ। ਇੱਕ ਪੁੱਤ ਸੀ ਉਹ ਵੀ ਖਾ ਲਿਆ। ਰਹਿੰਦੀ-ਖੰੁਹਦੀ ਇਹ ਡੋਬਾ ਦੇ ਗਈ। ਅਸੀਂ ਦੋਵੇਂ ਤੁਰੇ ਫਿਰਦੇ ਹਾਂ ਕੰਧਾਂ ਨਾਲ਼ ਟੱਕਰਾਂ ਮਾਰਦੇ। ਕੁੜੀ ਵਿੱਚ ਦੀ ਆ ਜਾਂਦੀ ਆ, ਚਾਰ ਦਿਨ ਲਾ ਜਾਂਦੀ ਐ। ਦੋਹਤੀ ਰੱਖੀ ਹੋਈ ਐ ਅਸੀਂ, ਉਹ ਰਹਿੰਦੀ ਐ ਸਾਡੇ ਕੋਲ਼।’’ ਮਾਤਾ ਕਈ ਸਵਾਲਾਂ ਦੇ ਜਵਾਬ ਆਪ ਹੀ ਦੇ ਗਈ। ਜਿਹੜੇ ਮੈਂ ਪੁੱਛਣਾ ਚਾਹੁੰਦਾ ਸੀ।
‘‘ਮਾਤਾ ਫਿਰ ਪੈਨਸ਼ਨ ਕਿੰਨੀ ਮਿਲ ਜਾਂਦੀ ਐ?’’ ਮੈਂ ਗੱਲ ਦੀ ਲੜੀ ਬਦਲਣ ਦੀ ਕੋਸ਼ਿਸ਼ ਕੀਤੀ, ‘‘ਜਿਹੜੇ ਫ਼ੌਜੀ ਜਵਾਨ ਡਿਊਟੀ ਦੌਰਾਟ ਸ਼ਹੀਦ ਹੋ ਜਾਂਦੇ ਨੇ ਉੱਨ੍ਹਾਂ ਨੂੰ ਪੈਨਸ਼ਨ ਪੂਰੀ ਮਿਲਦੀ ਹੈ।’’

‘‘ਪੁੱਤ ਕਿਹੜੀ ਪੈਨਸ਼ਨ, ਸਾਨੂੰ ਕੋਈ ਪੈਨਸ਼ਨ ਨਹੀਂ ਮਿਲੀ। ਮੇਰੇ ਪੁੱਤ ਦੇ ਮਰੇ ਤੋਂ ਜਿਹੜਾ ਪੈਸਾ ਮਿਲਿਆ ਸੀ। ਸਾਰਾ ਪੈਸਾ ਤੇ ਪੈਨਸ਼ਨ ਵੀ ਉਹ ਆਪਣੇ ਨਾਂਅ ਕਰਵਾ ਕੇ ਲੈ ਗਈ। ਮੁੰਡੇ ਦੀ ਮੌਤ ਤੋਂ ਬਾਅਦ ਦੋ ਮਹੀਨੇ ਨਹੀਂ ਰੁਕੀ। ਜਿਉਂ ਪੈਸੇ ਆ ਗਏ। ਪੈਨਸ਼ਨ ਲੱਗ ਗਈ ਗੋਦੀ ਚੁੱਕ ਮੁੰਡਾ ਤੁਰ ਗਈ। ਬਥੇਰੀਆਂ ਪੰਚਾਇਤਾਂ ਗਈਆਂ। ਇਨ੍ਹਾਂ ਨੂੰ ਕੁੱਝ ਦੇ ਭਾਈ ਬੁੜ੍ਹੇ ਬੰਦੇ ਜ਼ਿੰਦਗੀ ਕਿਵੇਂ ਕੱਟਣਗੇ? ਉਨ੍ਹਾਂ ਟੱਬਰ ਨੇ ਪੈਰ ’ਤੇ ਪਾਣੀ ਹੀ ਨਹੀਂ ਪੈਣ ਦਿੱਤਾ। ਬਹੂ ਚੰਦਰੀ ਨੇ ਵੀ ਕਿਸੇ ਦੀ ਨਹੀਂ ਸੁਣੀ। ਪੈਸੇ ਦਾ ਇੰਨਾ ਲਾਲਚ ਹੋ ਗਿਆ। ਸਾਨੂੰ ਕੱਖੋਂ ਹੌਲੇ ਕਰ ਗਈ।’’ ਮਾਤਾ ਨੇ ਵੱਡਾ ਸਾਰਾ ਹੌਂਕਾ ਲਿਆ।

‘‘ਮਾਤਾ, ਬਹੁਤ ਮਾੜੀ ਕੀਤੀ ਤੁਹਾਡੇ ਨਾਲ਼।’’

‘‘ਮਾੜੀ ਵਰਗੀ ਮਾੜੀ ਪੁੱਤ, ਉਸ ਨੇ ਤਾਂ ਸਾਲ ਬਾਦ ਦੂਜਾ ਵਿਆਹ ਵੀ ਕਰਵਾ ਲਿਆ। ਹੁਣ ਮਾਸਟਰਨੀ ਲੱਗੀ ਹੋਈ ਐ ਸਕੂਲ ’ਚ। ਜਵਾਕ ਦਾ ਮੋਹ ਆ ਜਾਂਦਾ। ਆਪਣਾ ਖ਼ੂਨ ਐ। ਕਦੇ ਮਿਲਣ ਨੂੰ ਚਿੱਤ ਕਰ ਆਉਂਦਾ। ਉਹ ਤਾਂ ਜਵਾਕ ਨੂੰ ਵੀ ਮਿਲਣ ਨਹੀਂ ਦਿੰਦੀ। ਸਾਡੇ ’ਤੇ ਠਾਣੇ ਵਿੱਚ ’ਰਪਟ ਦੇ ਆਈ। ਪੁਲਿਸ ਸਾਨੂੰ ’ਰੋਬ ਮਾਰ ਜਾਂਦੀ।’’ ਮਾਤਾ ਦੀਆਂ ਗੱਲਾਂ ਨੇ ਮੇਰੇ ਅੰਦਰ ਉਥਲ-ਪੁਥਲ ਮਚਾ ਦਿੱਤੀ।¿;
‘‘ਮਾਤਾ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲਦੈ?’’ ਮੈਂ ਵਿੱਚੋਂ ਟੋਕ ਦਿੱਤਾ।

‘‘ਇਹ ਤੋਂ ਤਾਂ ਕੋਈ ਕੰਮ ਹੁੰਦਾ ਨਹੀਂ ਮੈਂ ਲੋਕਾਂ ਦੇ ਘਰਾਂ ਵਿੱਚ ਖ਼ੁਸ਼ੀ-ਗਮੀ ’ਤੇ ਭਾਂਡੇ ਮਾਂਜ ਕੇ ਚਾਰ ਛਿੱਲੜਾਂ ਨਾਲ਼ ਤੋਰਾ ਤੋਰਦੀ ਹਾਂ। ਅਸੀਂ ਪੁੱਤ ਰਾਜੇ ਹੁੰਨੇ ਆਂ। ਸਾਨੂੰ ਤਾਂ ਆ ਦੋ ਕਾਰਡ ਫ਼ੌਜ ਨੇ ਦਿੱਤੇ ਨੇ, ਦਵਾਈ-ਬੂਟੀ ਮਿਲ ਜਾਂਦੀ ਐ। ਪੰਜ-ਚਾਰ ਸਾਬਣਾਂ, ਤੇਲ ਲੈ ਜਾਨੇ ਆਂ। ਸਾਡੇ ਕੋਲ਼ ਚੰਦਰੀ ਜੁਆਕ ਹੀ ਛੱਡ ਜਾਂਦੀ, ਨਾ ਸਾਨੂੰ ਕੋਈ ਪੈਸਾ-ਧੇਲਾ ਦਿੱਤਾ ਸਗੋਂ ਸਾਡਾ ਤਾਂ ਵਾਰਸ ਵੀ ਲੈ ਗਈ।’’ ਮਾਤਾ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੇ ਪਰਨਾਲੇ ਚੱਲ ਪਏ।

ਗੱਡੀ ਦੀ ਮੈਂ ਇੱਕਦਮ ਬਰੇਕ ਮਾਰੀ। ਮੂਹਰੇ ਕੁੱਤਾ ਆ ਗਿਆ ਸੀ। ਹੁਣ ਤਾਂ ਇਨਸਾਨ ਵੀ ਕੁੱਤਿਆਂ ਵਾਂਗੂ ਅਵਾਰਾ ਹੋਏ ਫਿਰਦੇ ਨੇ। ਲਾਲਚ ਦੀ ਹੱਡੀ ਇਨ੍ਹਾਂ ਦੇ ਮੂੰਹ ਲੱਗਣੀ ਚਾਹੀਦੀ ਹੈ। ਚੂੰਡ-ਚੂੰਡ ਮਾਸ ਖਾ ਜਾਂਦੇ ਹਨ। ਸਰਹੱਦਾਂ ’ਤੇ ਸ਼ਹੀਦ ਹੋਏ ਫ਼ੌਜੀ ਜਵਾਨਾਂ ਦੇ ਮਾਪੇ ਦਰ-ਦਰ ਦੀਆਂ ਠੋ੍ਹਕਰਾਂ ਖਾਣ ਨੂੰ ਮਜ਼ਬੂਰ ਹਨ।

ਕੋਈ ਕਾਨੂੰਨ ਉਨ੍ਹਾਂ ਦੀ ਬਾਂਹ ਨਹੀਂ ਫੜਦਾ। ਕਿੰਨੇ ਹੀ ਅਜਿਹੇ ਕੇਸ ਨੇ ਪਤਨੀਆਂ ਜਾਇਦਾਦ ਵੰਡਾ ਤੁਰ ਜਾਂਦੀਆਂ ਨੇ, ਆਪ ਵਿਆਹ ਕਰਵਾ ਲੈਂਦੀਆਂ ਹਨ। ਅਗਲੇ ਦਾ ਪੁੱਤ ਵੀ ਚਲਿਆ ਜਾਂਦਾ, ਨਾਲ਼ੇ ਪੁੱਤ ਦਾ ਹਿੱਸਾ। ਲੋਕਾਂ ਦੀ ਰਫ਼ਤਾਰ ਕਿੰਨੀ ਤੇਜ਼ ਹੋ ਗਈ! ਸਮਾਜਵਾਦ ਨੂੰ ਲਿਤਾੜ ਲੋਕ ਕਿੰਨਾ ਅੱਗੇ ਲੰਘ ਗਏ। ਮਾਤਾ ਦੀਆਂ ਗੱਲਾਂ ਸੁਣ ਮੇਰੇ ਮਨ ਵਿੱਚ ਅਜਿਹੇ ਕਿੰਨੇ ਹੀ ਸਵਾਲਾਂ ਨੇ ਝੁਰਮੁਟ ਪਾ ਲਿਆ। ਅਸੀਂ ਉਨ੍ਹਾਂ ਨੂੰ ਸੁਨਾਮ ਤੋਂ ਲਹਿਰੇ ਵਾਲੀ ਬੱਸ ਚੜ੍ਹਾ ਦਿੱਤਾ। ਗੱਡੀ ਦੀ ਰਫਤਾਰ ਹੁਣ ਪਹਿਲਾਂ ਨਾਲੋਂ ਬਹੁਤ ਤੇਜ਼ ਸੀ।¿;
ਭੁਪਿੰਦਰ ਫ਼ੌਜੀ,
ਭੀਖੀ, ਮਾਨਸਾ¿;
ਮੋ. 98143-98762

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ